ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ ਅੱਠਵੇਂ ਸ਼ਬਦ ਦੀ ਵਿਚਾਰ – Shabad Vichaar -8

TeamGlobalPunjab
4 Min Read

-ਡਾ. ਗੁਰਦੇਵ ਸਿੰਘ

ਮਾਂ ਤਾਂ ਹੱਥੋਂ ਗਿਆ। ਅਜੇ ਵੀ ਸੰਭਲ ਜਾਓ

ਹਰ ਰੋਜ ਉਮਰ ਘੱਟਦੀ ਜਾ ਰਹੀ ਹੈ। ਹੇ ਮਨ ਤੂੰ ਕਿਉਂ ਮੂਰਖ ਬਣ ਰਿਹਾ ਹੈ। ਇਹ ਮਨਮੋਹਕ ਦੁਨੀਆਂ ਜਿਸ ਨੂੰ ਤੂੰ ਅਸਲੀ ਸਮਝ ਰਿਹਾ ਹੈ ਤੇ ਅਪਣਾ ਕਹਿ ਰਿਹਾ ਹੈ ਇਸ ਨੂੰ ਸਮਝਣ ਦਾ ਯਤਨ ਕਰ। ਵੱਡੇ ਭਾਗਾਂ ਨਾਲ ਅਮੋਲਕ ਜਨਮ ਮਿਲਿਆ ਹੈ। ਇਹ ਵਾਰ ਵਾਰ ਨਹੀਂ ਮਿਲਣਾ ਇਸ ਲਈ ਇਸ ਨੂੰ ਸਾਂਭ ਲੈ, ਇੱਕ ਵਾਰ ਹੱਥੋਂ ਨਿਕਲਿਆ ਸਮਾਂ ਦੁਬਾਰਾ ਹੱਥ ਨਹੀਂ ਆਉਂਣਾ। ਨੌਵੇਂ ਪਾਤਸ਼ਾਹ ਦੇ ਜਿਸ ਸ਼ਬਦ ਦੀ ਵਿਚਾਰ ਅੱਜ ਅਸੀਂ ਕਰਨੀ ਹੈ ਉਹ ਸ਼ਬਦ ਸਾਨੂੰ ਮਨੁੱਖਾਂ ਜਨਮ ਨੂੰ ਸਾਂਭਣ ਦਾ ਮਾਗਰ ਬਹੁਤ ਹੀ ਅਸਾਨ ਢੰਗ ਨਾਲ ਦਰਸਾ ਰਿਹਾ ਹੈ।

ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਵੀਚਾਰ ਦੀ ਪਾਵਨ ਲੜੀ ਅਧੀਨ ਅੱਜ ਅਸੀਂ ਨੌਵੇਂ ਮਹੱਲੇ ਦੀ ਬਾਣੀ ਦਾ ਅੱਠਵਾਂ ਸ਼ਬਦ ਮਨ ਰੇ ਕਹਾ ਭਇਓ ਤੈ ਬਉਰਾ ॥ ਅਹਿਨਿਸਿ ਅਉਧ ਘਟੈ ਨਹੀ ਜਾਨੈ ਭਇਓ ਲੋਭ ਸੰਗਿ ਹਉਰਾ ॥੧॥ਦੀ ਵੀਚਾਰ ਕਰਾਂਗੇ। ਜੋ ਗਉੜੀ ਰਾਗ ਅਧੀਨ ਉਚਾਰਨ ਕੀਤਾ ਹੋਇਆ ਹੈ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 220 ‘ਤੇ ਅੰਕਿਤ ਹੈ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਰਤਨ ਰੂਪੀ ਮਨੁੱਖਾ ਜਨਮ ਨੂੰ ਸੰਭਾਲਣ ਦਾ ਉਪਦੇਸ ਕਰ ਰਹੇ ਹਨ:

