ਮੂੜੇ ਰਾਮੁ ਜਪਹੁ ਗੁਣ ਸਾਰਿ ॥ …-ਡਾ. ਗੁਰਦੇਵ ਸਿੰਘ

TeamGlobalPunjab
6 Min Read

ਸ਼ਬਦ ਵਿਚਾਰ -136

ਮੂੜੇ ਰਾਮੁ ਜਪਹੁ ਗੁਣ ਸਾਰਿ ॥

*ਡਾ. ਗੁਰਦੇਵ ਸਿੰਘ

ਸੰਸਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿੱਚ ਵਸ ਪੈ ਕੇ ਪ੍ਰਮਾਤਮਾ ਤੋਂ ਦੂਰ ਹੋ ਜਾਂਦਾ ਹੈ। ਮਾਇਆ ਦੇ ਭਰਮ ਵਿੱਚ ਫਸ ਮਨੁੱਖ ਪ੍ਰਭੂ ਨੂੰ ਚੇਤੇ ਹੀ ਨਹੀਂ ਕਰਦਾ। ਮਨੁੱਖ ਆਪਣੇ ਨਾਸ਼ਵਾਨ ਸਰੀਰ ਨੂੰ ਸਥਾਈ ਸਮਝੀ ਜਾਂਦਾ ਹੈ ਜਦੋਂ ਕਿ ਇਹ ਪੰਜ ਭੌਤਿਕ ਪਲਾਂ ਵਿੱਚ ਫਨਾਹ ਹੋ ਜਾਣਾ ਹੈ। ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਬਾਣੀ ਦਾ ਸ਼ਬਦ “ਮੂੜੇ ਰਾਮੁ ਜਪਹੁ ਗੁਣ ਸਾਰਿ …” ਦੀ ਵਿਚਾਰ ਕਰਾਂਗੇ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 19 ‘ਤੇ ਅੰਕਿਤ ਹੈ। ਸਿਰੀ ਰਾਗ ਦਾ ਇਹ 14ਵਾਂ ਸ਼ਬਦ ਹੈ । ਇਸ ਸ਼ਬਦ ਵਿੱਚ ਗੁਰੂ ਸਾਹਿਬ ਸਾਨੂੰ ਪ੍ਰਭੂ ਦੇ ਲੜ ਲੱਗਣ ਦਾ ਉਪਦੇਸ਼ ਦੇ ਰਹੇ ਹਨ: 

ਸਿਰੀਰਾਗੁ ਮਹਲਾ ੧ ॥ ਸੁੰਞੀ ਦੇਹ ਡਰਾਵਣੀ ਜਾ ਜੀਉ ਵਿਚਹੁ ਜਾਇ ॥ ਭਾਹਿ ਬਲੰਦੀ ਵਿਝਵੀ ਧੂਉ ਨ ਨਿਕਸਿਓ ਕਾਇ ॥ ਪੰਚੇ ਰੁੰਨੇ ਦੁਖਿ ਭਰੇ ਬਿਨਸੇ ਦੂਜੈ ਭਾਇ ॥੧॥

- Advertisement -

ਸੁੰਞੀ = ਸੱਖਣੀ, ਉੱਜੜੀ ਹੋਈ। ਦੇਹ = ਕਾਂਇਆਂ, ਸਰੀਰ। ਜਾ = ਜਦੋਂ। ਜੀਉ = ਜਿੰਦ। ਭਾਹਿ = ਅੱਗ (ਜੀਵਨ-ਸੱਤਾ) । ਵਿਝਵੀ = ਬੁੱਝ ਗਈ। ਧੂਉ = ਧੂੰਆਂ (ਸੁਆਸ) । ਪੰਚੇ = ਪੰਜੇ ਗਿਆਨ-ਇੰਦ੍ਰੇ। ਦੂਜੈ ਭਾਇ = ਮਾਇਆ ਦੇ ਮੋਹ ਵਿਚ।1।

