Home / ਧਰਮ ਤੇ ਦਰਸ਼ਨ / ਮਨ ਰੇ ਸਚੁ ਮਿਲੈ ਭਉ ਜਾਇ ॥ … -ਡਾ. ਗੁਰਦੇਵ ਸਿੰਘ

ਮਨ ਰੇ ਸਚੁ ਮਿਲੈ ਭਉ ਜਾਇ ॥ … -ਡਾ. ਗੁਰਦੇਵ ਸਿੰਘ

ਸ਼ਬਦ ਵਿਚਾਰ -133

ਮਨ ਰੇ ਸਚੁ ਮਿਲੈ ਭਉ ਜਾਇ ॥ …

*ਡਾ. ਗੁਰਦੇਵ ਸਿੰਘ

ਜਗਤ ਵਿੱਚ ਰਹਿੰਦਿਆ ਮਨੁੱਖ ਨੂੰ ਅਨੇਕ ਹੀ ਸਹਿਮ ਸਤਾਉਂਦੇ ਰਹਿੰਦੇ ਹਨ। ਮਨੁੱਖ  ਵਿਕਾਰਾਂ ਦੀ ਗ੍ਰਿਫਤ ਵਿੱਚ ਫਸ ਕੇ ਆਪਣਾ ਜਨਮ ਅੰਞਾਈਂ ਹੀ ਗੁਆ ਲੈਂਦਾ ਹੈ। ਉਸ ਦੁਨੀਆਂ ਦੇ ਰਚਨਹਾਰ ਨੂੰ ਭੁੱਲੀਂ ਬੈਠਾ ਮਨੁੱਖ ਸਹਿਮ ਭਰਿਆ ਜੀਵਨ ਜੀਉਂਦਾ ਰਹਿੰਦਾ ਹੈ। ਮਨੁੱਖ ਇਸ ਸਹਿਮ ਤੋਂ ਬੱਚ ਸਕਦਾ ਹੈ, ਵਿਕਾਰਾਂ ਦੀ ਗ੍ਰਿਫਤ ਤੋਂ ਵੀ ਨਿਕਲ ਸਕਦਾ ਹੈ ਇਸ ਦੇ ਲਈ ਉਸ ਨੂੰ ਕੇੇਵਲ ਇੱਕ ਅਸਾਨ ਜਿਹਾ ਮਾਰਗ ਅਖਤਿਆਰ ਕਰਨ ਦੀ ਲੋੜ ਹੈ ਜਿਸ ਦਾ ਗਿਆਨ ਗੁਰਬਾਣੀ ਸਾਨੂੰ ਦਿੰਦੀ ਹੈ।

ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਬਾਣੀ ਦਾ ਸ਼ਬਦ “ਮਨ ਰੇ ਸਚੁ ਮਿਲੈ ਭਉ ਜਾਇ ॥ …” ਦੀ ਵਿਚਾਰ ਕਰਾਂਗੇ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 18 ‘ਤੇ ਅੰਕਿਤ ਹੈ। ਸਿਰੀ ਰਾਗ ਦਾ ਇਹ ਗਿਆਰਵਾਂ ਸ਼ਬਦ ਹੈ। ਇਸ ਸ਼ਬਦ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਦੁਨੀਆਂ ਦੇ ਡਰ ਖਤਮ ਕਰਨ ਦਾ ਉਪਦੇਸ਼ ਦੇ ਰਹੇ ਹਨ:

ਸਿਰੀਰਾਗੁ ਮਹਲਾ ੧ ॥

ਭਲੀ ਸਰੀ ਜਿ ਉਬਰੀ ਹਉਮੈ ਮੁਈ ਘਰਾਹੁ ॥ ਦੂਤ ਲਗੇ ਫਿਰਿ ਚਾਕਰੀ ਸਤਿਗੁਰ ਕਾ ਵੇਸਾਹੁ ॥ ਕਲਪ ਤਿਆਗੀ ਬਾਦਿ ਹੈ ਸਚਾ ਵੇਪਰਵਾਹੁ ॥੧॥

ਪਦ ਅਰਥ: ਸਰੀ = ਫਬ ਗਈ। ਉਬਰੀ = ਬਚ ਗਈ। ਘਰਾਹੁ = ਘਰ ਤੋਂ, ਹਿਰਦੇ ਵਿਚੋਂ। ਦੂਤ = ਵਿਕਾਰ। ਵੇਸਾਹੁ = ਭਰੋਸਾ, ਦਿਲਾਸਾ। ਕਲਪ = ਕਲਪਣਾ। ਬਾਦਿ = ਵਿਅਰਥ।1।