ਗਉੜੀ ਮਹਲਾ ੯ ॥ ਮਨ ਰੇ ਕਹਾ ਭਇਓ ਤੈ ਬਉਰਾ ॥

- Advertisement -

ਅਹਿਨਿਸਿ ਅਉਧ ਘਟੈ ਨਹੀ ਜਾਨੈ ਭਇਓ ਲੋਭ ਸੰਗਿ ਹਉਰਾ ॥੧॥ ਰਹਾਉ ॥

ਹੇ (ਮੇਰੇ) ਮਨ! ਤੂੰ ਕਿੱਥੇ (ਲੋਭ ਆਦਿਕ ਵਿਚ ਫਸ ਕੇ) ਪਾਗਲ ਹੋ ਰਿਹਾ ਹੈਂ? (ਹੇ ਭਾਈ!) ਦਿਨ ਰਾਤ ਉਮਰ ਘਟਦੀ ਰਹਿੰਦੀ ਹੈ, ਪਰ ਮਨੁੱਖ ਇਹ ਗੱਲ ਸਮਝਦਾ ਨਹੀਂ ਤੇ ਲੋਭ ਵਿਚ ਫਸ ਕੇ ਕਮਜ਼ੋਰ ਆਤਮਕ ਜੀਵਨ ਵਾਲਾ ਬਣਦਾ ਜਾਂਦਾ ਹੈ।1। ਰਹਾਉ।

ਜੋ ਤਨੁ ਤੈ ਅਪਨੋ ਕਰਿ ਮਾਨਿਓ ਅਰੁ ਸੁੰਦਰ ਗ੍ਰਿਹ ਨਾਰੀ ॥

ਇਨ ਮੈਂ ਕਛੁ ਤੇਰੋ ਰੇ ਨਾਹਨਿ ਦੇਖੋ ਸੋਚ ਬਿਚਾਰੀ ॥੧॥

ਹੇ (ਮੇਰੇ) ਮਨ! ਜੇਹੜਾ (ਇਹ) ਸਰੀਰ ਤੂੰ ਆਪਣਾ ਕਰ ਕੇ ਸਮਝ ਰਿਹਾ ਹੈਂ ਅਤੇ ਘਰ ਦੀ ਸੁੰਦਰ ਇਸਤ੍ਰੀ ਨੂੰ ਆਪਣੀ ਮੰਨ ਰਿਹਾ ਹੈਂ, ਇਹਨਾਂ ਵਿਚੋਂ ਕੋਈ ਭੀ ਤੇਰਾ (ਸਦਾ ਨਿਭਣ ਵਾਲਾ ਸਾਥੀ) ਨਹੀਂ ਹੈ, ਸੋਚ ਕੇ ਵੇਖ ਲੈ, ਵਿਚਾਰ ਕੇ ਵੇਖ ਲੈ।1।

- Advertisement -

ਰਤਨ ਜਨਮੁ ਅਪਨੋ ਤੈ ਹਾਰਿਓ ਗੋਬਿੰਦ ਗਤਿ ਨਹੀ ਜਾਨੀ ॥

ਨਿਮਖ ਨ ਲੀਨ ਭਇਓ ਚਰਨਨ ਸਿਂਉ ਬਿਰਥਾ ਅਉਧ ਸਿਰਾਨੀ ॥੨॥

ਹੇ (ਮੇਰੇ) ਮਨ! ਜਿਵੇਂ ਜੁਆਰੀਆ ਜੂਏ ਵਿਚ ਬਾਜ਼ੀ ਹਾਰਦਾ ਹੈ, ਤਿਵੇਂ) ਤੂੰ ਆਪਣਾ ਕੀਮਤੀ ਮਨੁੱਖਾ ਜਨਮ ਹਾਰ ਰਿਹਾ ਹੈਂ, ਕਿਉਂਕਿ ਤੂੰ ਪਰਮਾਤਮਾ ਨਾਲ ਮਿਲਾਪ ਦੀ ਅਵਸਥਾ ਦੀ ਕਦਰ ਨਹੀਂ ਪਾਈ। ਤੂੰ ਰਤਾ ਭਰ ਸਮੇ ਲਈ ਭੀ ਗੋਬਿੰਦ-ਪ੍ਰਭੂ ਦੇ ਚਰਨਾਂ ਵਿਚ ਨਹੀਂ ਜੁੜਦਾ, ਤੂੰ ਵਿਅਰਥ ਉਮਰ ਗੁਜ਼ਾਰ ਰਿਹਾ ਹੈਂ।2।

