ਸ਼ਬਦ ਵਿਚਾਰ -144
ਰੰਗੁ ਮਾਣਿ ਲੈ ਪਿਆਰਿਆ …
*ਡਾ. ਗੁਰਦੇਵ ਸਿੰਘ
ਬੰਦੇ ਦੀ ਜਵਾਨੀ ਦਾ ਸਮਾਂ ਹੀ ਅਜਿਹਾ ਸਮਾਂ ਹੁੰਦਾ ਹੈ ਜਿਸ ਵਿੱਚ ਜੋ ਵੀ ਕੰਮ ਕੀਤਾ ਜਾਵੇ ਉਹ ਜ਼ਰੂਰ ਸਫਲ ਹੁੰਦਾ ਹੈ। ਜਵਾਨੀ ਸਮੇਂ ਮਨੁੱਖਾ ਸਰੀਰ ਤੰਦਰੁਸਤ ਹੁੰਦਾ ਹੈ ਇਸ ਲਈ ਇਹ ਹਰ ਕੰਮ ਦੇ ਕਾਬਲ ਹੁੰਦਾ ਹੈ। ਇਸੇ ਲਈ ਹਰ ਕੋਈ ਇਹ ਹੀ ਨਸਹੀਤ ਦਿੰਦਾ ਹੈ ਕਿ ਆਪਣੀ ਜਵਾਨੀ ਨੂੰ ਸੰਭਾਲ ਲਵੋ। ਜੋ ਕੋਈ ਵੀ ਆਪਣੀ ਜਵਾਨੀ ਨੂੰ ਸੰਭਾਲ ਲੈਂਦਾ ਹੈ ਉਹ ਆਪਣੇ ਜੀਵਨ ਵਿੱਚ ਜ਼ਰੂਰ ਸਫ਼ਲ ਹੁੰਦਾ ਹੈ। ਗੁਰਬਾਣੀ ਵੀ ਸਾਨੂੰ ਜਵਾਨੀ ਸੰਭਾਲਣ ਤੇ ਰੰਗ ਮਾਨਣ ਦਾ ਉਪਦੇਸ਼ ਕਰਦੀ ਹੈ।
ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਬਾਣੀ ਦਾ ਸ਼ਬਦ “ਰੰਗੁ ਮਾਣਿ ਲੈ ਪਿਆਰਿਆ” ਦੀ ਵਿਚਾਰ ਕਰਾਂਗੇ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 23’ਤੇ ਅੰਕਿਤ ਹੈ। ਸਿਰੀ ਰਾਗ ਦਾ ਇਹ 24ਵਾਂ ਸ਼ਬਦ ਹੈ। ਇਸ ਸ਼ਬਦ ਵਿੱਚ ਗੁਰੂ ਸਾਹਿਬ ਸਾਨੂੰ ਜਵਾਨੀ ਦਾ ਰੰਗ ਮਾਨਣ ਦਾ ਉਪਦੇਸ਼ ਇਸ ਤਰ੍ਹਾਂ ਕਰ ਰਹੇ ਹਨ :
ਸਿਰੀਰਾਗੁ ਮਹਲਾ ੧ ਘਰੁ ੨ ॥
ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ ॥ ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ ॥੧॥
ਪਦ ਅਰਥ: ਅਰੁ = ਅਤੇ {ਨੋਟ: ਲਫ਼ਜ਼ ‘ਅਰੁ’ ਸਦਾ ੁ ਅੰਤ ਹੈ, ਇਸ ਦਾ ਅਰਥ ਹੈ ‘ਅਤੇ’। ਲਫ਼ਜ਼ ‘ਅਰਿ’ ਿ-ਅੰਤ ਹੈ, ਉਸ ਦਾ ਅਰਥ ਹੈ ‘ਵੈਰੀ’}। ਫੁਲੜਾ = ਸੋਹਣਾ ਜਿਹਾ ਫੁੱਲ। ਨਾਠੀਅੜੇ = ਪਰਾਹੁਣੇ। ਪਬਣਿ = ਪਾਣੀ ਦੇ ਕੰਢੇ ਉੱਗੀ ਹੋਈ ਚੌਪੱਤੀ। ਕੇਰੇ = ਦੇ। ਪਤ = ਪੱਤਰ (ਬਹੁ-ਵਚਨ) । ਢਲਿ ਢੁਲਿ = ਕੁਮਲਾ ਕੇ, ਸੁੱਕ ਕੇ। ਜੁੰਮਣਹਾਰ = {ਸਿੰਧੀ} ਤੁਰ ਜਾਣ ਵਾਲੇ, ਨਾਸਵੰਤ।1।
