ਸ਼ਬਦ ਵਿਚਾਰ -114 ਜਪੁਜੀ ਸਾਹਿਬ – ਪਉੜੀ 38 – ਡਾ. ਗੁਰਦੇਵ ਸਿੰਘ

TeamGlobalPunjab
8 Min Read

ਸ਼ਬਦ ਵਿਚਾਰ – 114

 ਜਪੁਜੀ ਸਾਹਿਬਪਉੜੀ 38

ਡਾ. ਗੁਰਦੇਵ ਸਿੰਘ*

ਜਪੁਜੀ ਸਾਹਿਬ ਦੀ 38ਵੀਂ ਪਉੜੀ ਵਿੱਚ ਗੁਰੂ ਸਾਹਿਬ ਸਚੀ ਟਕਸਾਲ ਕੀ ਹੁੰਦੀ ਹੈ ਉਸ ਵਿੱਚ ਮਨੁੱਖ ਜੀਵਨ ਦੀ ਸਹੀ ਘਾੜਤ ਕਿਵੇਂ ਸੰਭਵ ਹੈ ਬਾਰੇ ਉਪਦੇਸ਼ ਦੇ ਰਹੇ ਹਨ। ਸ਼ਬਦ ਵਿਚਾਰ ਦੀ ਚਲ ਰਹੀ ਲੜੀਵਾਰ ਵਿਚਾਰ ਅਧੀਨ ਅੱਜ ਅਸੀਂ ਇਸੇ 38ਵੀਂ ਪਉੜੀ ਦੀ ਵਿਚਾਰ ਕਰਾਂਗੇ। ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਥਮ ਬਾਣੀ ਜਪੁ ਜੀ ਸਾਹਿਬ ਦੀ ਇਹ ਅੰਤਿਮ ਪਉੜੀ ਹੈ ਇਸ ਬਾਅਦ ਸਲੋਕ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਆਉਂਦਾ ਜਿਸ ਦੀ ਵਿਚਾਰ ਅਸੀਂ ਕੱਲ੍ਹ ਕਰਾਂਗੇ।

ਜਤੁ ਪਾਹਾਰਾ ਧੀਰਜੁ ਸੁਨਿਆਰੁ ॥ ਅਹਰਣਿ ਮਤਿ ਵੇਦੁ ਹਥੀਆਰੁ ॥

- Advertisement -

ਪਦ ਅਰਥ: ਜਤੁ = ਆਪਣੇ ਸਰੀਰਕ ਇੰਦ੍ਰੀਆਂ ਨੂੰ ਵਿਕਾਰਾਂ ਵਲੋਂ ਰੋਕ ਰੱਖਣਾ। ਪਾਹਾਰਾ = ਸੁਨਿਆਰੇ ਦੀ ਦੁਕਾਨ। ਸੁਨਿਆਰੁ = ਸੁਨਿਆਰਾ। ਮਤਿ = ਅਕਲ। ਵੇਦ = ਗਿਆਨ। ਹਥੀਆਰੁ = ਹਥੌੜਾ।

ਨੋਟ: ਸ਼ਬਦ ‘ਵੇਦ’ ਹੇਠ-ਲਿਖੀਆਂ ਤੁਕਾਂ ਵਿਚ ਜਪੁਜੀ ਵਿਚ ਵਰਤਿਆ ਗਿਆ ਹੈ:

(1) ਗੁਰਮੁਖਿ ਨਾਦੰ, ਗੁਰਮੁਖਿ ਵੇਦੰ, ਗੁਰਮੁਖਿ ਰਹਿਆ ਸਮਾਈ। (ਪਉੜੀ 5)
(2) ਸੁਣਿਐ ਸਾਸਤ ਸਿੰਮ੍ਰਿਤਿ ਵੇਦ। (ਪਉੜੀ 9)
(3) ਅਸੰਖ ਗਰੰਥ ਮੁਖਿ ਵੇਦ ਪਾਠ। (ਪਉੜੀ 17)
(4) ਓੜਕ ਓੜਕ ਭਾਲਿ ਥਕੇ, ਵੇਦ ਕਹਨਿ ਇਕ ਵਾਤ। (ਪਉੜੀ 22)
(5) ਆਖਹਿ ਵੇਦ ਪਾਠ ਪੁਰਾਣ। (ਪਉੜੀ 26)
(6) ਗਾਵਨਿ ਪੰਡਿਤ ਪੜਨਿ ਰਖੀਸਰ, ਜੁਗੁ ਜੁਗੁ ਵੇਦਾ ਨਾਲੇ। (ਪਉੜੀ 27)

