ਚੰਡੀਗੜ੍ਹ: ਪੰਜਾਬ ਪੁਲਿਸ ਵਿਰੁੱਧ ਅੰਤਰਰਾਸ਼ਟਰੀ ਪੱਧਰ ‘ਤੇ ਲਗਾਏ ਗਏ ਹੁਣ ਤੱਕ ਦੇ ਸਭ ਤੋਂ ਗੰਭੀਰ ਦੋਸ਼ਾਂ ਵਿੱਚੋਂ ਇੱਕ ਸਾਹਮਣੇ ਆਇਆ ਹੈ। ਇੱਕ ਪ੍ਰਮੁੱਖ ਅਮਰੀਕੀ ਜਾਂਚ ਏਜੰਸੀ, FBI (ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ), ਨੇ ਗੁਰਿੰਦਰਜੀਤ ਸਿੰਘ ਨਾਗਰਾ – ਇੱਕ ਪੰਜਾਬ ਪੁਲਿਸ ਇੰਸਪੈਕਟਰ ਅਤੇ ਟਾਂਡਾ ਦੇ ਤਤਕਾਲੀ ਐਸਐਚਓ – ਨੂੰ ਇੱਕ ਅੰਤਰਰਾਸ਼ਟਰੀ ਜਬਰਦਸਤੀ ਅਤੇ ਧੋਖਾਧੜੀ ਦੇ ਮਾਮਲੇ ਵਿੱਚ ਇੱਕ ਸੰਘੀ ਦੋਸ਼ ਵਿੱਚ ਨਾਮਜ਼ਦ ਕੀਤਾ ਹੈ। ਉਨ੍ਹਾਂ ‘ਤੇ ਇੱਕ ਅਮਰੀਕੀ ਪਰਿਵਾਰ ਨੂੰ ਝੂਠੇ ਕਤਲ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦੇਣ ਦਾ ਦੋਸ਼ ਹੈ ਤਾਂ ਜੋ ਉਨ੍ਹਾਂ ਤੋਂ $400,000 (ਲਗਭਗ ₹3.3 ਕਰੋੜ) ਦੀ ਫਿਰੌਤੀ ਲਈ ਜਾ ਸਕੇ।
ਗੁਰਿੰਦਰਜੀਤ ਸਿੰਘ ਨਾਗਰਾ ਪੰਜਾਬ ਪੁਲਿਸ ਦਾ ਇੱਕ ਅਧਿਕਾਰੀ ਹੈ ਜੋ ਹੁਸ਼ਿਆਰਪੁਰ ਜ਼ਿਲ੍ਹੇ ਦੇ ਥਾਣਾ ਟਾਂਡਾ ਵਿਖੇ ਬਤੌਰ ਥਾਣਾ ਮੁਖੀ (SHO) ਸੇਵਾਵਾਂ ਨਿਭਾ ਰਿਹਾ ਸੀ।ਐਫ਼.ਬੀ.ਆਈ. (FBI) ਵੱਲੋਂ ਉਸ ਦੇ ਖ਼ਿਲਾਫ਼ ਲਗਪਗ 4 ਲੱਖ ਅਮਰੀਕੀ ਡਾਲਰ, ਜੋ ਕਿ ਭਾਰਤੀ ਕਰੰਸੀ ਅਨੁਸਾਰ ਤਕਰੀਬਨ 3.30 ਕਰੋੜ ਰੁਪਏ ਬਣਦੇ ਹਨ, ਦੀ ਫ਼ਿਰੌਤੀ ਮੰਗਣ ਦੇ ਇਲਜ਼ਾਮ ਹੇਠ ਚਾਰਜਸ਼ੀਟ ਦਾਇਰ ਕੀਤੀ ਹੈ। ਇਸ ਮਾਮਲੇ ਦੇ ਜਨਤਕ ਹੋਣ ਤੋਂ ਤੁਰੰਤ ਬਾਅਦ ਪੁਲਿਸ ਵਿਭਾਗ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਨਾਗਰਾ ਨੂੰ ਉਸ ਦੇ ਅਹੁਦੇ ਤੋਂ ਹਟਾ ਕੇ ਪੁਲਿਸ ਲਾਈਨ ਭੇਜ ਦਿੱਤਾ ਹੈ।
FBI ਵੱਲੋਂ ਲਾਏ ਗਏ ਦੋਸ਼ਾਂ ਅਨੁਸਾਰ, ਇਹ ਪੁਲਿਸ ਅਧਿਕਾਰੀ ਅਮਰੀਕਾ ਵਿੱਚ ਰਹਿ ਰਹੇ ਇੱਕ ਭਾਰਤੀ ਪਰਿਵਾਰ ਨੂੰ ਨਿਸ਼ਾਨਾ ਬਣਾ ਰਿਹਾ ਸੀ। ਉਸ ‘ਤੇ ਇਲਜ਼ਾਮ ਹੈ ਕਿ ਉਹ ਇਸ ਪਰਿਵਾਰ ਨੂੰ ਭਾਰਤ ਵਿੱਚ ਕਤਲ ਦੇ ਇੱਕ ਝੂਠੇ ਮੁਕੱਦਮੇ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਕੇ ਡਰਾ ਰਿਹਾ ਸੀ। ਇਸ ਕਥਿਤ ਝੂਠੇ ਕੇਸ ਨੂੰ ਰਫ਼ਾ-ਦਫ਼ਾ ਕਰਨ ਦੇ ਬਦਲੇ ਵਿੱਚ ਉਹ ਪਰਿਵਾਰ ਤੋਂ ਮੋਟੀ ਰਕਮ ਦੀ ਮੰਗ ਕਰ ਰਿਹਾ ਸੀ। ਅਮਰੀਕੀ ਜਾਂਚ ਏਜੰਸੀ ਨੇ ਇਸ ਪੂਰੇ ਘਟਨਾਕ੍ਰਮ ਦੀ ਜਾਣਕਾਰੀ ਆਪਣੇ ਲਾਸ ਏਂਜਲਸ ਵੈੱਬਪੇਜ ‘ਤੇ ਸਾਂਝੀ ਕੀਤੀ ਹੈ ਅਤੇ ਇਸ ਸਬੰਧੀ ਇੱਕ ਵੀਡੀਓ ਬਿਆਨ ਵੀ ਜਾਰੀ ਕੀਤਾ ਹੈ।