ਵਿਆਖਿਆ : ਅਰਥ: (ਮੇਰੇ ਵਾਸਤੇ ਬਹੁਤ) ਚੰਗਾ ਹੋਇਆ ਕਿ ਮੇਰੀ ਜਿੰਦ ਵਿਕਾਰਾਂ ਤੋਂ ਬਚ ਗਈ, ਮੇਰੇ ਹਿਰਦੇ ਵਿਚੋਂ ਹਉਮੈ ਮਰ ਗਈ। ਮੈਨੂੰ ਆਪਣੇ ਗੁਰੂ ਦੀ ਥਾਪਣਾ ਮਿਲੀ, ਤੇ ਵਿਕਾਰ (ਮੈਨੂੰ ਖ਼ੁਆਰ ਕਰਨ ਦੇ ਥਾਂ) ਉਲਟੇ ਮੇਰੇ ਵੱਸ ਵਿਚ ਹੋ ਗਏ। ਸਦਾ-ਥਿਰ ਰਹਿਣ ਵਾਲਾ ਬੇ-ਪਰਵਾਹ ਪ੍ਰਭੂ (ਮੈਨੂੰ ਮਿਲ ਪਿਆ) , ਮੈਂ (ਮਾਇਆ-ਮੋਹ ਦੀ) ਵਿਅਰਥ ਕਲਪਣਾ ਛੱਡ ਦਿੱਤੀ।1।

ਮਨ ਰੇ ਸਚੁ ਮਿਲੈ ਭਉ ਜਾਇ ॥ ਭੈ ਬਿਨੁ ਨਿਰਭਉ ਕਿਉ ਥੀਐ ਗੁਰਮੁਖਿ ਸਬਦਿ ਸਮਾਇ ॥੧॥ ਰਹਾਉ ॥

ਪਦ ਅਰਥ: ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਭੈ ਬਿਨੁ = (ਨਿਰਮਲ) ਡਰ ਤੋਂ ਬਿਨਾ।1। ਰਹਾਉ।

ਵਿਆਖਿਆ : ਹੇ (ਮੇਰੇ) ਮਨ! ਜਦੋਂ ਸਦਾ-ਥਿਰ ਪ੍ਰਭੂ ਮਿਲ ਪਏ, ਤਾਂ ਦੁਨੀਆ ਦਾ ਡਰ-ਸਹਮ ਦੂਰ ਹੋ ਜਾਂਦਾ ਹੈ। ਜਦ ਤਕ ਪਰਮਾਤਮਾ ਦਾ ਡਰ-ਅਦਬ ਮਨ ਵਿਚ ਨਾਹ ਹੋਵੇ, ਮਨੁੱਖ ਦੁਨੀਆ ਦੇ ਡਰਾਂ ਤੋਂ ਬਚ ਹੀ ਨਹੀਂ ਸਕਦਾ (ਤੇ ਪਰਮਾਤਮਾ ਦਾ ਡਰ-ਅਦਬ ਤਦੋਂ ਹੀ ਪੈਦਾ ਹੁੰਦਾ ਹੈ ਜਦੋਂ ਜੀਵ) ਗੁਰੂ ਦੀ ਰਾਹੀਂ ਸ਼ਬਦ ਵਿਚ ਜੁੜਦਾ ਹੈ।1। ਰਹਾਉ।

ਕੇਤਾ ਆਖਣੁ ਆਖੀਐ ਆਖਣਿ ਤੋਟਿ ਨ ਹੋਇ ॥ ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਇ ॥ ਜਿਸ ਕੇ ਜੀਅ ਪਰਾਣ ਹੈ ਮਨਿ ਵਸਿਐ ਸੁਖੁ ਹੋਇ ॥੨॥

ਪਦ ਅਰਥ: ਕੇਤਾ ਆਖਣੁ ਆਖੀਐ = (ਦੁਨੀਆ ਵਾਲੀ) ਮੰਗ ਕਿਤਨੀ ਹੀ ਮੰਗੀਦੀ ਹੈ। ਮਨਿ ਵਸਿਐ = ਜੇ ਮਨ ਵਿਚ ਵੱਸ ਪਏ।2।

