Shabad Vichaar 72 -ਸਲੋਕ ੪੨ ਤੇ ੪੬ ਦੀ ਵਿਚਾਰ

TeamGlobalPunjab
5 Min Read

ਨੌਵੇਂ ਮਹਲੇ ਦੇ 57 ਸਲੋਕਾਂ ਦੀ ਲੜੀਵਾਰ ਵਿਚਾਰ – Shabad Vichaar -72

ਸਲੋਕ ਤੇ ੪੬ ਦੀ ਵਿਚਾਰ

ਡਾ. ਗੁਰਦੇਵ ਸਿੰਘ*

ਇਨਸਾਨ ਆਪਣੀ ਜਿਸ ਦੇਹ ‘ਤੇ ਮਾਣ ਕਰਦਾ ਹੈ ਉਹ ਪਲ ਭਰ ਵਿੱਚ ਖਤਮ ਹੋ ਜਾਂਦੀ ਹੈ। ਇਸ ਸੰਸਾਰ ਵਿੱਚ ਜੋ ਦਿਸ ਰਿਹਾ ਹੈ ਉਸ ਨੇ ਤਾਂ ਕੀ ਸਾਡਾ ਸਰੀਰ ਤਕ ਵੀ ਸਾਥ ਨਹੀਂ ਜਾਂਦਾ। ਜਿਹੜੇ ਲੋਕ ਪ੍ਰਮਾਤਮਾ ਨੂੰ ਵਿਸਾਰ ਦਿੰਦੇ ਹਨ ਉਨ੍ਹਾਂ ਲੋਕਾਂ ਦੀ ਗੁਰੂ ਸਾਹਿਬ ਵਿਸ਼ੇਸ਼ ਤਰ੍ਹਾਂ ਦੀ ਫਿਟਕਾਰ ਪਾਉਂਦੇ ਹਨ।

ਨੌਵੇਂ ਮਹਲੇ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਵਿਚਾਰ ਦੀ ਲੜੀ ਅਧੀਨ ਅਸੀਂ ਅੱਜ ਨੌਵੇਂ ਮਹਲੇ ਦੇ 57 ਸਲੋਕਾਂ ਵਿਚਲੇ 42 ਤੋਂ 46 ਤਕ ਦੇ ਸਲੋਕਾਂ ਦੀ ਵਿਚਾਰ ਕਰਾਂਗੇ। ਇਨ੍ਹਾਂ ਸਲੋਕਾਂ ਵਿੱਚ ਗੁਰੂ ਜੀ ਮਨੁੱਖ ਨੂੰ ਮਾਣ ਤਿਆਗ ਕੇ ਪ੍ਰਮਾਤਮਾ ਦੀ ਰਜਾ ਵਿੱਚ ਰਾਜੀ ਰਹਿਣ ਦਾ ਉਪਦੇਸ਼ ਦੇ ਰਹੇ ਹਨ:

- Advertisement -

ਗਰਬੁ ਕਰਤੁ ਹੈ ਦੇਹ ਕੋ ਬਿਨਸੈ ਛਿਨ ਮੈ ਮੀਤ ॥

ਜਿਹਿ ਪ੍ਰਾਨੀ ਹਰਿ ਜਸੁ ਕਹਿਓ ਨਾਨਕ ਤਿਹਿ ਜਗੁ ਜੀਤਿ ॥੪੨॥

ਹੇ ਮਿੱਤਰ! (ਜਿਸ) ਸਰੀਰ ਦਾ (ਮਨੁੱਖ ਸਦਾ) ਮਾਣ ਕਰਦਾ ਰਹਿੰਦਾ ਹੈ (ਕਿ ਇਹ ਮੇਰਾ ਆਪਣਾ ਹੈ, ਉਹ ਸਰੀਰ) ਇਕ ਛਿਨ ਵਿਚ ਹੀ ਨਾਸ ਹੋ ਜਾਂਦਾ ਹੈ। (ਹੋਰ ਪਦਾਰਥ ਦਾ ਮੋਹ ਤਾਂ ਕਿਤੇ ਰਿਹਾ, ਆਪਣੇ ਇਸ ਸਰੀਰ ਦਾ ਮੋਹ ਭੀ ਝੂਠਾ ਹੀ ਹੈ) । ਹੇ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ, ਉਸ ਨੇ ਜਗਤ (ਦੇ ਮੋਹ) ਨੂੰ ਜਿੱਤ ਲਿਆ।42।

ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ ॥

ਤਿਹਿ ਨਰ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥੪੩॥

- Advertisement -

ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਸਿਮਰਨ (ਟਿਕਿਆ ਰਹਿੰਦਾ ਹੈ) ਉਸ ਮਨੁੱਖ ਨੂੰ (ਮੋਹ ਦੇ ਜਾਲ ਤੋਂ) ਬਚਿਆ ਹੋਇਆ ਸਮਝ। ਹੇ ਨਾਨਕ! (ਆਖ– ਹੇ ਭਾਈ!) ਇਹ ਗੱਲ ਠੀਕ ਮੰਨ ਕਿ ਉਸ ਮਨੁੱਖ ਅਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ।43।