ਪਉੜੀ ਨੰਬਰ 5 ਵਾਲੀ ਤੁਕ ਤੋਂ ਬਿਨਾ ਬਾਕੀ ਸਭ ਪਉੜੀਆਂ ਵਿਚ ਸ਼ਬਦ ‘ਵੇਦ’ ਬਹੁ-ਵਚਨ ਵਿਚ ਹੈ ਅਤੇ ਹਿੰਦੂ ਮੱਤ ਦੇ ਧਰਮ ਪੁਸਤਕਾਂ ‘ਵੇਦਾਂ’ ਵੱਲ ਇਸ਼ਾਰਾ ਹੈ। ਪਰ ਪਉੜੀ ਨੰਬਰ 5 ਵਿਚ ‘ਵੇਦੰ’ ਇਕ-ਵਚਨ ਹੈ ਤੇ ਅਰਥ ਹੈ ‘ਗਿਆਨ’। ਇਸੇ ਤਰਾਂ ‘ਵੇਦ ਹਥੀਆਰ’ ਵਿਚ ‘ਵੇਦ’ ਇਕ-ਵਚਨ ਹੈ ਤੇ ਅਰਥ ਹੈ ‘ਗਿਆਨ’। ਪਰ ਇਹ ਜ਼ਰੂਰੀ ਨਹੀਂ ਹੈ ਕਿ ਜਿੱਥੇ ਜਿੱਥੇ ਲਫ਼ਜ਼ ‘ਵੇਦੁ’ ਇਕ-ਵਚਨ ਵਿਚ ਆਇਆ ਹੇ ਉੱਥੇ ਇਸ ਦਾ ਅਰਥ ‘ਗਿਆਨ’ ਹੀ ਹੈ। ਕਈ ਸ਼ਬਦ ਐਸੇ ਹਨ, ਜਿੱਥੇ ‘ਵੇਦੁ’ ਇਕ-ਵਚਨ ਹੁੰਦਿਆਂ ਭੀ ਹਿੰਦੂ ਮਤ ਦਾ ਧਰਮ ਪੁਸਤਕ ਵੇਦ ਹੈ। ਪਰ ਪ੍ਰਕਰਣ ਨੂੰ ਵਿਚਾਰਨਾ ਭੀ ਜ਼ਰੂਰੀ ਹੈ। ਇਸ ਪਉੜੀ ਵਿਚ ‘ਜਤੁ’, ‘ਧੀਰਜ’, ‘ਮਤਿ’, ‘ਭਉ’, ‘ਤਪਤਾਉ’, ਅਤੇ ‘ਭਾਉ’ ਭਾਵ-ਵਾਚਕ ਸ਼ਬਦ ਆਏ ਹਨ, ਇਸ ਵਾਸਤੇ ਲਫ਼ਜ਼ ‘ਵੇਦੁ’ ਭੀ ਉਹਨਾਂ ਦੇ ਨਾਲ ਢੁਕਵਾਂ (‘ਗਿਆਨ’ ਅਰਥ) ਭਾਵ-ਵਾਚਕ ਹੀ ਹੋ ਸਕਦਾ ਹੈ।

ਅਰਥ: (ਜੇ) ਜਤ-ਰੂਪ ਦੁਕਾਨ (ਹੋਵੇ) , ਧੀਰਜ ਸੁਨਿਆਰਾ ਬਣੇ, ਮਨੁੱਖ ਦੀ ਆਪਣੀ ਮੱਤ ਅਹਿਰਣ ਹੋਵੇ, (ਉਸ ਮਤ-ਅਹਿਰਣ ਉੱਤੇ) ਗਿਆਨ ਹਥੌੜਾ (ਵੱਜੇ) ।

- Advertisement -

ਭਉ ਖਲਾ ਅਗਨਿ ਤਪ ਤਾਉ ॥ ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥ ਘੜੀਐ ਸਬਦੁ ਸਚੀ ਟਕਸਾਲ ॥

