ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਨੇ ਸ਼ੁੱਕਰਵਾਰ ਨੂੰ ਆਪਣੀਆਂ ਵੱਖ-ਵੱਖ ਸੂਬਾ ਇਕਾਈਆਂ ਲਈ ਨਵੀਂਆਂ ਨਿਯੁਕਤੀਆਂ ਕੀਤੀਆਂ ਹਨ। ਜਿਸ ਦੇ ਨਾਲ ਪਾਰਟੀ ਦੇ ਪ੍ਰਮੁੱਖ ਨੇਤਾਵਾਂ ਨੂੰ ਨਵੀਂਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਸੌਰਭ ਭਾਰਦਵਾਜ ਨੂੰ ਦਿੱਲੀ ਇਕਾਈ ਦਾ ਪ੍ਰਧਾਨ ਬਣਾਇਆ ਗਿਆ ਹੈ, ਜਦੋਂਕਿ ਪਾਰਟੀ ਨੇ ਪੰਜਾਬ ਦੀ ਕਮਾਨ ਮਨੀਸ਼ ਸਿਸੋਦੀਆ ਨੂੰ ਸੌਂਪ ਦਿੱਤੀ ਹੈ। ਇਨ੍ਹਾਂ ਤਬਦੀਲੀਆਂ ਨਾਲ ਪਾਰਟੀ ਦੀ ਰਣਨੀਤਕ ਦਿਸ਼ਾ ਵਿੱਚ ਮਹੱਤਵਪੂਰਨ ਤਬਦੀਲੀਆਂ ਆਉਣ ਦੀ ਉਮੀਦ ਹੈ। ‘ਆਪ’ ਨੇ ਆਪਣੀਆਂ ਸੂਬਾ ਪੱਧਰੀ ਇਕਾਈਆਂ ਦੇ ਮੁਖੀਆਂ ਵਜੋਂ ਕਈ ਨਵੇਂ ਚਿਹਰਿਆਂ ਨੂੰ ਪੇਸ਼ ਕੀਤਾ ਹੈ।
ਦਿੱਲੀ ਦੇ ਸਾਬਕਾ ਵਾਤਾਵਰਣ ਮੰਤਰੀ ਗੋਪਾਲ ਰਾਏ ਨੂੰ ਗੁਜਰਾਤ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪੰਕਜ ਗੁਪਤਾ ਨੂੰ ਗੋਆ ਇਕਾਈ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੰਦੀਪ ਪਾਠਕ ਨੂੰ ਛੱਤੀਸਗੜ੍ਹ ਇਕਾਈ ਦਾ ਮੁਖੀ ਅਤੇ ਮਹਿਰਾਜ ਮਲਿਕ ਨੂੰ ਜੰਮੂ-ਕਸ਼ਮੀਰ ਇਕਾਈ ਦੀ ਅਗਵਾਈ ਸੌਂਪੀ ਗਈ ਹੈ। ਇਨ੍ਹਾਂ ਨਿਯੁਕਤੀਆਂ ਨਾਲ ਪਾਰਟੀ ਵੱਖ-ਵੱਖ ਰਾਜਾਂ ਵਿੱਚ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰਨ ਦੀ ਯੋਜਨਾ ਨੂੰ ਅੱਗੇ ਵਧਾਏਗੀ।
ਸੌਰਭ ਭਾਰਦਵਾਜ ਨੇ ਪਾਰਟੀ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਹਿਲ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣਾ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਚੋਣਾਂ ਵਿੱਚ ਹਾਰ ਦੇ ਬਾਵਜੂਦ ਪਾਰਟੀ ਨੂੰ ਮਜ਼ਬੂਤ ਕਰਨਾ ਆਸਾਨ ਹੈ। ਦਿੱਲੀ ਵਿਧਾਨ ਸਭਾ ਚੋਣਾਂ ‘ਚ ‘ਆਪ’ ਦਾ ਵੋਟ ਸ਼ੇਅਰ 43.5 ਫੀਸਦੀ ਸੀ, ਜਦੋਂਕਿ ਭਾਜਪਾ ਦਾ 45.5 ਫੀਸਦੀ ਸੀ। ਇਹ ਦਰਸਾਉਂਦਾ ਹੈ ਕਿ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਦਿੱਲੀ ਦੇ ਲਗਭਗ ਅੱਧੇ ਲੋਕਾਂ ਨੇ ਸਾਨੂੰ ਵੋਟ ਦਿੱਤਾ। ਸੌਰਭ ਨੇ ਦਾਅਵਾ ਕੀਤਾ ਕਿ ਇਹ ਅੰਕੜਾ ਪਾਰਟੀ ਦੀ ਲੋਕਪ੍ਰਿਅਤਾ ਦਾ ਸਪੱਸ਼ਟ ਸੰਕੇਤ ਦਿੰਦਾ ਹੈ।
ਆਮ ਆਦਮੀ ਪਾਰਟੀ ਇਨ੍ਹਾਂ ਨਵੀਆਂ ਨਿਯੁਕਤੀਆਂ ਰਾਹੀਂ ਸੂਬਾ ਪੱਧਰ ‘ਤੇ ਮਜ਼ਬੂਤ ਲੀਡਰਸ਼ਿਪ ਤਿਆਰ ਕਰਨ ਦੀ ਯੋਜਨਾ ਬਣਾ ਰਹੀ ਹੈ। ਖਾਸ ਕਰਕੇ ਪੰਜਾਬ ਵਿੱਚ ਮਨੀਸ਼ ਸਿਸੋਦੀਆ ਦੀ ਨਿਯੁਕਤੀ ਨਾਲ ਪਾਰਟੀ ਨੇ ਸੂਬੇ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਵੱਲ ਕਦਮ ਵਧਾਏ ਹਨ। ਦਿੱਲੀ ਦੇ ਉਪ ਮੁੱਖ ਮੰਤਰੀ ਰਹਿ ਚੁੱਕੇ ਸਿਸੋਦੀਆ ਨੂੰ ਪੰਜਾਬ ਦੀ ਕਮਾਨ ਸੌਂਪਣ ਨਾਲ ਪਾਰਟੀ ਦੀ ਰਣਨੀਤੀ ਸਾਫ਼ ਹੋ ਗਈ ਹੈ ਕਿ ਉਹ ਸੂਬੇ ਵਿੱਚ ਹੋਣ ਵਾਲੀਆਂ ਚੋਣਾਂ ਲਈ ਪੂਰੀ ਤਿਆਰੀ ਕਰਨਾ ਚਾਹੁੰਦੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।