ਏਕ ਭਗਤਿ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨਿ ॥

ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹਿ ਤਨੁ ॥੪੪॥

ਹੇ ਨਾਨਕ! (ਆਖ– ਹੇ ਭਾਈ!) ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਭਗਤੀ ਨਹੀਂ ਹੈ, ਉਸ ਦਾ ਸਰੀਰ ਉਹੋ ਜਿਹਾ ਹੀ ਸਮਝ ਜਿਹੋ ਜਿਹਾ (ਕਿਸੇ) ਸੂਰ ਦਾ ਸਰੀਰ ਹੈ (ਜਾਂ ਕਿਸੇ) ਕੁੱਤੇ ਦਾ ਸਰੀਰ ਹੈ।44।

ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ ॥

ਨਾਨਕ ਇਹ ਬਿਧਿ ਹਰਿ ਭਜਉ ਇਕ ਮਨਿ ਹੁਇ ਇਕ ਚਿਤਿ ॥੪੫॥

ਹੇ ਨਾਨਕ! (ਆਖ– ਹੇ ਭਾਈ!) ਇਕ-ਮਨ ਹੋ ਕੇ ਇਕ-ਚਿੱਤ ਹੋ ਕੇ ਪਰਮਾਤਮਾ ਦਾ ਭਜਨ ਇਸੇ ਤਰੀਕੇ ਨਾਲ ਕਰਿਆ ਕਰੋ (ਕਿ ਉਸ ਦਾ ਦਰ ਕਦੇ ਛੱਡਿਆ ਹੀ ਨਾਹ ਜਾਏ) ਜਿਵੇਂ ਕੁੱਤਾ (ਆਪਣੇ) ਮਾਲਕ ਦਾ ਘਰ (ਘਰ ਦਾ ਬੂਹਾ) ਸਦਾ (ਮੱਲੀ ਰੱਖਦਾ ਹੈ) ਕਦੇ ਭੀ ਛੱਡਦਾ ਨਹੀਂ ਹੈ।45

ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ ॥

ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ ॥੪੬॥ 

ਹੇ ਨਾਨਕ! (ਆਖ– ਹੇ ਭਾਈ! ਪਰਮਾਤਮਾ ਦਾ ਭਜਨ ਛੱਡ ਕੇ ਮਨੁੱਖ) ਤੀਰਥ-ਇਸ਼ਨਾਨ ਕਰ ਕੇ ਵਰਤ ਰੱਖ ਕੇ, ਦਾਨ-ਪੁੰਨ ਕਰ ਕੇ (ਆਪਣੇ) ਮਨ ਵਿਚ ਅਹੰਕਾਰ ਕਰਦਾ ਹੈ (ਕਿ ਮੈਂ ਧਰਮੀ ਬਣ ਗਿਆ ਹਾਂ, ਪਰ) ਉਸ ਦੇ (ਇਹ ਸਾਰੇ ਕੀਤੇ ਹੋਏ ਕਰਮ ਇਉਂ) ਵਿਅਰਥ (ਚਲੇ ਜਾਂਦੇ ਹਨ) ਜਿਵੇਂ ਹਾਥੀ ਦਾ (ਕੀਤਾ ਹੋਇਆ) ਇਸ਼ਨਾਨ। (ਨੋਟ: ਹਾਥੀ ਨ੍ਹਾ ਕੇ ਸੁਆਹ ਮਿੱਟੀ ਆਪਣੇ ਉੱਤੇ ਪਾ ਲੈਂਦਾ ਹੈ) ।46।

ਉਕਤ ਸਲੋਕਾਂ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਉਪਦੇਸ਼ ਰਹੇ ਹਨ ਕਿ ਇਸ ਸੰਸਾਰ ਵਿੱਚ ਤੇਰਾ ਅਸਲ ਸਾਥੀ ਅਕਾਲ ਪੁਰਖ ਵਾਹਿਗੁਰੂ ਹੈ। ਗੁਰੂ ਜੀ ਆਖਦੇ ਹਨ ਕਿ ਜੋ ਸਰੀਰ ਵਾਹਿਗੁਰੂ ਦਾ ਨਾਮ ਨਹੀਂ ਜਪਦਾ ਉਹ ਕੁੱਤਾ ਤੇ ਸੂਰ ਦੇ ਸਰੀਰ ਦੇ ਸਮਾਨ ਹੈ। ਪਰ ਅਗਲੇ ਹੀ ਸਲੋਕ ਵਿੱਚ ਗੁਰੂ ਜੀ ਆਖਦੇ ਹਨ ਜਿਵੇਂ ਕੁੱਤਾ ਆਪਣੇ ਮਾਲਕ ਦਾ ਘਰ ਸਦਾ ਮੱਲੀ ਰੱਖਦਾ ਹੈ ਉਸ ਤਰ੍ਹਾਂ ਦੀ ਆਦਤ ਬਣਾੳਂਣੀ ਚਾਹੀਦੀ ਤਾਂ ਜੋ ਉਸ ਦਾ ਦਰ ਛੱਡਿਆ ਨਾ ਜਾ ਸਕੇ।  ਗੁਰੂ ਦਾ ਸਿਮਰਨ ਛੱਡ ਕੇ ਕੀਤੇ ਸਾਰੇ ਕਰਮ ਵਿਅਰਥ ਹਨ।  

ਕੱਲ੍ਹ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 57 ਸਲੋਕਾਂ ਵਿਚਲੇ ਅਗਲੇ ਸਲੋਕਾਂ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ।ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ।ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ

Share this Article
Leave a comment