ਭਉ- ‘ਭਉ’ ਸ਼ਬਦ ਨੂੰ ਇੱਥੇ ਗਹੁ ਨਾਲ ਵਿਚਾਰਨ ਦੀ ਲੋੜ ਹੈ। ‘ਜਪੁਜੀ’ ਸਾਹਿਬ ਵਿਚ ਇਹ ਸ਼ਬਦ ਦੋ ਵਾਰੀ ਆਇਆ ਹੈ, ਮੂਲ-ਮੰਤਰ ਵਿਚ ‘ਨਿਰਭਉ’ ਅਤੇ ਪਉੜੀ ਨੰਬਰ 38 ਵਿਚ ‘ਭਉ’। ਸੰਸਕ੍ਰਿਤ ਦਾ ਸ਼ਬਦ ‘ਭਯ’ ਹੈ, ਪਰ ਸਤਿਗੁਰ ਜੀ ਇਸ ਨੂੰ ‘ਭਉ’ ਲਿਖਦੇ ਹਨ। ਆਰੀਆ ਸਮਾਜ ਵਰਗੀ ਪੜ੍ਹੀ-ਲਿਖੀ ਸ਼੍ਰੇਣੀ ਦੇ ਮੋਢੀ ਸੁਆਮੀ ਦਇਆਨੰਦ ਇਸ ਭਉ ਸ਼ਬਦ ਨੂੰ ਸਾਹਮਣੇ ਰੱਖ ਕੇ, ਆਪਣੀ ਵਿਦਿਆ ਦੇ ਆਧਾਰ ‘ਤੇ, ਗੁਰੂ ਨਾਨਕ ਸਾਹਿਬ ਨੂੰ ਅਨਪੜ੍ਹ ਲਿਖ ਗਏ ਹਨ। ਸੰਸਕ੍ਰਿਤ ਵਿੱਦਿਆ ਦੀ ਵਾਕਫ਼ੀਅਤ ਦੇ ਆਧਾਰ ‘ਤੇ ਉਹ ਲਿਖਦੇ ਹਨ ਕਿ ਗੁਰੂ ਨਾਨਕ ਸਾਹਿਬ ਸੰਸਕ੍ਰਿਤ ਜਾਣਦੇ ਹੁੰਦੇ, ਤਾਂ ‘ਭਯ’ ਨੂੰ ‘ਭਉ’ ਨਾਹ ਲਿਖਦੇ। ਇਸ ਪੁਸਤਕ ਦਾ ਇਸ ਮਜ਼ਮੂਨ ਨਾਲ ਕੋਈ ਸੰਬੰਧ ਨਹੀਂ ਕਿ ਗੁਰੂ ਨਾਨਕ ਸਾਹਿਬ ਦੀ ਸੰਸਕ੍ਰਿਤ ਵਿੱਦਿਆ ਦਾ ਸਬੂਤ ਦਿੱਤਾ ਜਾਵੇ, ਕਿਉਂਕਿ ਇਸ ਗੱਲ ਦੀ ਤਾਂ ਲੋੜ ਹੀ ਨਹੀਂ ਸੀ ਕਿ ਗੁਰੂ ਸਾਹਿਬ ਆਪਣੇ ਸਮੇਂ ਦੇ ਜੀਵਾਂ ਨੂੰ ਸੰਸਕ੍ਰਿਤ ਬੋਲੀ ਵਿਚ ਉਪਦੇਸ਼ ਦਿੰਦੇ ਜਾਂ ਸੰਸਕ੍ਰਿਤ ਦੇ ਧਾਰਮਕ ਪੁਸਤਕਾਂ ਦਾ ਉਪਦੇਸ਼ ਦ੍ਰਿੜ੍ਹ ਕਰਾਉਂਦੇ। ਅਕਾਲ ਪੁਰਖ ਪਾਸੋਂ ਉਹ ਜੋ ਸੁਨੇਹਾ ਲੈ ਕੇ ਆਏ ਸਨ, ਉਹ ਉਹਨਾਂ ਨੇ ਉਸ ਬੋਲੀ ਵਿਚ ਸੁਣਾਉਣਾ ਸੀ ਤੇ ਸੁਣਾਇਆ, ਜੋ ਇਸ ਵੇਲੇ ਇਸ ਦੇਸ਼ ਦੇ ਲੋਕਾਂ ਵਿਚ ਪਰਚੱਲਤ ਸੀ। ਬੋਲੀ ਸਦਾ ਬਦਲਦੀ ਆਈ ਹੈ। ਵੇਦਾਂ ਦੀ ਸੰਸਕ੍ਰਿਤ ਬਦਲ ਕੇ ਹੋਰ ਹੋ ਗਈ। ਸੰਸਕ੍ਰਿਤ ਬਦਲ ਕੇ ਪ੍ਰਾਕ੍ਰਿਤ ਬਣ ਗਈ। ਪ੍ਰਾਕ੍ਰਿਤ ਤੋਂ ਪੰਜਾਬੀ ਬਣ ਗਈ। ਗੁਰੂ ਨਾਨਕ ਸਾਹਿਬ ਦੇ ਵੇਲੇ ਦੀ ਪੰਜਾਬੀ ਭੀ ਹੁਣ ਨਹੀਂ ਰਹੀ, ਹੋਰ ਹੋ ਗਈ ਹੈ। ਇਸ ਵਾਸਤੇ ਸੁਆਮੀ ਦਇਆਨੰਦ ਗੁਰੂ ਨਾਨਕ ਸਾਹਿਬ ਦੀ ਸ਼ਾਨ ਵਿਚ ਦੁਖਦਾਈ ਲਫ਼ਜ਼ ਲਿਖਣ ਦੀ ਥਾਂ, ਜੇ ਇਹ ਵੇਖਦੇ ਕਿ ਦੇਸ ਦੀ ਬੋਲੀ ਉਸ ਸਮੇਂ ਕਿਹੜੀ ਸੀ ਤਾਂ ਇਹ ਭੁੱਲ ਨਾਹ ਕਰਦੇ। ਸੰਸਕ੍ਰਿਤ, ਪ੍ਰਾਕ੍ਰਿਤ ਤੇ ਪੰਜਾਬੀ ਦੀ ਖੋਜ ਦੇ ਅਧਾਰ ‘ਤੇ ਬੇਅੰਤ ਸ਼ਬਦ ਪੇਸ਼ ਕੀਤੇ ਜਾ ਸਕਦੇ ਹਨ , ਜਿੱਥੇ ਇਹ ਪਰਤੱਖ ਸਾਬਤ ਹੋ ਜਾਂਦਾ ਹੈ ਕਿ ਕਿਵੇਂ ਸੰਸਕ੍ਰਿਤ ਸ਼ਬਦ ਬਦਲ ਬਦਲ ਕੇ ਪੰਜਾਬੀ ਵਿਚ ਨਵਾਂ ਰੂਪ ਧਾਰਦੇ ਗਏ। ਨੋਟ: ਇਸ ਵਿਚਾਰ ਨੂੰ ਵਿਸਥਾਰ ਨੂੰ ਨਾਲ ਸਮਝਣ ਵਾਸਤੇ ਪੜ੍ਹੋ ਮੇਰੀ ਪੁਸਤਕ “ਗੁਰਬਾਣੀ ਤੇ ਇਤਿਹਾਸ ਬਾਰੇ” ਦੇ ਪੰਨਾ 43 ਤੋਂ 61 ਤਕ।

