Shabad Vichaar 46-ਮਾਈ ਮੈ ਮਨ ਕੋ ਮਾਨੁ ਨ ਤਿਆਗਿਓ ॥

TeamGlobalPunjab
4 Min Read

ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 46ਵੇਂ ਸ਼ਬਦ ਦੀ ਵਿਚਾਰ – Shabad Vichaar -46

ਮਾਈ ਮੈ ਮਨ ਕੋ ਮਾਨੁ ਨ ਤਿਆਗਿਓ ॥ ਸ਼ਬਦ ਵਿਚਾਰ

ਡਾ. ਗੁਰਦੇਵ ਸਿੰਘ*

ਮਨੁੱਖ ਸਾਰੀ ਉਮਰ ਮਾਇਆ ਦੇ ਨਸ਼ੇ ਵਿੱਚ ਚੂਰ ਕੀਮਤੀ ਮਨੁੱਖਾ ਜੀਵਨ ਵਿਆਰਥ ਹੀ ਗੁਵਾ ਲੈਂਦਾ ਹੈ। ਜੀਵਨ ਦੇ ਅਖੀਰ ਸਮੇਂ ਜਦੋਂ ਮੌਤ ਸਾਹਮਣੇ ਦਿਸਦੀ ਹੈ ਤਾਂ ਉਦੋਂ ਫਿਰ ਮਨੁੱਖ ਇਹ ਸਮਝ ਆਉਂਦੀ ਹੈ ਕਿ ਜੋ ਹੁਣ ਤਕ ਮੈਂ ਕਰਦਾ ਰਿਹਾ ਉਹ ਵਿਅਰਥ ਹੀ ਸੀ ਅਸਲ ਵਿੱਚ ਮੇਰੇ ਜ਼ਿੰਦਗੀ ਦਾ ਮਕਸਦ ਤਾਂ ਇਹ ਸੀ। ਇਸ ਮਨੁੱਖਾ ਜਨਮ ਦਾ ਅਸਲ ਮਨੋਰਥ ਕੀ ਹੈ ਤੇ ਕਿਵੇਂ ਪਤਾ ਚਲੇਗਾ ਤਾਂ ਇਸ ਸੰਦਰਭ ਵਿੱਚ ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 46ਵੇਂ ਸ਼ਬਦ ‘ ਮਾਈ ਮੈ ਮਨ ਕੋ ਮਾਨੁ ਨ ਤਿਆਗਿਓ ॥ ਮਾਇਆ ਕੇ ਮਦਿ ਜਨਮੁ ਸਿਰਾਇਓ ਰਾਮ ਭਜਨਿ ਨਹੀ ਲਾਗਿਓ ॥੧॥ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1008 ‘ਤੇ ਰਾਗ ਮਾਰੂ ਅਧੀਨ ਅੰਕਿਤ ਹੈ। ਰਾਗ ਮਾਰੂ ਅਧੀਨ ਸਾਹਿਬ ਨੌਵੇਂ ਪਾਤਸ਼ਾਹ ਦਾ ਇਹ ਤੀਜਾ ਸ਼ਬਦ ਹੈ। ਇਸ ਸ਼ਬਦ ਵਿੱਚ ਗੁਰੂ ਜੀ ਮਾਇਆ ਰੂਪੀ ਨਸ਼ੇ ਵਿੱਚ ਗ੍ਰਸਤ ਮਨ ਨੂੰ ਉਪਦੇਸ਼ ਦੇ ਰਹੇ ਹਨ:  

ਮਾਰੂ ਮਹਲਾ ੯ ॥ ਮਾਈ ਮੈ ਮਨ ਕੋ ਮਾਨੁ ਨ ਤਿਆਗਿਓ ॥ ਮਾਇਆ ਕੇ ਮਦਿ ਜਨਮੁ ਸਿਰਾਇਓ ਰਾਮ ਭਜਨਿ ਨਹੀ ਲਾਗਿਓ ॥੧॥ ਰਹਾਉ ॥

ਹੇ ਮਾਂ! (ਜਦੋਂ ਤੋਂ ਮੈਂ ਗੁਰੂ-ਚਰਨਾਂ ਵਿਚ ਪਿਆਰ ਪਾਇਆ ਹੈ, ਤਦੋਂ ਤੋਂ ਮੈਨੂੰ ਪਛੁਤਾਵਾ ਲੱਗਾ ਹੈ ਕਿ) ਮੈਂ ਆਪਣੇ ਮਨ ਦਾ ਅਹੰਕਾਰ ਨਾਹ ਛੱਡਿਆ। ਮਾਇਆ ਦੇ ਨਸ਼ੇ ਵਿਚ ਮੈਂ ਆਪਣੀ ਉਮਰ ਗੁਜ਼ਾਰ ਦਿੱਤੀ, ਤੇ, ਪਰਮਾਤਮਾ ਦੇ ਭਜਨ ਵਿਚ ਮੈਂ ਨਾਹ ਲੱਗਾ।1। ਰਹਾਉ।

