ਸ਼ਬਦ ਵਿਚਾਰ 159 – ਭਾਈ ਰੇ ਇਸੁ ਮਨ ਕਉ ਸਮਝਾਇ …

TeamGlobalPunjab
6 Min Read

*ਡਾ. ਗੁਰਦੇਵ ਸਿੰਘ

ਜਗਤ ਵਿੱਚ ਮਨੁੱਖ ਕਈ ਤਰ੍ਹਾਂ ਦਾ ਵਪਾਰ ਕਰਦੇ ਹਨ ਪਰ ਗੁਰਮੁੱਖ ਇੱਕ ਖਾਸ ਕਿਸਮ ਦਾ ਵਪਾਰ ਕਰਦੇ ਹਨ ਜੋ ਕਦੇ ਖਤਮ ਨਹੀਂ ਹੁੰਦਾ, ਜੋ ਅਟੱਲ ਹੈ। ਇਹ ਕਿਹੋ ਜਿਹਾ ਵਪਾਰ ਤੇ ਕਿਵੇਂ ਕੀਤਾ ਜਾਂਦਾ ਹੈ ਉਸ ਸੰਬੰਧੀ ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ।

ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ ਅਸੀਂ  ਭਾਈ ਰੇ ਇਸੁ ਮਨ ਕਉ ਸਮਝਾਇ ॥  ਦੀ ਵਿਚਾਰ ਕਰਾਂਗੇ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 28’ਤੇ ਅੰਕਿਤ ਹੈ। ਸਿਰੀ ਰਾਗ ਦਾ ਇਹ 39ਵਾਂ ਸ਼ਬਦ ਹੈ। ਇਸ ਸ਼ਬਦ ਵਿੱਚ ਗੁਰੂ ਸਾਹਿਬ ਮਨੁੱਖ ਨੂੰ ਆਲਸ ਛੱਡ ਕੇ ਗੁਰੂ ਦੀ ਸ਼ਰਨ ਵਿੱਚ ਪੈਣ ਦਾ ਉਪਦੇਸ਼ ਦੇ ਰਹੇ ਹਨ:

ਸਿਰੀਰਾਗੁ ਮਹਲਾ ੩ ॥ ਹਰਿ ਭਗਤਾ ਹਰਿ ਧਨੁ ਰਾਸਿ ਹੈ ਗੁਰ ਪੂਛਿ ਕਰਹਿ ਵਾਪਾਰੁ ॥ ਹਰਿ ਨਾਮੁ ਸਲਾਹਨਿ ਸਦਾ ਸਦਾ ਵਖਰੁ ਹਰਿ ਨਾਮੁ ਅਧਾਰੁ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਹਰਿ ਭਗਤਾ ਅਤੁਟੁ ਭੰਡਾਰੁ ॥੧॥

- Advertisement -

ਪਦ ਅਰਥ: ਹਰਿ ਧਨੁ = ਪਰਮਾਤਮਾ (ਦਾ ਨਾਮ-ਰੂਪ) ਧਨ। ਰਾਸਿ = ਸਰਮਾਇਆ, ਪੂੰਜੀ। ਗੁਰ ਪੂਛਿ = ਗੁਰੂ ਦੀ ਸਿੱਖਿਆ ਲੈ ਕੇ। ਸਲਾਹਨਿ = ਸਲਾਹੁੰਦੇ ਹਨ। ਵਖਰੁ = ਸੌਦਾ। ਅਧਾਰੁ = ਆਸਰਾ। ਗੁਰਿ = ਗੁਰੂ ਨੇ। ਅਤੁਟੁ = ਨਾਹ ਮੁੱਕਣ ਵਾਲਾ। ਭੰਡਾਰ = ਖ਼ਜ਼ਾਨਾ।1।

ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਪਾਸ ਪਰਮਾਤਮਾ ਦਾ ਨਾਮ ਹੀ ਧਨ ਹੈ ਨਾਮ ਹੀ ਸਰਮਾਇਆ ਹੈ, ਉਹ ਆਪਣੇ ਗੁਰੂ ਦੀ ਸਿੱਖਿਆ ਲੈ ਕੇ (ਨਾਮ ਦਾ ਹੀ) ਵਣਜ ਕਰਦੇ ਹਨ। ਭਗਤ-ਜਨ ਸਦਾ ਪਰਮਾਤਮਾ ਦਾ ਨਾਮ ਸਲਾਹੁੰਦੇ ਹਨ, ਪਰਮਾਤਮਾ ਦਾ ਨਾਮ-ਵੱਖਰ ਹੀ ਉਹਨਾਂ ਦੇ ਜੀਵਨ ਦਾ ਆਸਰਾ ਹੈ। ਪੂਰੇ ਸਤਿਗੁਰੂ ਨੇ ਪਰਮਾਤਮਾ ਦਾ ਨਾਮ ਉਹਨਾਂ ਦੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ, ਪਰਮਾਤਮਾ ਦਾ ਨਾਮ ਹੀ ਉਹਨਾਂ ਪਾਸ ਅਮੁੱਕ ਖ਼ਜ਼ਾਨਾ ਹੈ।1।

ਭਾਈ ਰੇ ਇਸੁ ਮਨ ਕਉ ਸਮਝਾਇ ॥ ਏ ਮਨ ਆਲਸੁ ਕਿਆ ਕਰਹਿ ਗੁਰਮੁਖਿ ਨਾਮੁ ਧਿਆਇ ॥੧॥ ਰਹਾਉ ॥

ਕਉ = ਨੂੰ। ਏ ਮਨ = ਹੇ ਮਨ! ਗੁਰਮੁਖਿ = ਗੁਰੂ ਦੀ ਸਰਨ ਪੈ ਕੇ।1। ਰਹਾਉ।

ਹੇ ਭਾਈ! (ਆਪਣੇ) ਇਸ ਮਨ ਨੂੰ ਸਮਝਾ (ਤੇ ਆਖ–) ਹੇ ਮਨ! ਕਿਉਂ ਆਲਸ ਕਰਦਾ ਹੈਂ? ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ) ਨਾਮ ਸਿਮਰ।1। ਰਹਾਉ।

- Advertisement -

ਹਰਿ ਭਗਤਿ ਹਰਿ ਕਾ ਪਿਆਰੁ ਹੈ ਜੇ ਗੁਰਮੁਖਿ ਕਰੇ ਬੀਚਾਰੁ ॥ ਪਾਖੰਡਿ ਭਗਤਿ ਨ ਹੋਵਈ ਦੁਬਿਧਾ ਬੋਲੁ ਖੁਆਰੁ ॥ ਸੋ ਜਨੁ ਰਲਾਇਆ ਨਾ ਰਲੈ ਜਿਸੁ ਅੰਤਰਿ ਬਿਬੇਕ ਬੀਚਾਰੁ ॥੨॥

ਪਾਖੰਡਿ = ਪਖੰਡ ਦੀ ਰਾਹੀਂ, ਵਿਖਾਵੇ ਨਾਲ। ਹੋਵਈ = ਹੋਵਏ, ਹੋਵੈ, ਹੁੰਦੀ। ਦੁਬਿਧਾ = ਦੁ-ਕਿਸਮਾ। ਦੁਬਿਧਾ ਬੋਲੁ = ਦੁ-ਕਿਸਮਾ ਬੋਲ, ਪਖੰਡ ਦਾ ਬਚਨ। ਬਿਬੇਕ = ਪਰਖ। ਬਿਬੇਕ ਬੀਚਾਰੁ = ਪਰਖ ਕਰਨ ਦੀ ਸੋਚ।2।

ਜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਗੁਰੂ ਦੀ ਦਿੱਤੀ ਸਿੱਖਿਆ ਦੀ) ਵਿਚਾਰ ਕਰਦਾ ਰਹੇ ਤਾਂ ਉਸ ਦੇ ਅੰਦਰ ਪਰਮਾਤਮਾ ਦੀ ਭਗਤੀ ਵੱਸ ਪੈਂਦੀ ਹੈ, ਪਰਮਾਤਮਾ ਦਾ ਪਿਆਰ ਟਿਕ ਜਾਂਦਾ ਹੈ। ਪਰ ਪਖੰਡ ਕੀਤਿਆਂ ਭਗਤੀ ਨਹੀਂ ਹੋ ਸਕਦੀ, ਪਖੰਡ ਦਾ ਬੋਲ ਖ਼ੁਆਰ ਹੀ ਕਰਦਾ ਹੈ। ਜਿਸ ਮਨੁੱਖ ਦੇ ਅੰਦਰ (ਖੋਟੇ ਖਰੇ ਦੇ) ਪਰਖਣ ਦੀ ਸੂਝ ਪੈਦਾ ਹੋ ਜਾਂਦੀ ਹੈ, ਉਹ ਮਨੁੱਖ (ਪਖੰਡੀਆਂ ਵਿਚ) ਰਲਾਇਆਂ ਰਲ ਨਹੀਂ ਸਕਦਾ।2।

ਸੋ ਸੇਵਕੁ ਹਰਿ ਆਖੀਐ ਜੋ ਹਰਿ ਰਾਖੈ ਉਰਿ ਧਾਰਿ ॥ ਮਨੁ ਤਨੁ ਸਉਪੇ ਆਗੈ ਧਰੇ ਹਉਮੈ ਵਿਚਹੁ ਮਾਰਿ ॥ ਧਨੁ ਗੁਰਮੁਖਿ ਸੋ ਪਰਵਾਣੁ ਹੈ ਜਿ ਕਦੇ ਨ ਆਵੈ ਹਾਰਿ ॥੩॥

ਉਰਿ = ਹਿਰਦੇ ਵਿਚ। ਧਾਰਿ = ਟਿਕਾ ਕੇ। ਸਉਪੇ = ਭੇਟਾ ਕਰੇ। ਵਿਚਹੁ = (ਆਪਣੇ) ਅੰਦਰੋਂ। ਧਨੁ = ਭਾਗਾਂ ਵਾਲਾ। ਜੇ = ਜੇਹੜਾ {ਨੋਟ: ਲਫ਼ਜ਼ ‘ਜਿ’ ਅਤੇ ‘ਜੇ’ ਵਿਚ ਫ਼ਰਕ ਚੇਤੇ ਰੱਖਣ ਜੋਗ ਹੈ}।3।

ਉਹੀ ਮਨੁੱਖ ਪਰਮਾਤਮਾ ਦਾ ਸੇਵਕ ਆਖਿਆ ਜਾ ਸਕਦਾ ਹੈ, ਜੇਹੜਾ ਪਰਮਾਤਮਾ (ਦੀ ਯਾਦ) ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਦਾ ਹੈ, ਜੇਹੜਾ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਆਪਣਾ ਮਨ ਆਪਣਾ ਸਰੀਰ ਪਰਮਾਤਮਾ ਦੇ ਹਵਾਲੇ ਕਰ ਦੇਂਦਾ ਹੈ ਪਰਮਾਤਮਾ ਦੇ ਅੱਗੇ ਰੱਖ ਦੇਂਦਾ ਹੈ। ਜੇਹੜਾ ਮਨੁੱਖ (ਵਿਕਾਰਾਂ ਦੇ ਟਾਕਰੇ ਤੇ ਮਨੁੱਖ ਜਨਮ ਦੀ ਬਾਜ਼ੀ) ਕਦੇ ਹਾਰ ਕੇ ਨਹੀਂ ਆਉਂਦਾ, ਗੁਰੂ ਦੇ ਸਨਮੁਖ ਹੋਇਆ ਉਹ ਮਨੁੱਖ ਭਾਗਾਂ ਵਾਲਾ ਹੈ, ਉਹ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਪੈਂਦਾ ਹੈ।3।