ਪਦ ਅਰਥ: ਭਉ = ਅਕਾਲ ਪੁਰਖ ਦਾ ਡਰ। ਖਲਾ = ਖੱਲਾਂ; ਧੌਂਕਣੀ (ਜਿਸ ਨਾਲ ਸੁਨਿਆਰੇ ਫੂਕ ਮਾਰ ਕੇ ਅੱਗ ਭਖਾਂਦੇ ਹਨ) । ਤਪਤਾਉ = ਤਪਾਂ ਨਾਲ ਤਪਣਾ, ਘਾਲ ਘਾਲਣੀ, ਕਮਾਈ ਕਰਨੀ। ਭਾਂਡਾ = ਕੁਠਾਲੀ। ਭਾਉ = ਪ੍ਰੇਮ। ਅੰਮ੍ਰਿਤੁ = ਅਕਾਲ ਪੁਰਖ ਦਾ ਅਮਰ ਕਰਨ ਵਾਲਾ ਨਾਮ। ਤਿਤੁ = ਉਸ ਭਾਂਡੇ ਵਿਚ। ਘੜੀਐ = ਘੜੀਦਾ ਹੈ, ਘੜਿਆ ਜਾਂਦਾ ਹੈ। ਘੜੀਐ ਸਬਦੁ = ਸ਼ਬਦ ਘੜਿਆ ਜਾਂਦਾ ਹੈ। ਸੱਚੀ ਟਕਸਾਲ = ਇਸ ਉੱਪਰ-ਦੱਸੀ ਹੋਈ ਸੱਚੀ ਟਕਸਾਲ ਵਿਚ।