ਜਮ ਕੋ ਡੰਡੁ ਪਰਿਓ ਸਿਰ ਊਪਰਿ ਤਬ ਸੋਵਤ ਤੈ ਜਾਗਿਓ ॥ ਕਹਾ ਹੋਤ ਅਬ ਕੈ ਪਛੁਤਾਏ ਛੂਟਤ ਨਾਹਿਨ ਭਾਗਿਓ ॥੧॥

(ਹੇ ਭਾਈ! ਮਨੁੱਖ ਮਾਇਆ ਦੀ ਨੀਂਦ ਵਿਚ ਗ਼ਾਫ਼ਿਲ ਪਿਆ ਰਹਿੰਦਾ ਹੈ) ਜਦੋਂ ਜਮਦੂਤ ਦਾ ਡੰਡਾ (ਇਸ ਦੇ) ਸਿਰ ਉੱਤੇ ਵੱਸਦਾ ਹੈ, ਤਦੋਂ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਸੁੱਤਾ ਹੋਇਆ ਜਾਗਦਾ ਹੈ। ਪਰ ਉਸ ਵੇਲੇ ਦੇ ਪਛੁਤਾਵੇ ਨਾਲ ਕੁਝ ਸੰਵਰਦਾ ਨਹੀਂ, (ਕਿਉਂਕਿ ਉਸ ਵੇਲੇ ਜਮਾਂ ਪਾਸੋਂ) ਭੱਜਿਆਂ ਖ਼ਲਾਸੀ ਨਹੀਂ ਹੋ ਸਕਦੀ।1।

ਇਹ ਚਿੰਤਾ ਉਪਜੀ ਘਟ ਮਹਿ ਜਬ ਗੁਰ ਚਰਨਨ ਅਨੁਰਾਗਿਓ ॥ ਸੁਫਲੁ ਜਨਮੁ ਨਾਨਕ ਤਬ ਹੂਆ ਜਉ ਪ੍ਰਭ ਜਸ ਮਹਿ ਪਾਗਿਓ ॥੨॥੩॥

ਹੇ ਭਾਈ! ਜਦੋਂ ਮਨੁੱਖ ਗੁਰੂ ਦੇ ਚਰਨਾਂ ਵਿਚ ਪਿਆਰ ਪਾਂਦਾ ਹੈ, ਤਦੋਂ ਉਸ ਦੇ ਹਿਰਦੇ ਵਿਚ ਇਹ ਫੁਰਨਾ ਉੱਠਦਾ ਹੈ (ਕਿ ਪ੍ਰਭੂ ਦੇ ਭਜਨ ਤੋਂ ਬਿਨਾ ਉਮਰ ਵਿਅਰਥ ਹੀ ਬੀਤਦੀ ਰਹੀ) । ਹੇ ਨਾਨਕ! ਮਨੁੱਖ ਦੀ ਜ਼ਿੰਦਗੀ ਕਾਮਯਾਬ ਤਦੋਂ ਹੀ ਹੁੰਦੀ ਹੈ ਜਦੋਂ (ਇਹ ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਜੁੜਦਾ ਹੈ।2।3।

ਉਕਤ ਸ਼ਬਦ ਵਿੱਚ ਗੁਰੂ ਜੀ ਬਖਸ਼ਿਸ਼ ਕਰ ਰਹੇ ਹਨ ਕਿ ਹੇ ਭਾਈ ਉਸ ਮਨੁੱਖ ਦਾ ਹੀ ਆਉਂਣਾ ਸਫਲਾ ਹੈ ਜੋ ਉਸ ਅਕਾਲ ਪੁਰਖ ਦੀ ਸਿਫਤ ਸਾਲਾਹ ਵਿੱਚ ਜੁੜਦਾ ਹੈ। ਉਸ ਦੇ ਸਿਮਰਨ ਤੋਂ ਬਿਨਾਂ ਸਾਰਾ ਜੀਵਨ ਵਿਆਰਥ ਹੈ। ਇਹ ਹੀ ਮਨੁੱਖਾ ਜਨਮ ਦਾ ਅਸਲ ਮਨੋਰਥ ਹੈ। ਇਸ ਲਈ ਮਾਇਆ ਰੂਪੀ ਮੋਹ ਦੀ ਨੀਦ ਨੂੰ ਤਿਆਗ ਕੇ ਉਸ ਦੀ ਸਿਫਤ ਸਾਲਾਹ ਵਿੱਚ ਲੱਗ, ਨਹੀਂ ਤਾਂ ਜੇ ਦੇਰ ਹੋ ਗਈ ਫਿਰ ਕੋਈ ਰਾਹ ਹੀ ਨਹੀਂ ਮਿਲਣਾ। ਉਲਟਾ ਵਿੱਚ ਪਛਤਾਵਾ ਹੀ ਪਛਤਾਵਾ ਰਹਿ ਜਾਵੇਗਾ। ਗੁਰੂ ਚਰਨਾਂ ਵਿੱਚ ਪਿਆਰ ਪਾਉਣ ਨਾਲ ਹੀ ਮਾਇਆ ਰੂਪੀ ਨਸ਼ਾ ਛਡਿਆ ਜਾਣਾ ਹੈ।

ਕੱਲ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 47ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ

*[email protected]

Share This Article
Leave a Comment