ਕਹੁ ਨਾਨਕ ਸੋਈ ਨਰੁ ਸੁਖੀਆ ਰਾਮ ਨਾਮ ਗੁਨ ਗਾਵੈ ॥

ਅਉਰ ਸਗਲ ਜਗੁ ਮਾਇਆ ਮੋਹਿਆ ਨਿਰਭੈ ਪਦੁ ਨਹੀ ਪਾਵੈ ॥੩॥੮॥ 

ਹੇ ਨਾਨਕ! ਆਖ– ਉਹੀ ਮਨੁੱਖ ਸੁਖੀ ਜੀਵਨ ਵਾਲਾ ਹੈ ਜੋ ਪਰਮਾਤਮਾ ਦਾ ਨਾਮ (ਜਪਦਾ ਹੈ, ਜੋ) ਪਰਮਾਤਮਾ ਦੇ ਗੁਣ ਗਾਂਦਾ ਹੈ। ਬਾਕੀ ਦਾ ਸਾਰਾ ਜਹਾਨ (ਜੇਹੜਾ) ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ (ਉਹ ਸਹਿਮਿਆ ਰਹਿੰਦਾ ਹੈ, ਉਹ) ਉਸ ਆਤਮਕ ਅਵਸਥਾ ਉਤੇ ਨਹੀਂ ਪਹੁੰਚਦਾ, ਜਿਥੇ ਕੋਈ ਡਰ ਪੋਹ ਨਹੀਂ ਸਕਦਾ।3।8।

 ਦੁਨੀਆਂ ਵਿੱਚ ਖਚਤ ਮਨੁੱਖ ਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤਾੜਨਾ ਕਰ ਰਹੇ ਹਨ। ਮਨੁੱਖ ਦੇ ਮੋਹ ਮਾਇਆ ਦੇ ਪਏ ਭਰਮ ਦੇ ਪੜਦਿਆਂ ਗੁਰੂ ਜੀ ਦੂਰ ਕਰ ਰਹੇ ਹਨ ਤੇ ਉਸ ਅਕਾਲ ਪੁਰਖ ਦੇ ਚਰਣੀ ਲੱਗਣ ਦਾ ਉਪਦੇਸ਼ ਦੇ ਰਹੇ ਜੋ ਸਾਰੇ ਦੁੱਖਾਂ ਦਾ ਨਾਸ਼ਕ ਹੈ ਤੇ ਸੁੱਖਾਂ ਦਾ ਦਾਤਾ ਹੈ।

ਕੱਲ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ ਨੌਵੇਂ ਸ਼ਬਦ ਦੀ ਵਿਚਾਰ ਕਰਾਂਗੇ। ਸ਼ਬਦ ਦੀ ਵਿਚਾਰ ਲਈ ਅਧਾਰ ਸਰੋਤ ਪ੍ਰੋਫੈਸਰ ਸਾਹਿਬ ਸਿੰਘ ਦੁਆਰਾ ਗੁਰਬਾਣੀ ਦੇ ਕੀਤਾ ਟੀਕੇ ਨੂੰ ਬਣਾਇਆ ਜਾਂਦਾ ਹੈ। ਆਪ ਜੀ ਗੁਰਬਾਣੀ ਵਿਚਾਰ ਸੰਬੰਧੀ ਜੇ ਕੋਈ ਸੁਝਾਅ ਤਾਂ ਸਾਨੂੰ ਜ਼ਰੂਰ ਖੁਸ਼ੀ ਹੋਵੇਗੀ। ਤੁਹਾਡੇ ਸੁਝਾਅ ਸਾਡਾ ਮਾਰਗ ਦਰਸ਼ਨ ਕਰਨਗੇ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥

Share this Article
Leave a comment