ਓਲੰਪਿਕ ਤਮਗਾ ਜੇਤੂਆਂ ਦੇ ਪਿੰਡਾਂ/ਸ਼ਹਿਰਾਂ ਨੂੰ ਜਾਣ ਵਾਲੀਆਂ ਸੜਕਾਂ ਅਤੇ ਸਕੂਲਾਂ ਦੇ ਨਾਮ ਖਿਡਾਰੀਆਂ ਦੇ ਨਾਂ ਸਮਰਪਿਤ ਕੀਤੇ ਜਾਣਗੇ: ਸਿੰਗਲਾ

TeamGlobalPunjab
3 Min Read

ਚੰਡੀਗੜ੍ਹ : ਟੋਕਿਓ ਵਿਖੇ ਓਲੰਪਿਕ ਖੇਡਾਂ ਵਿੱਚ 41 ਵਰ੍ਹਿਆਂ ਬਾਅਦ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੰਦਿਆਂ ਲੋਕ ਨਿਰਮਾਣ ਤੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਖੇਡਾਂ ਦੇ ਸਭ ਤੋਂ ਵੱਡੇ ਮੰਚ ਉਤੇ ਨਾਮ ਚਮਕਾਉਣ ਵਾਲੀ ਟੀਮ ਦੇ ਪੰਜਾਬੀ ਖਿਡਾਰੀਆਂ ਦੇ ਪਿੰਡਾਂ/ਸ਼ਹਿਰਾਂ ਨੂੰ ਜਾਣ ਵਾਲੀਆਂ ਸੜਕਾਂ ਅਤੇ ਇਨ੍ਹਾਂ ਖਿਡਾਰੀਆਂ ਦੇ ਪਿੰਡਾਂ ਦੇ ਸਕੂਲਾਂ ਦੇ ਨਾਂ ਉਨ੍ਹਾਂ ਨੂੰ ਸਮਰਪਿਤ ਕੀਤੇ ਜਾਣਗੇ।

 ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿਧਾਂਤਕ ਪ੍ਰਵਾਨਗੀ ਮਿਲਣ ਮਗਰੋਂ ਦੋਵੇਂ ਵਿਭਾਗਾਂ, ਲੋਕ ਨਿਰਮਾਣ ਤੇ ਸਕੂਲ ਸਿੱਖਿਆ, ਨੂੰ ਇਸ ਉਤੇ ਕੰਮ ਕਰਨ ਲਈ ਆਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਰਿਹਾਇਸ਼ ਨੂੰ ਜਾਂਦੀ ਸੜਕ/ਮਾਰਗ ਅਤੇ ਉਨ੍ਹਾਂ ਦੇ ਇਲਾਕੇ ਦੇ ਸਕੂਲ ਦਾ ਨਾਮ ਸਬੰਧਤ ਓਲੰਪਿਕ ਤਮਗਾ ਜੇਤੂ ਖਿਡਾਰੀ ਨੂੰ ਸਮਰਪਿਤ ਕੀਤਾ ਜਾਵੇਗਾ। ਇਸ ਫੈਸਲੇ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਲਈ ਵਿਭਾਗਾਂ ਨੂੰ ਹਦਾਇਤ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਨਾ ਮਿਲੇਗੀ।

