4 ਸਾਲ ਦੀ ਬੱਚੀ ’ਤੇ 7 ਆਵਾਰਾ ਕੁੱਤਿਆਂ ਦਾ ਹਮਲਾ, 43 ਸਕਿੰਟ ਤੱਕ ਨੋਚਦੇ ਰਹੇ

Global Team
3 Min Read

ਪੁਣੇ: ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਪਿੰਪਰੀ-ਚਿੰਚਵਾੜ ਵਿੱਚ ਆਵਾਰਾ ਕੁੱਤਿਆਂ ਦੇ ਹਮਲੇ ਦੀ ਗੰਭੀਰ ਘਟਨਾ ਸਾਹਮਣੇ ਆਈ ਹੈ। ਚਿਖਲੀ ਇਲਾਕੇ ਵਿੱਚ ਐਤਵਾਰ ਦੁਪਹਿਰ 4 ਸਾਲ ਦੀ ਬੱਚੀ ’ਤੇ 7 ਆਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਬੱਚੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਅਤੇ ਉਸਦੇ ਸਿਰ ’ਤੇ 80 ਤੋਂ ਵੱਧ ਟਾਂਕੇ ਲਗਾਉਣੇ ਪਏ।

ਬੱਚੀ ਦੇ ਪਿਤਾ ਗਿਰਧਰ ਮਿਸ਼ਰਾ ਮੁਤਾਬਕ, ਉਹ ਨੇੜੇ ਲੱਗੇ ਇੱਕ ਦਰੱਖਤ ਤੋਂ ਪੱਤੀਆਂ ਲੈਣ ਲਈ ਘਰੋਂ ਬਾਹਰ ਗਈ ਸੀ। ਜਿਵੇਂ ਹੀ ਉਹ ਦਰੱਖਤ ਕੋਲ ਪਹੁੰਚੀ, ਉੱਥੇ ਮੌਜੂਦ ਕੁੱਤਿਆਂ ਦੇ ਝੁੰਡ ਨੇ ਉਸ ’ਤੇ ਹਮਲਾ ਕਰ ਦਿੱਤਾ।

43 ਸਕਿੰਟ ਤੱਕ ਕੁੱਤਿਆਂ ਨੇ ਕੀਤਾ ਹਮਲਾ

ਪਰਿਵਾਰ ਮੁਤਾਬਕ ਕੁੱਤਿਆਂ ਨੇ ਲਗਭਗ 43 ਸਕਿੰਟ ਤੱਕ ਬੱਚੀ ਨੂੰ ਵੱਢਿਆ। ਉਸਦੇ ਹੱਥਾਂ ਅਤੇ ਪੱਟਾਂ ’ਤੇ ਵੀ ਸੱਟਾਂ ਲੱਗੀਆਂ। ਬੱਚੀ ਦੀਆਂ ਚੀਕਾਂ ਸੁਣ ਕੇ ਸਥਾਨਕ ਲੋਕ ਮੌਕੇ ’ਤੇ ਪਹੁੰਚੇ ਅਤੇ ਕੁੱਤਿਆਂ ਨੂੰ ਉੱਥੋਂ ਭਜਾ ਕੇ ਬੱਚੀ ਨੂੰ ਬਚਾਇਆ।

ਇਸ ਘਟਨਾ ਦੀ CCTV ਫੁਟੇਜ ਮੰਗਲਵਾਰ ਨੂੰ ਸਾਹਮਣੇ ਆਈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਕੁੱਤਿਆਂ ਦਾ ਝੁੰਡ ਬੱਚੀ ਨੂੰ ਚਾਰੇ ਪਾਸਿਓਂ ਘੇਰ ਲੈਂਦਾ ਹੈ। ਬੱਚੀ ਉਨ੍ਹਾਂ ਤੋਂ ਬਚ ਕੇ ਭੱਜਣ ਦੀ ਕੋਸ਼ਿਸ਼ ਕਰਦੀ ਹੈ, ਪਰ ਦੋ ਕੁੱਤੇ ਉਸ ’ਤੇ ਹਮਲਾ ਕਰਕੇ ਉਸਨੂੰ ਜ਼ਮੀਨ ’ਤੇ ਸੁੱਟ ਦਿੰਦੇ ਹਨ। ਇਸ ਤੋਂ ਬਾਅਦ ਬਾਕੀ ਕੁੱਤੇ ਵੀ ਉਸ ਵੱਲ ਦੌੜ ਪੈਂਦੇ ਹਨ।

ਪਿਤਾ ਨੇ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ

ਬੱਚੀ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਗੰਭੀਰ ਹੋ ਗਈ ਹੈ। ਉਨ੍ਹਾਂ ਨੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।

ਕਲਿਆਣ ’ਚ 7 ਘੰਟਿਆਂ ’ਚ 130 ਲੋਕਾਂ ਨੂੰ ਵੱਢਿਆ

ਇਸੇ ਦੌਰਾਨ ਮਹਾਰਾਸ਼ਟਰ ਦੇ ਕਲਿਆਣ ਵਿੱਚ ਵੀ ਆਵਾਰਾ ਕੁੱਤੇ ਦੇ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਕੁੱਤੇ ਨੇ ਲਗਭਗ 7 ਘੰਟਿਆਂ ਦੌਰਾਨ 130 ਲੋਕਾਂ ਨੂੰ ਵੱਢ ਲਿਆ। ਘਟਨਾ ਐਤਵਾਰ ਦੁਪਹਿਰ ਕਰੀਬ 2 ਵਜੇ ਸ਼ੁਰੂ ਹੋਈ ਸੀ।

ਕੁੱਤੇ ਨੇ ਸੜਕ ’ਤੇ ਜਾ ਰਹੇ ਲੋਕਾਂ, ਬਾਈਕ ਸਵਾਰਾਂ ਅਤੇ ਆਟੋ ਵਿੱਚ ਬੈਠੇ ਯਾਤਰੀਆਂ ਨੂੰ ਵੀ ਨਿਸ਼ਾਨਾ ਬਣਾਇਆ। ਹਮਲੇ ਵਿੱਚ 25 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਦਕਿ ਗੰਭੀਰ ਜ਼ਖਮੀ 11 ਸਾਲ ਦੀ ਬੱਚੀ ਨੂੰ ਮੁੰਬਈ ਦੇ ਸਾਇਨ ਹਸਪਤਾਲ ਭੇਜਿਆ ਗਿਆ।

ਸਥਾਨਕ ਲੋਕਾਂ ਨੇ ਨਗਰ ਨਿਗਮ ’ਤੇ ਸਮੇਂ ਸਿਰ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ। ਅਧਿਕਾਰੀਆਂ ਨੇ ਹਾਲੇ ਇਹ ਪੁਸ਼ਟੀ ਨਹੀਂ ਕੀਤੀ ਕਿ ਹਮਲਾ ਕਰਨ ਵਾਲਾ ਕੁੱਤਾ ਫੜਿਆ ਗਿਆ ਹੈ ਜਾਂ ਨਹੀਂ।

Share This Article
Leave a Comment