ਅਰਥ: ਜਦੋਂ ਜਿੰਦ ਸਰੀਰ ਵਿਚੋਂ ਨਿਕਲ ਜਾਂਦੀ ਹੈ ਤਾਂ ਇਹ ਸਰੀਰ ਉੱਜੜ ਜਾਂਦਾ ਹੈ, ਇਸ ਤੋਂ ਡਰ ਲੱਗਣ ਲੱਗ ਪੈਂਦਾ ਹੈ। ਜੇਹੜੀ ਜੀਵਨ-ਅਗਨੀ (ਪਹਿਲਾਂ ਇਸ ਵਿਚ) ਬਲਦੀ ਸੀ ਉਹ ਬੁੱਝ ਜਾਂਦੀ ਹੈ (ਜੀਵਨ-ਸੱਤਿਆ ਮੁੱਕ ਜਾਂਦੀ ਹੈ) , ਕੋਈ ਭੀ ਸਾਹ ਨਹੀਂ ਆਉਂਦਾ ਜਾਂਦਾ (ਅੱਖਾਂ ਕੰਨ ਆਦਿਕ) ਜੇਹੜੇ ਪੰਜ ਗਿਆਨ-ਇੰਦ੍ਰੇ (ਪਰ-ਤਨ ਨਿੰਦਾ ਆਦਿਕ) ਮਾਇਕ ਮੋਹ ਵਿਚ ਹੀ ਨਾਸ ਹੁੰਦੇ ਰਹੇ, ਉਹ ਵੀ ਦੁਖੀ ਹੋ ਹੋ ਕੇ ਰੋਏ (ਭਾਵ, ਨਕਾਰੇ ਹੋ ਜਾਣ ਤੇ ਮਜਬੂਰ ਹੋ ਗਏ) ।1।

ਮੂੜੇ ਰਾਮੁ ਜਪਹੁ ਗੁਣ ਸਾਰਿ ॥ ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰਿ ॥੧॥ ਰਹਾਉ ॥

ਸਾਰਿ = ਸੰਭਾਲ ਕੇ, ਚੇਤੇ ਕਰ ਕਰ ਕੇ। ਸਭ = ਸਾਰੀ ਸ੍ਰਿਸ਼ਟੀ। ਮੁਠੀ = ਮੁੱਠੀ, ਠੱਗੀ ਜਾ ਰਹੀ ਹੈ। ਅਹੰਕਾਰਿ = ਅਹੰਕਾਰ ਵਿਚ।1। ਰਹਾਉ।

ਹੇ ਮੂਰਖ ਜੀਵ! (ਉਸ ਅੰਤਲੀ ਦਸ਼ਾ ਨੂੰ ਸਾਹਮਣੇ ਲਿਆ ਕੇ) ਪਰਮਾਤਮਾ ਦੇ ਗੁਣ ਚੇਤੇ ਕਰ, ਪ੍ਰਭੂ ਦਾ ਨਾਮ ਜਪ। ਸਾਰੀ ਸ੍ਰਿਸ਼ਟੀ (ਗਾਫ਼ਿਲ ਹੋ ਕੇ) ਮੋਹਣੀ ਮਾਇਆ ਦੀ ਮਮਤਾ ਵਿਚ ਹਉਮੈ ਵਿਚ ਤੇ ਅਹੰਕਾਰ ਵਿਚ ਠੱਗੀ ਜਾ ਰਹੀ ਹੈ।1। ਰਹਾਉ।

- Advertisement -

ਜਿਨੀ ਨਾਮੁ ਵਿਸਾਰਿਆ ਦੂਜੀ ਕਾਰੈ ਲਗਿ ॥ ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ ॥ ਗੁਰਿ ਰਾਖੇ ਸੇ ਉਬਰੇ ਹੋਰਿ ਮੁਠੀ ਧੰਧੈ ਠਗਿ ॥੨॥

ਲਗਿ = ਲੱਗ ਕੇ। ਦੁਬਿਧਾ = ਦੁਚਿੱਤਾ-ਪਨ, ਮੇਰ = ਤੇਰ। ਪਚਿ = ਖ਼ੁਆਰ ਹੋ ਕੇ। ਮੁਏ = ਆਤਮਕ ਜੀਵਨ ਗਵਾ ਬੈਠੇ। ਗੁਰਿ = ਗੁਰੂ ਨੇ। ਉਬਰੇ = ਬਚ ਗਏ। ਮੁਠੀ = ਠੱਗ ਲਈ। ਠਗਿ = ਠੱਗ ਨੇ।2।