ਅਰਥ: ਧਨ, ਜੁਆਨੀ ਅਤੇ ਨਿੱਕਾ ਜਿਹਾ ਫੁੱਲ = ਇਹ ਚਾਰ ਦਿਨਾਂ ਦੇ ਹੀ ਪਰਾਹੁਣੇ ਹੁੰਦੇ ਹਨ। ਜਿਵੇਂ ਚੌਪੱਤੀ ਦੇ ਪੱਤਰ (ਪਾਣੀ ਦੇ) ਢਲ ਜਾਣ ਨਾਲ ਸੁੱਕ ਕੇ ਨਾਸ ਹੋ ਜਾਂਦੇ ਹਨ, ਤਿਵੇਂ ਇਹ ਭੀ ਨਾਸ ਹੋ ਜਾਂਦੇ ਹਨ।1।
ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ ॥ ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ ॥੧॥ ਰਹਾਉ ॥
ਰੰਗ = ਆਤਮਕ ਆਨੰਦ। ਜਾ = ਜਦ ਤਕ। ਨਉਹੁਲਾ = ਨਵਾਂ, ਨਵੇਂ ਹੁਲਾਰੇ ਵਾਲਾ। ਥਕੇ = ਥੱਕੇ, ਰਹਿ ਗਏ। ਚੋਲਾ = ਸਰੀਰ।1। ਰਹਾਉ।
ਹੇ ਪਿਆਰੇ! ਜਦ ਤਕ ਨਵੀਂ ਜੁਆਨੀ ਹੈ ਤਦ ਤਕ ਆਤਮਕ ਅਨੰਦ ਲੈ ਲੈ; ਜਦੋਂ ਉਮਰ ਦੇ ਦਿਨ ਥੋੜੇ ਰਹਿ ਗਏ, ਸਰੀਰਕ ਚੋਲਾ ਪੁਰਾਣਾ ਹੋ ਜਾਇਗਾ (ਫਿਰ ਸਿਮਰਨ ਨਹੀਂ ਹੋ ਸਕੇਗਾ) ।1। ਰਹਾਉ।
ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥ ਹੰ ਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ ॥੨॥
ਰੰਗੁਲੇ = ਪਿਆਰੇ। ਜੀਰਾਣਿ = ਜੀਰਾਣ ਵਿਚ, ਕਬਰਿਸਤਾਨ ਵਿਚ। ਹੰਭੀ = ਹਉ ਭੀ, ਮੈਂ ਭੀ। ਵੰਝਾ = ਵੰਞਾ, ਜਾਵਾਂਗੀ। ਡੁਮਣੀ = ਦੁ-ਮਨੀ, ਦੁਚਿੱਤੀ ਹੋ ਕੇ। ਰੋਵਾ = ਰੋਵਾਂ, (ਹੁਣ) ਰੋਂਦੀ ਹਾਂ। ਝੀਣੀ = ਮੱਧਮ, ਧੀਮੀ। ਬਾਣਿ = ਆਵਾਜ਼, ਬਾਣੀ।2।
ਮੇਰੇ ਪਿਆਰੇ ਸੱਜਣ ਕਬਰਿਸਤਾਨ ਵਿਚ ਜਾ ਸੁੱਤੇ ਹਨ, (ਮੈਂ ਉਹਨਾਂ ਦੇ ਵਿਛੋੜੇ ਵਿਚ) ਧੀਮੀ ਆਵਾਜ਼ ਨਾਲ ਰੋ ਰਹੀ ਹਾਂ (ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ) ਮੈਂ ਭੀ ਦੁਚਿੱਤੀ ਹੋ ਕੇ (ਉਧਰ ਨੂੰ ਹੀ) ਚੱਲ ਪਵਾਂਗੀ।2।
ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ ॥ ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ ॥੩॥
ਗੋਰੀਏ = ਹੇ ਸੁੰਦਰ ਜੀਵ-ਇਸਤ੍ਰੀ! ਆਪਣ ਕੰਨੀ = ਆਪਣੇ ਕੰਨਾਂ ਨਾਲ, ਧਿਆਨ ਦੇ ਕੇ। ਸੋਇ = ਖ਼ਬਰ। ਲਗੀ ਆਵਹਿ = ਜ਼ਰੂਰ ਆਵੇਂਗੀ। ਪੇਈਆ = ਪੇਕਾ-ਘਰ, ਇਹ ਜਗਤ।3।
ਹੇ ਸੁੰਦਰ ਜੀਵ-ਇਸਤ੍ਰੀ! ਤੂੰ ਧਿਆਨ ਨਾਲ ਇਹ ਖ਼ਬਰ ਕਿਉਂ ਨਹੀਂ ਸੁਣਦੀ ਕਿ ਪੇਕਾ-ਘਰ (ਇਸ ਲੋਕ ਦਾ ਵਸੇਬਾ) ਸਦਾ ਨਹੀਂ ਰਹਿ ਸਕਦਾ, ਸਹੁਰੇ ਘਰ (ਪਰਲੋਕ ਵਿਚ) ਜ਼ਰੂਰ ਜਾਣਾ ਪਵੇਗਾ?3।
ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ ॥ ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ ॥੪॥੨੪॥
ਸੁਤੀ = ਗ਼ਾਫ਼ਲ ਬੇ-ਪਰਵਾਹ ਹੋ ਰਹੀ। ਪੇਈਐ = ਪੇਕੇ-ਘਰ ਵਿਚ। ਜਾਣ = ਸਮਝ। ਵਿਰਤੀ = ਵਿ-ਰਾਤ੍ਰੀ, ਰਾਤ ਦੇ ਉਲਟ, ਦਿਨ-ਦਿਹਾੜੇ। ਗੰਠੜੀ = ਨਿੱਕੀ ਜਿਹੀ ਪੋਟਲੀ। ਬੰਨਿ = ਬੰਨ੍ਹ ਕੇ, ਇਕੱਠੇ ਕਰ ਕੇ।4।
ਹੇ ਨਾਨਕ! ਜੇਹੜੀ ਜੀਵ-ਇਸਤ੍ਰੀ ਪੇਕੇ ਘਰ (ਇਸ ਲੋਕ ਵਿਚ ਗ਼ਫ਼ਲਤ ਦੀ ਨੀਂਦ ਵਿਚ) ਸੁੱਤੀ ਰਹੀ, ਇਉਂ ਜਾਣੋ ਕਿ (ਉਸ ਦੇ ਗੁਣਾਂ ਨੂੰ) ਦਿਨ-ਦਿਹਾੜੇ ਹੀ ਸੰਨ੍ਹ ਲੱਗੀ ਰਹੀ। ਉਸ ਨੇ ਗੁਣਾਂ ਦੀ ਗੰਢੜੀ ਗਵਾ ਲਈ, ਉਹ (ਇਥੋਂ) ਔਗੁਣਾਂ ਦੀ ਪੰਡ ਬੰਨ੍ਹ ਕੇ ਲੈ ਤੁਰੀ।4। 24।
ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚਲੇ ਅਗਲੇ ਸ਼ਬਦ ਦੀ ਵਿਚਾਰ ਕਰਾਂਗੇ। ਅੱਜ ਦੀ ਵਿਚਾਰ ਸਬੰਧੀ ਆਪ ਜੀ ਦਾ ਜੇ ਕੋਈ ਸੁਝਾਅ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਜੀ।
*gurdevsinghdr@gmail.com