ਚੰਡੀਗੜ੍ਹ : ਵਿਧਾਨ ਸਭਾ ਹਲਕਾ ਕਾਦੀਆਂ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਗੁਰਇਕਬਾਲ ਸਿੰਘ ਮਾਹਲ ਦਾ ਫੇਸਬੁੱਕ ਅਕਾਊਂਟ ਹੈਕ ਹੋ ਗਿਆ ਹੈ। ਮਾਹਲ ਨੇ ਦੱਸਿਆ ਕਿ ਉਨ੍ਹਾਂ ਦਾ ਫੇਸਬੁੱਕ ਅਕਾਊਂਟ ‘ਮਾਹਲ ਗੁਰਇਕਬਾਲ ਸਿੰਘ’ ਦੇ ਨਾਮ ਨਾਲ ਬਣਿਆ ਹੋਇਆ ਹੈ, ਜੋ ਕਿ ਹੈਕ ਹੋ ਗਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੂੰ ਕਰੀਬੀ ਰਿਸ਼ਤੇਦਾਰ ਨੇ ਫੋਨ ਕਰ ਕੇ ਦਿੱਤੀ। ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰਾਂ ਨੇ ਦੱਸਿਆ ਕਿ ਤੁਹਾਡੇ ਇਸ ਫੇਸਬੁੱਕ ਅਕਾਊਂਟ ਤੋਂ ਉਨ੍ਹਾਂ ਨੂੰ ਮੈਸੇਜ ਆ ਰਹੇ ਹਨ ਅਤੇ ਮੈਸੇਜ ਰਾਹੀਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਤੋਂ ਬਾਅਦ ਉਨ੍ਹਾਂ ਨੇ ਇਸ ਸਬੰਧੀ ਪੁਲਸ ਥਾਣਾ ਕਾਦੀਆਂ ਨੂੰ ਆਪਣੇ ਹੈਕ ਹੋਏ ਫੇਸਬੁੱਕ ਅਕਾਊਂਟ ਸਬੰਧੀ ਲਿਖਤੀ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਮਾਹਲ ਗੁਰਇਕਬਾਲ ਸਿੰਘ ਦੇ ਨਾਮ ਨਾਲ ਬਣਿਆ ਫੇਸਬੁੱਕ ਅਕਾਊਂਟ ਜਿਹੜੇ ਸ਼ਰਾਰਤੀ ਅਨਸਰਾਂ ਵੱਲੋਂ ਹੈਕ ਕੀਤਾ ਗਿਆ ਹੈ, ਉਨ੍ਹਾਂ ਵਿਰੁੱਧ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।