US authorities claim an “Indian police chief demanded $400,000 from a family in Los Angeles and threatened to frame false murder charges against their family if they didn’t pay. America will seek his extradition from India”.
This is likely reference to Gurinderjit Singh Nagra,… pic.twitter.com/ST1JoyJ1yr
— Aditya Raj Kaul (@AdityaRajKaul) July 8, 2026
ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਪ੍ਰਕਿਰਿਆ ਵਿੱਚ ਬਦਲਾਅ ਕੀਤੇ ਹਨ। ਡੀ.ਆਈ.ਜੀ. ਜਲੰਧਰ ਰੇਂਜ ਨਵੀਨ ਸਿੰਗਲਾ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਇਨਕੁਆਰੀ ਨੂੰ ਹੁਸ਼ਿਆਰਪੁਰ ਤੋਂ ਬਾਹਰ ਜਲੰਧਰ ਤਬਦੀਲ ਕਰ ਦਿੱਤਾ ਗਿਆ ਹੈ। ਜਲੰਧਰ ਦੇ ਐੱਸ.ਪੀ. (ਡੀ) ਵਿਨੀਤ ਅਹਿਲਾਵਤ ਨੂੰ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਅਤੇ ਜਲਦ ਤੋਂ ਜਲਦ ਵਿਭਾਗੀ ਰਿਪੋਰਟ ਸੌਂਪਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
FBI ਦੇ ਖੁਲਾਸੇ ਕਾਰਨ ਪੰਜਾਬ ਵਿੱਚ ਸਿਆਸਤ ਭਖੀ
ਇਸ ਖੁਲਾਸੇ ਨੇ ਸੂਬੇ ਦੀ ਸਿਆਸਤ ਵਿੱਚ ਵੀ ਤਰਥੱਲੀ ਮਚ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ ਮਾਮਲੇ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪਹਿਲਾਂ FBI ਸਿਰਫ਼ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਵਰਗੇ ਨਾਮੀ ਗੈਂਗਸਟਰਾਂ ਦੀ ਭਾਲ ਕਰਦੀ ਸੀ, ਪਰ ਹੁਣ ਪੰਜਾਬ ਪੁਲਿਸ ਦਾ ਆਪਣਾ ਅਧਿਕਾਰੀ ਹੀ ਉਨ੍ਹਾਂ ਦੀ ਰਡਾਰ ‘ਤੇ ਆ ਗਿਆ ਹੈ। ਉਨ੍ਹਾਂ ਅਨੁਸਾਰ ਅਜਿਹੀਆਂ ਘਟਨਾਵਾਂ ਕਾਰਨ ਪੰਜਾਬ ਪੁਲਿਸ ਦੀ ਉਹ ਸ਼ਾਨਦਾਰ ਸਾਖ਼ ਕੌਮਾਂਤਰੀ ਪੱਧਰ ‘ਤੇ ਪ੍ਰਭਾਵਿਤ ਹੋ ਰਹੀ ਹੈ, ਜਿਸ ਲਈ ਉਹ ਕਦੇ ਜਾਣੀ ਜਾਂਦੀ ਸੀ।