ਨੋਟ: ਜਤ, ਧੀਰਜ, ਮਤ, ਗਿਆਨ, ਭਉ, ਤਪਤਾਉ ਅਤੇ ਭਾਉ ਦੀ ਮਿਲਵੀਂ ਸੱਚੀ ਟਕਸਾਲ ਵਿਚ ਗੁਰ ਸ਼ਬਦ ਦੀ ਮੋਹਰ ਘੜੀ ਜਾਂਦੀ ਹੈ, (ਭਾਵ ਜਿਸ ਉੱਚੀ ਆਤਮਕ ਅਵਸਥਾ ਵਿਚ ਕੋਈ ਸ਼ਬਦ ਗੁਰੂ ਨੇ ਉਚਾਰਿਆ ਹੈ, ਸਿੱਖ ਨੂੰ ਭੀ ਉਹ ਸ਼ਬਦ ਉਸੇ ਅਵਸਥਾ ਵਿਚ ਲੈ ਅੱਪੜਦਾ ਹੈ, (ਕੂੜ ਦੀ ਪਾਲਿ ਤੋੜ ਦੇਂਦਾ ਹੈ) ਜੇ ਜਤ ਧੀਰਜ ਆਦਿਕ ਵਾਲਾ ਜੀਵਨ ਬਣ ਜਾਏ। ਟਕਸਾਲ = ਉਹ ਥਾਂ ਜਿੱਥੇ ਸਰਕਾਰੀ ਰੁਪਏ ਆਦਿਕ ਸਿੱਕੇ ਘੜੀਦੇ ਹਨ।

ਅਰਥ: (ਜੇ) ਅਕਾਲ ਪੁਰਖ ਦਾ ਡਰ ਧੌਂਕਣੀ (ਹੋਵੇ) , ਘਾਲ-ਕਮਾਈ ਅੱਗ (ਹੋਵੇ) , ਪ੍ਰੇਮ ਕੁਠਾਲੀ ਹੋਵੇ, ਤਾਂ (ਹੇ ਭਾਈ!) ਉਸ (ਕੁਠਾਲੀ) ਵਿਚ ਅਕਾਲ ਪੁਰਖ ਦਾ ਅੰਮ੍ਰਿਤ ਨਾਮ ਗਲਾਵੋ, (ਕਿਉਂਕਿ ਇਹੋ ਜਿਹੀ ਹੀ) ਸੱਚੀ ਟਕਸਾਲ ਵਿਚ (ਗੁਰੂ ਦਾ) ਸ਼ਬਦ ਘੜਿਆ ਜਾਂਦਾ ਹੈ।

ਜਿਨ ਕਉ ਨਦਰਿ ਕਰਮੁ ਤਿਨ ਕਾਰ ॥ ਨਾਨਕ ਨਦਰੀ ਨਦਰਿ ਨਿਹਾਲ ॥੩੮॥ 

ਪਦ ਅਰਥ: ਜਿਨ ਕਉ = ਜਿਨ੍ਹਾਂ ਮਨੁੱਖਾਂ ਉੱਤੇ। ਨਦਰਿ = ਮਿਹਰ ਦੀ ਨਜ਼ਰ। ਕਰਮੁ = ਬਖ਼ਸ਼ਸ਼। ਤਿਨ ਕਾਰ = ਉਹਨਾਂ ਮਨੁੱਖਾਂ ਦੀ ਹੀ ਇਹ ਕਾਰ ਹੈ, (ਭਾਵ, ਉਹ ਮਨੁੱਖ ਇਹ ਉੱਪਰ ਦੱਸੀ ਟਕਸਾਲ ਤਿਆਰ ਕਰਕੇ ਸ਼ਬਦ ਦੀ ਘਾੜਤ ਘੜਦੇ ਹਨ) । ਨਿਹਾਲ = ਪਰਸੰਨ, ਖ਼ੁਸ਼, ਅਨੰਦ। ਨਦਰੀ = ਮਿਹਰ ਦੀ ਨਜ਼ਰ ਵਾਲਾ ਪ੍ਰਭੂ।