ਵਿਆਖਿਆ : ਮਨੁੱਖ ਦੁਨੀਆ ਵਾਲੀ ਮੰਗ ਕਿਤਨੀ ਹੀ ਮੰਗਦਾ ਰਹਿੰਦਾ ਹੈ, ਮੰਗ ਮੰਗਣ ਵਿਚ ਕਮੀ ਹੁੰਦੀ ਹੀ ਨਹੀਂ (ਭਾਵ, ਦੁਨੀਆਵੀ ਮੰਗ ਮੁੱਕਦੀ ਹੀ ਨਹੀਂ) (ਫਿਰ) ਬੇਅੰਤ ਜੀਵ ਹਨ ਮੰਗਾਂ ਮੰਗਣ ਵਾਲੇ, ਤੇ ਦੇਣ ਵਾਲਾ ਸਿਰਫ਼ ਇਕੋ ਪਰਮਾਤਮਾ ਹੈ (ਪਰ ਇਸ ਮੰਗਣ ਵਿਚ ਸੁਖ ਭੀ ਨਹੀਂ ਹੈ) । ਜਿਸ ਪਰਮਾਤਮਾ ਨੇ ਜਿੰਦ ਪ੍ਰਾਣ ਦਿੱਤੇ ਹੋਏ ਹਨ, ਜੇ ਉਹ ਮਨੁੱਖ ਦੇ ਮਨ ਵਿਚ ਵੱਸ ਪਏ, ਤਦੋਂ ਹੀ ਸੁਖ ਹੁੰਦਾ ਹੈ।3।

ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ ॥ ਸੰਜੋਗੀ ਮਿਲਿ ਏਕਸੇ ਵਿਜੋਗੀ ਉਠਿ ਜਾਇ ॥ ਜੋ ਤਿਸੁ ਭਾਣਾ ਸੋ ਥੀਐ ਅਵਰੁ ਨ ਕਰਣਾ ਜਾਇ ॥੩॥

ਪਦ ਅਰਥ: ਬਾਜੀ = ਖੇਡ। ਖੇਲੁ ਖੇਲਾਇ = ਖੇਡ ਖਿਡਾ ਦੇਂਦਾ ਹੈ, ਖੇਡ ਮੁਕਾ ਦੇਂਦਾ ਹੈ। ਏਕਸੇ = ਇਕੱਠੇ ਹੋ ਜਾਂਦੇ ਹਨ। ਜਾਇ = ਚਲਾ ਜਾਂਦਾ ਹੈ।3।

ਵਿਆਖਿਆ : ਜਗਤ (ਮਾਨੋ) ਸੁਪਨਾ ਹੈ, ਜਗਤ ਇਕ ਖੇਡ ਬਣੀ ਹੋਈ ਹੈ, ਜੀਵ ਇਕ ਖਿਨ ਵਿਚ (ਜ਼ਿੰਦਗੀ ਦੀ) ਖੇਡ ਖੇਡ ਕੇ ਚਲਾ ਜਾਂਦਾ ਹੈ। (ਪ੍ਰਭੂ ਦੀ) ਸੰਜੋਗ-ਸੱਤਿਆ ਨਾਲ ਪ੍ਰਾਣੀ ਮਿਲ ਕੇ ਇਕੱਠੇ ਹੁੰਦੇ ਹਨ, ਵਿਜੋਗ-ਸੱਤਿਆ ਅਨੁਸਾਰ ਜੀਵ (ਇਥੋਂ) ਉੱਠ ਕੇ ਤੁਰ ਪੈਂਦਾ ਹੈ। ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ, (ਉਸ ਦੇ ਉਲਟ) ਹੋਰ ਕੁਝ ਨਹੀਂ ਕੀਤਾ ਜਾ ਸਕਦਾ।3।

ਗੁਰਮੁਖਿ ਵਸਤੁ ਵੇਸਾਹੀਐ ਸਚੁ ਵਖਰੁ ਸਚੁ ਰਾਸਿ ॥ ਜਿਨੀ ਸਚੁ ਵਣੰਜਿਆ ਗੁਰ ਪੂਰੇ ਸਾਬਾਸਿ ॥ ਨਾਨਕ ਵਸਤੁ ਪਛਾਣਸੀ ਸਚੁ ਸਉਦਾ ਜਿਸੁ ਪਾਸਿ ॥੪॥੧੧॥

ਪਦ ਅਰਥ: ਵੇਸਾਹੀਐ = ਵਿਹਾਝੀਦੀ ਹੈ। ਵਖਰੁ = ਸੌਦਾ। ਰਾਸਿ = ਪੂੰਜੀ। ਸਾਬਾਸਿ = ਪ੍ਰਸੰਨਤਾ, ਆਦਰ। ਪਛਾਣਸੀ = ਪਛਾਣਦਾ ਹੈ, ਕਦਰ ਪਾਂਦਾ ਹੈ।4।