ਜਿਨ੍ਹਾਂ ਬੰਦਿਆਂ ਨੇ ਹੋਰ ਹੋਰ ਨਿਰੀ ਦੁਨੀਆਵੀ ਕਾਰ ਵਿਚ ਲੱਗ ਕੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ, ਉਹ ਸਦਾ ਮੇਰ-ਤੇਰ ਵਿਚ ਫਸੇ ਰਹੇ, ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਭੜਕਦੀ ਰਹੀ, ਜਿਸ ਵਿਚ ਖਿੱਝ ਸੜ ਕੇ ਉਹ ਆਤਮਕ ਮੌਤ ਮਰ ਗਏ। ਜਿਨ੍ਹਾਂ ਦੀ ਰਾਖੀ ਗੁਰੂ ਨੇ ਕੀਤੀ, ਉਹ ਤ੍ਰਿਸ਼ਨਾ-ਅੱਗ ਤੋਂ ਬੱਚ ਗਏ, ਬਾਕੀ ਸਭਨਾਂ ਨੂੰ ਦੁਨੀਆ ਦੇ ਖੱਲਜਗਣ-ਠੱਗ ਨੇ ਠੱਗ ਲਿਆ।2।

ਮੁਈ ਪਰੀਤਿ ਪਿਆਰੁ ਗਇਆ ਮੁਆ ਵੈਰੁ ਵਿਰੋਧੁ ॥ਧੰਧਾ ਥਕਾ ਹਉ ਮੁਈ ਮਮਤਾ ਮਾਇਆ ਕ੍ਰੋਧੁ ॥ ਕਰਮਿ ਮਿਲੈ ਸਚੁ ਪਾਈਐ ਗੁਰਮੁਖਿ ਸਦਾ ਨਿਰੋਧੁ ॥੩॥

ਮੁਈ = ਮੁੱਕ ਗਈ। ਹਉ = ਹਉਮੈ। ਮਮਤਾ ਮਾਇਆ = ਮਾਇਆ ਦੀ ਮਮਤਾ, ਮਾਇਆ ਜੋੜਨ ਦੀ ਲਾਲਸਾ। ਕਰਮਿ = (ਪ੍ਰਭੂ ਦੀ) ਮਿਹਰ ਨਾਲ। ਗੁਰਮੁਖਿ = ਗੁਰੂ ਦੀ ਰਾਹੀਂ। ਨਿਰੋਧੁ = (ਵਿਕਾਰਾਂ ਵਲੋਂ) ਰੋਕ।3।

ਪਰ ਜੋ ਗੁਰਮੁਖਿ ਗਿਆਨ-ਇੰਦ੍ਰਿਆਂ ਨੂੰ ਸਦਾ ਰੋਕ ਕੇ ਰੱਖਦਾ ਹੈ ਉਸ ਨੂੰ ਪ੍ਰਭੂ ਦੀ ਕ੍ਰਿਪਾ ਨਾਲ ਉਸ ਪ੍ਰਭੂ ਦਾ ਮਿਲਾਪ ਹੋ ਜਾਂਦਾ ਹੈ, ਉਸ ਦੀ ਦੁਨੀਆਵੀ ਪ੍ਰੀਤ ਮੁੱਕ ਜਾਂਦੀ ਹੈ ਉਸ ਦਾ ਮਾਇਕ ਪਦਾਰਥਾਂ ਨਾਲ ਪਿਆਰ ਖ਼ਤਮ ਹੋ ਜਾਂਦਾ ਹੈ, ਉਸ ਦਾ ਕਿਸੇ ਨਾਲ ਵੈਰ-ਵਿਰੋਧ ਨਹੀਂ ਰਹਿ ਜਾਂਦਾ। ਉਸ ਦੀ ਮਾਇਆ ਵਾਲੀ ਦੌੜ-ਭੱਜ ਮੁੱਕ ਜਾਂਦੀ ਹੈ, ਹਉਮੈ ਮਰ ਜਾਂਦੀ ਹੈ, ਮਾਇਆ ਦੀ ਮਮਤਾ ਖ਼ਤਮ ਹੋ ਜਾਂਦੀ ਹੈ, ਤੇ ਕ੍ਰੋਧ ਵੀ ਮਰ ਜਾਂਦਾ ਹੈ।3।