ਅਰਥ: ਇਹ ਕਾਰ ਉਹਨਾਂ ਮਨੁੱਖਾਂ ਦੀ ਹੈ, ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਹੁੰਦੀ ਹੈ, ਜਿੰਨ੍ਹਾਂ ਉੱਤੇ ਬਖ਼ਸ਼ਸ਼ ਹੁੰਦੀ ਹੈ। ਹੇ ਨਾਨਕ! ਉਹ ਮਨੁੱਖ ਅਕਾਲ ਪੁਰਖ ਦੀ ਕ੍ਰਿਪਾ-ਦ੍ਰਿਸ਼ਟੀ ਨਾਲ ਨਿਹਾਲ ਹੋ ਜਾਂਦਾ ਹੈ। 38।

ਜਪੁ ਜੀ ਸਾਹਿਬ ਦੀ ਇਸ ਪਉੜੀ ਵਿੱਚ ਗੁਰੂ ਸਾਹਿਬ ਮਨੁੱਖ ਨੂੰ ਸਮਝਾ ਰਹੇ ਹਨ ਕਿ ਉੱਚੀ ਆਤਮਕ ਅਵਸਥਾ ਤਦੋਂ ਹੀ ਬਣ ਸਕਦੀ ਹੈ ਜੇ ਆਚਰਨ ਪਵਿੱਤਰ ਹੋਵੇ, ਦੂਜਿਆਂ ਦੀ ਵਧੀਕੀ ਸਹਾਰਨ ਦਾ ਹੌਂਸਲਾ ਹੋਵੇ , ਉੱਚੀ ਤੇ ਵਿਸ਼ਾਲ ਸਮਝ ਹੋਵੇ, ਪ੍ਰਭੂ ਦਾ ਡਰ ਹਿਰਦੇ ਵਿਚ ਟਿਕਿਆ ਰਹੇ , ਸੇਵਾ ਦੀ ਘਾਲ ਘਾਲੀ ਜਾਏ ਖ਼ਾਲਕ ਤੇ ਖ਼ਲਕ ਦਾ ਪਿਆਰ ਦਿਲ ਵਿਚ ਹੋਵੇ। ਇਹ ਜਤ, ਧੀਰਜ, ਮਤ, ਗਿਆਨ, ਭਉ, ਘਾਲ ਅਤੇ ਪ੍ਰੇਮ ਦੇ ਗੁਣ ਇਕ ਸੱਚੀ ਟਕਸਾਲ ਹੈ ਜਿਸ ਵਿਚ ਗੁਰ ਸ਼ਬਦ ਦੀ ਮੋਹਰ ਘੜੀ ਜਾਂਦੀ ਹੈ (ਭਾਵ, ਜਿਸ ਉੱਚੀ ਆਤਮਕ ਅਵਸਥਾ ਵਿਚ ਕੋਈ ਸ਼ਬਦ ਸਤਿਗੁਰੂ ਨੇ ਉਚਾਰਿਆ ਹੈ, ਉੱਪਰ-ਦੱਸੇ ਜੀਵਨ ਵਾਲੇ ਸਿੱਖ ਨੂੰ ਭੀ ਉਹ ਸ਼ਬਦ ਉਸੇ ਆਤਮਕ ਅਵਸਥਾ ਵਿਚ ਲੈ ਅੱਪੜਦਾ ਹੈ)।  ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਜਪੁਜੀ ਸਾਹਿਬ ਦੀ 38ਵੀਂ ਪਉੜੀ ਦੀ ਵਿਚਾਰ ਕਰਾਂਗੇ। ਇਸ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ।

*gurdevsinghdr@gmail.com

Share this Article
Leave a comment