ਵਿਆਖਿਆ : ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਅਸਲ ਸੌਦਾ ਹੈ ਤੇ ਪੂੰਜੀ ਹੈ (ਜੋ ਵਿਹਾਝਣ ਲਈ ਜੀਵ ਇਥੇ ਆਇਆ ਹੈ) ਇਹ ਸੌਦਾ ਗੁਰੂ ਦੀ ਰਾਹੀਂ ਹੀ ਖ਼ਰੀਦਿਆ ਜਾ ਸਕਦਾ ਹੈ। ਜਿਨ੍ਹਾਂ ਬੰਦਿਆਂ ਨੇ ਇਹ ਸੱਚਾ ਸੌਦਾ ਖ਼ਰੀਦਿਆ ਹੈ ਉਹਨਾਂ ਨੂੰ ਪੂਰੇ ਗੁਰੂ ਦੀ ਥਾਪਣਾ ਮਿਲਦੀ ਹੈ। ਹੇ ਨਾਨਕ! ਜਿਸ ਦੇ ਪਾਸ ਇਹ ਸੱਚਾ ਸੌਦਾ ਹੁੰਦਾ ਹੈ, ਇਸ ਵਸਤ ਦੀ ਕਦਰ ਭੀ ਉਹੀ ਜਾਣਦਾ ਹੈ।4।11।

ਗੁਰੂ ਦੇ ਥਾਪੜੇ ਨਾਲ ਸਾਰੇ ਵਿਕਾਰ ਵੱਸ ਵਿੱਚ ਹੋ ਜਾਂਦੇ ਹਨ। ਹਉਮੈ ਤੋਂ ਖਿਲਾਸੀ ਹੁੰਦੀ ਹੈ। ਮੋਹ ਮਾਇਆ ਦੀ ਕਲਪਣਾ ਹੀ ਮੁੱਕ ਜਾਂਦੀ ਹੈ। ਗੁਰੂ ਦੀ ਕ੍ਰਿਪਾ ਨਾਲ ਦੁਨੀਆਂ ਦੇ ਸਾਰੇ ਡਰ ਖਤਮ ਹੋ ਜਾਂਦੇ ਹਨ। ਜਦੋਂ ਪੂਰਾ ਪ੍ਰਭੁ ਗੁਰੂ ਦੀ ਕ੍ਰਿਪਾ ਨਾਲ ਮਿਲ ਜਾਂਦਾ ਹੈ ਤਾਂ ਸਾਰੀਆਂ ਮੰਗਾਂ ਆਪਣੇ ਆਪ ਸੰਪੂਰਣ ਹੋ ਜਾਂਦੀਆਂ ਹਨ। ਇਹ ਜਗਤ ਦਾ ਤਮਾਸ਼ਾ ਸੁਪਨੇ ਦੀ ਤਰ੍ਹਾਂ ਹੀ ਝੱਟ ਖਤਮ ਹੋ ਜਾਂਦਾ ਹੈ ਇਥੇ ਸਭ ਕੁਝ ਉਸ ਅਕਾਲ ਪੁਰਖ ਦੀ ਰਜਾ ਦੇ ਵਿੱਚ ਹੁੰਦਾ ਹੈ ਉਸ ਦੇ ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਇਸ ਸੰਸਾਰ ਵਿੱਚ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਦਾ ਹੀ ਖਰਾ ਸੌਦਾ ਹੈ ਜਿਸ ਬੰਦੇ ਨੇ ਵੀ ਇਸ ਨੂੰ ਇੱਕ ਵਾਰ ਖਰੀਦ ਲਿਆ ਉਸ ਨੂੰ ਫਿਰ ਪੂਰੇ ਗੁਰੂ ਦੀ ਥਾਪਣਾ ਮਿਲ ਜਾਂਦੀ ਹੈ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚਲੇ ਅਗਲੇ ਸ਼ਬਦ ਦੀ ਵਿਚਾਰ ਕਰਾਂਗੇ। ਅੱਜ ਦੀ ਵਿਚਾਰ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਜੀ।

*gurdevsinghdr@gmail.com

Check Also

ਭਾਈ ਰੇ ਸੰਤ ਜਨਾ ਕੀ ਰੇਣੁ … -ਡਾ. ਗੁਰਦੇਵ ਸਿੰਘ

ਸ਼ਬਦ ਵਿਚਾਰ -134 ਭਾਈ ਰੇ ਸੰਤ ਜਨਾ ਕੀ ਰੇਣੁ  … *ਡਾ. ਗੁਰਦੇਵ ਸਿੰਘ ਚੰਗਿਆਂ ਦੀ …

Leave a Reply

Your email address will not be published. Required fields are marked *