ਸਚੀ ਕਾਰੈ ਸਚੁ ਮਿਲੈ ਗੁਰਮਤਿ ਪਲੈ ਪਾਇ ॥ ਸੋ ਨਰੁ ਜੰਮੈ ਨਾ ਮਰੈ ਨਾ ਆਵੈ ਨਾ ਜਾਇ ॥ ਨਾਨਕ ਦਰਿ ਪਰਧਾਨੁ ਸੋ ਦਰਗਹਿ ਪੈਧਾ ਜਾਇ ॥੪॥੧੪॥

ਕਾਰੈ = ਕਾਰ ਵਿਚ (ਲੱਗ ਕੇ) । ਪਲੈ ਪਾਇ = ਪ੍ਰਾਪਤੀ ਹੋ ਜਾਏ। ਦਰਿ = (ਪ੍ਰਭੂ ਦੇ) ਦਰ ਤੇ। ਪਰਧਾਨੁ = ਮੰਨਿਆ-ਪਰਮੰਨਿਆ, ਸੁਰਖ਼ਰੂ। ਪੈਧਾ = ਸਰੋਪਾ ਲੈ ਕੇ।4।

ਜੇਹੜਾ ਮਨੁੱਖ (ਸਿਮਰਨ ਦੀ) ਸਦਾ-ਟਿਕੀ ਰਹਿਣ ਵਾਲੀ ਕਾਰ ਵਿਚ ਲੱਗਾ ਰਹਿੰਦਾ ਹੈ ਉਸ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, ਉਸ ਨੂੰ ਗੁਰੂ ਦੀ ਸਿੱਖਿਆ ਪ੍ਰਾਪਤ ਹੋ ਜਾਂਦੀ ਹੈ। ਉਹ ਮਨੁੱਖ ਮੁੜ ਮੁੜ ਜੰਮਦਾ ਮਰਦਾ ਨਹੀਂ ਰਹਿੰਦਾ, ਉਹ ਜਨਮ ਮਰਨ ਦੇ ਗੇੜ ਤੋਂ ਬੱਚ ਜਾਂਦਾ ਹੈ। ਹੇ ਨਾਨਕ! ਉਹ ਮਨੁੱਖ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦਾ ਹੈ, ਉਹ ਪ੍ਰਭੂ ਦੀ ਹਜ਼ੂਰੀ ਵਿਚ ਸਰੋਪਾ ਲੈ ਕੇ ਜਾਂਦਾ ਹੈ।4।14।

ਗੁਰੁ ਸਾਹਿਬ ਉਕਤ ਸ਼ਬਦ ਵਿੱਚ ਉਪਦੇਸ਼ ਕਰ ਰਹੇ ਹਨ ਕਿ ਹੇ ਭਾਈ ਮੁਰਖਤਾ ਛੱਡ ਕੇ ਸੱਚ ਨੂੰ ਪਛਾਣ ਤੇ ਉਸ ਅਟਲ ਵਾਹਿਗੁਰੂ ਦੇ ਨਾਮ ਨੂੰ ਸਿਮਰ। ਜੋ ਮਨੁੱਖ ਉਸ ਸਦਾ ਥਿਰ ਰਹਿਣ ਵਾਲੇ ਪ੍ਰਭੂ ਨਾਲ ਪਿਆਰ ਪੈ ਜਾਂਦਾ ਹੈ ਉਸ ਦਾ ਜਨਮ ਮਰਨ ਦਾ ਗੇੜ ਖਤਮ ਹੋ ਜਾਂਦਾ ਹੈ। ਉਹ ਵਾਹਿਗੁਰੂ ਦੇ ਦਰ ‘ਤੇ ਸੁਰਖਰੂ ਹੋ ਜਾਂਦਾ ਹੈ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚਲੇ ਅਗਲੇ ਸ਼ਬਦ ਦੀ ਵਿਚਾਰ ਕਰਾਂਗੇ। ਅੱਜ ਦੀ ਵਿਚਾਰ ਸਬੰਧੀ ਆਪ ਜੀ ਦਾ ਜੇ ਕੋਈ ਸੁਝਾਅ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਜੀ।

*gurdevsinghdr@gmail.com

Share this Article
Leave a comment