ਕਰਮਿ ਮਿਲੈ ਤਾ ਪਾਈਐ ਵਿਣੁ ਕਰਮੈ ਪਾਇਆ ਨ ਜਾਇ ॥ ਲਖ ਚਉਰਾਸੀਹ ਤਰਸਦੇ ਜਿਸੁ ਮੇਲੇ ਸੋ ਮਿਲੈ ਹਰਿ ਆਇ ॥ ਨਾਨਕ ਗੁਰਮੁਖਿ ਹਰਿ ਪਾਇਆ ਸਦਾ ਹਰਿ ਨਾਮਿ ਸਮਾਇ ॥੪॥੬॥੩੯॥ 

ਕਰਮਿ = (ਪਰਮਾਤਮਾ ਦੀ) ਮਿਹਰ ਨਾਲ। ਵਿਣੁ ਕਰਮੈ = ਮਿਹਰ ਤੋਂ ਬਿਨਾ।4।

ਪਰਮਾਤਮਾ (ਮਨੁੱਖ ਨੂੰ) ਆਪਣੀ ਮਿਹਰ ਨਾਲ ਹੀ ਮਿਲੇ ਤਾਂ ਮਿਲਦਾ ਹੈ, ਮਿਹਰ ਤੋਂ ਬਿਨਾ ਉਹ ਪ੍ਰਾਪਤ ਨਹੀਂ ਹੋ ਸਕਦਾ। ਚੌਰਾਸੀ ਲੱਖ ਜੂਨਾਂ ਦੇ ਜੀਵ (ਪਰਮਾਤਮਾ ਨੂੰ ਮਿਲਣ ਲਈ) ਤਰਸਦੇ ਹਨ, ਪਰ ਉਹੀ ਜੀਵ ਪਰਮਾਤਮਾ ਨੂੰ ਮਿਲ ਸਕਦਾ ਹੈ ਜਿਸ ਨੂੰ ਉਹ ਆਪ (ਆਪਣੇ ਨਾਲ) ਮਿਲਾਂਦਾ ਹੈ। ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹੀ ਪਰਮਾਤਮਾ ਨੂੰ ਲੱਭ ਲੈਂਦਾ ਹੈ, ਉਹ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ।4।6। 39।

ਆਲਸ ਛੱਡ ਗੁਰੂ ਦੀ ਸਰਨ ਪੈ ਕੇ ਨਾਮ ਰੂਪੀ ਅਤੁੱਟ ਵਪਾਰ ਕੀਤਾ ਜਾ ਸਕਦਾ ਹੈ। ਗੁਰੂ ਦੇ ਦਸੇ ਰਸਤੇ ਰਾਹੀਂ ਉਸ ਅਕਾਲ ਪੁਰਖ ਨੂੰ ਮਿਲਿਆ ਜਾ ਸਕਦਾ ਹੈ ,ਜੋ ਮਨੁੱਖ ਗੁਰੂ ਦੀ ਸ਼ਰਨ ਪੈ ਜਾਂਦਾ ਹੈ ਉਹ ਸਦਾ ਲਈ ਪ੍ਰਮਾਤਮਾ ਨੂੰ ਪਾ ਲੈਂਦਾ ਹੈ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਇੱਕ ਨਵੇਂ ਸ਼ਬਦ ਦੀ ਵਿਚਾਰ ਕਰਾਂਗੇ। ਅੱਜ ਦੀ ਵਿਚਾਰ ਸਬੰਧੀ ਆਪ ਜੀ ਦਾ ਜੇ ਕੋਈ ਸੁਝਾਅ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਜੀ।

*gurdevsinghdr@gmail.com

Share this Article
Leave a comment