ਮੰਤਰੀ ਸਿੰਗਲਾ ਨੇ ਕਿਹਾ ਕਿ ਦੇਸ਼ ਦੀਆਂ ਖੇਡਾਂ ਵਿੱਚ ਪੰਜਾਬ ਦਾ ਸੁਨਹਿਰੀ ਯੋਗਦਾਨ ਰਿਹਾ ਹੈ। ਟੋਕੀਓ ਓਲੰਪਿਕਸ ਵਿਖੇ ਭਾਰਤੀ ਖੇਡ ਦਲ ਵਿੱਚ ਖਿਡਾਰੀਆਂ ਦੀ ਗਿਣਤੀ ਦੇ ਹਿਸਾਬ ਨਾਲ ਪੰਜਾਬ ਦੂਜੇ ਸਥਾਨ ਉਤੇ ਸੀ ਕਿਉਂਕਿ 124 ਖਿਡਾਰੀਆਂ ਵਿੱਚੋਂ 20 ਖਿਡਾਰੀ ਪੰਜਾਬ ਦੇ ਸਨ। ਪੁਰਸ਼ ਹਾਕੀ ਟੀਮ ਵਿੱਚ 11 ਖਿਡਾਰੀ ਪੰਜਾਬ ਦੇ ਸਨ ਜਿਨ੍ਹਾਂ ਵਿੱਚ ਕਪਤਾਨ ਮਨਪ੍ਰੀਤ ਸਿੰਘ, ਉਪ ਕਪਤਾਨ ਹਰਮਨਪ੍ਰੀਤ ਸਿੰਘ, ਰੁਪਿੰਦਰਪਾਲ ਸਿੰਘ, ਸਿਮਰਨਜੀਤ ਸਿੰਘ, ਦਿਲਪ੍ਰੀਤ ਸਿੰਘ, ਮਨਦੀਪ ਸਿੰਘ, ਗੁਰਜੰਟ ਸਿੰਘ, ਹਾਰਦਿਕ ਸਿੰਘ, ਸ਼ਮਸ਼ੇਰ ਸਿੰਘ, ਵਰੁਣ ਕੁਮਾਰ ਤੇ ਕ੍ਰਿਸ਼ਨ ਪਾਠਕ ਸ਼ਾਮਲ ਸਨ। ਮਹਿਲਾ ਹਾਕੀ ਟੀਮ ਨੇ ਵੀ ਬਹੁਤ ਵਧੀਆ ਪ੍ਰਦਰਸ਼ਨ ਦਿਖਾਇਆ ਅਤੇ ਪਹਿਲੀ ਵਾਰ ਸੈਮੀ ਫਾਈਨਲ ਵਿੱਚ ਜਗ੍ਹਾਂ ਬਣਾਈ।

ਕਾਂਸੀ ਦੇ ਤਮਗੇ ਵਾਲੇ ਮੈਚ ਵਿੱਚ ਬਰਤਾਨੀਆ ਹੱਥੋਂ ਹਾਰਨ ਕਰਕੇ ਤਮਗੇ ਤੋਂ ਇਕ ਕਦਮ ਦੂਰ ਰਹਿ ਗਈ ਪਰ ਟੀਮ ਨੇ ਵਧੀਆ ਖੇਡ ਦਿਖਾਈ। ਮਹਿਲਾ ਟੀਮ ਵਿੱਚ ਪੰਜਾਬ ਦੀਆਂ ਗੁਰਜੀਤ ਕੌਰ ਤੇ ਰੀਨਾ ਖੋਖਰ ਸਨ। ਇਸੇ ਤਰ੍ਹਾਂ ਇਕ ਹੋਰ ਅਥਲੀਟ ਕਮਲਪ੍ਰੀਤ ਕੌਰ ਨੇ ਡਿਸਕਸ ਥਰੋਅ ਦੇ ਫਾਈਨਲ ਵਿੱਚ ਜਗ੍ਹਾਂ ਬਣਾਉਂਦਿਆਂ ਛੇਵਾਂ ਸਥਾਨ ਹਾਸਲ ਕੀਤਾ। ਓਲੰਪਿਕ ਖੇਡਾਂ ਵਿੱਚ ਮੁੱਕੇਬਾਜ਼ ਸਿਮਰਨਜੀਤ ਕੌਰ, ਅਥਲੀਟ ਤੇਜਿੰਦਰ ਪਾਲ ਸਿੰਘ ਤੂਰ ਤੇ ਗੁਰਪ੍ਰੀਤ ਸਿੰਘ, ਨਿਸ਼ਾਨੇਬਾਜ਼ ਅੰਗਦਵੀਰ ਸਿੰਘ ਤੇ ਅੰਜੁਮ ਮੌਦਗਿੱਲ ਨੇ ਪੰਜਾਬ ਦੀ ਨੁਮਾਇੰਦਗੀ ਕੀਤੀ। ਇਕ ਬੈਡਮਿੰਟਨ ਖਿਡਾਰਨ ਪਲਕ ਕੋਹਲੀ ਪੈਰਾਲੰਪਿਕ ਵਿੱਚ ਪੰਜਾਬ ਦੀ ਨੁਮਾਇੰਦਗੀ ਕਰੇਗੀ।

- Advertisement -

Share this Article
Leave a comment