ਫਿਲਮ ‘ਇੱਕੋ ਮਿੱਕੇ’ ਪੰਜਾਬੀ ਸਿਨੇਮੇ ਵਿੱਚ ਨਵੀਂ ਹਲਚਲ ਪੈਦਾ ਕਰੇਗੀ”

TeamGlobalPunjab
9 Min Read

-ਜੋਹਰੀ ਮਿੱਤਲ

ਕਰੀਬ ਇੱਕ ਦਹਾਕਾ ਪਹਿਲਾਂ ਆਪਣੀ ਵੱਖਰੀ ਸੂਫ਼ੀਆਨਾ ਗਾਇਕੀ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਪੈਰ ਧਰਨ ਵਾਲੇ ਸਤਿੰਦਰ ਸਰਤਾਜ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ ਹਨ। ਉਨ੍ਹਾਂ ਵੱਲੋਂ ਗਾਏ ਗੀਤਾਂ ਨੂੰ ਪੰਜਾਬੀ ਸਰੋਤਿਆਂ ਨੇ ਬੇਹੱਦ ਪਿਆਰ ਦਿੱਤਾ ਹੈ। ਇਸ਼ਕ ਮੁਸ਼ਕ ਦੇ ਚੱਕਰ ਵਿੱਚੋਂ ਨਿਕਲ ਕੇ ਉਹ ਹਲਕੇ ਫੁਲਕੇ ਅਰਥ ਭਰਪੂਰ ਗੀਤਾਂ ਅਤੇ ਸ਼ੇਅਰੋ ਸ਼ਾਇਰੀ ਦੇ ਵੱਖਰੇ ਅੰਦਾਜ਼ ਨਾਲ ਸਰੋਤਿਆਂ ਨੂੰ ਕੀਲਣ ਦੀ ਸਮਰੱਥਾ ਰੱਖਦੇ ਹਨ। ਉੱਚ ਤਾਲੀਮ ਹਾਸਲ ਕਰਨ ਮਗਰੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸੰਗੀਤ ਵਿਭਾਗ ਵਿੱਚ ਬਤੌਰ ਪ੍ਰੋਫੈਸਰ ਕੰਮ ਕਰ ਚੁੱਕੇ ਸਤਿੰਦਰ ਸਰਤਾਜ ਨੇ ਆਪਣੀ ਪਹਿਲੀ ਹੀ ਫ਼ਿਲਮ ‘ਦਿ ਬਲੈਕ ਪ੍ਰਿੰਸ’ ਨਾਲ ਹਾਲੀਵੁੱਡ ਵਿੱਚ ਪੰਜਾਬੀ ਐਕਟਰ ਵਜੋਂ ਆਪਣੀ ਪਛਾਣ ਬਣਾਈ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਦੇ ਜੀਵਨ ‘ਤੇ ਆਧਾਰਿਤ ਇਸ ਫ਼ਿਲਮ ਨੇ ਸਫ਼ਲਤਾ ਦੇ ਅਜਿਹੇ ਝੰਡੇ ਗੱਡ ਕੇ ਸਤਿੰਦਰ ਸਰਤਾਜ ਆਪਣੀ ਪਹਿਲੀ ਹੀ ਫਿਲਮ ਨਾਲ ਹਾਲੀਵੁੱਡ ਵਿੱਚ ਦਾਖਲ ਹੋਇਆ। ਉਨ੍ਹਾਂ ਤੋਂ ਪਹਿਲਾਂ ਕੋਈ ਵੀ ਪੰਜਾਬੀ ਐਕਟਰ ਜਾਂ ਕਲਾਕਾਰ ਹਾਲੀਵੁੱਡ ਤੱਕ ਨਹੀਂ ਪਹੁੰਚ ਸਕਿਆ। ਦਿ ਬਲੈਕ ਪ੍ਰਿੰਸ ਫ਼ਿਲਮ ਨੂੰ ਅੰਗਰੇਜ਼ੀ ਹਿੰਦੀ ਅਤੇ ਪੰਜਾਬੀ ਵਿੱਚ ਡੱਬ ਹੋਣ ਦਾ ਮਾਣ ਵੀ ਹਾਸਲ ਹੋਇਆ। ਹਰ ਪੰਜਾਬੀ ਪਿਆਰੇ ਨੂੰ ਆਪਣੀ ਜ਼ਿੰਦਗੀ ਦੇ ਨਜ਼ਦੀਕ ਲੱਗਣ ਵਾਲੀ ਉਨ੍ਹਾਂ ਦੀ ਸੂਫ਼ੀਆਨਾ ਅੰਦਾਜ਼ ਵਾਲੀ ਗਾਇਕੀ ਅਤੇ ਸ਼ੇਅਰੋ ਸ਼ਾਇਰੀ ਹੁਣ ਉਨ੍ਹਾਂ ਨੇ ਆਪਣੇ ਯਾਹਮਾ ਮੋਟਰਸਾਈਕਲ ਦੀ ਗੱਲ ਕੀਤੀ ਹੋਵੇ ਜਾਂ ਇੱਕ ਗਰੀਬੜੀ ਕੁੜੀ ਦੀ ਲੋਕਾਂ ਨੇ ਸਭ ਪ੍ਰਵਾਨ ਕੀਤਾ। ਉਨ੍ਹਾਂ ਦੇ ਗੀਤਾਂ ਨੂੰ ਲੋਕਾਂ ਨੇ ਪ੍ਰਵਾਨ ਹੀ ਨਹੀਂ ਕੀਤਾ ਸਗੋਂ ਰੱਜ ਕੇ ਪਿਆਰ ਬਖਸ਼ਿਆ। ਪੰਜਾਬ ਦੀ ਤ੍ਰਾਸਦੀ ਵਾਲੇ ਗੀਤਾਂ ਪਾਣੀ ਪੰਜਾਂ ਦਰਿਆਵਾਂ ਵਾਲਾ ਜ਼ਹਿਰੀ ਹੋ ਗਿਆ ਅਤੇ ਸਾਈ ਉਨ੍ਹਾਂ ਦੀ ਗਾਇਕੀ ਦੀਆਂ ਉਹ ਵੰਨਗੀਆਂ ਹਨ ਜਿਨ੍ਹਾਂ ਨੂੰ ਲੋਕ ਕਦੇ ਵੀ ਨਹੀਂ ਭੁੱਲ ਸਕਦੇ। ਤੜਕ ਭੜਕ ਵਾਲੀ ਗਾਇਕੀ ਦੇ ਸ਼ੋਰ ਸ਼ਰਾਬੇ ਤੋਂ ਦੂਰ ਸਟੇਜ ਉੱਤੇ ਚੌਂਕੜੀ ਮਾਰ ਕੇ ਬੈਠ ਕੇ ਗਾਉਣਾ ਉਨ੍ਹਾਂ ਦਾ ਇੱਕ ਵੱਖਰਾ ਹੀ ਅੰਦਾਜ਼ ਹੈ।
ਸਾਲ 2017 ਵਿੱਚ ਆਈ ਉਨ੍ਹਾਂ ਦੀ ਫ਼ਿਲਮ ਦਾ ਬਲੈਕ ਪ੍ਰਿੰਸ ਮਗਰੋਂ ਭਾਵੇਂ ਗੁਰਮੁਖੀ ਦਾ ਬੇਟਾ ਅਤੇ ਹਮਜ਼ਾ ਵਰਗੇ ਉਨ੍ਹਾਂ ਦੇ ਕਈ ਪ੍ਰਸਿੱਧ ਗੀਤ ਆਏ ਪਰ ਫਿਲਮ ਇੰਡਸਟਰੀ ਤੋਂ ਉਹ ਬਾਹਰ ਜਾਪ ਰਹੇ ਸਨ।

ਇਸ ਚੁੱਪ ਤੋਂ ਮਗਰੋਂ ਬਤੌਰ ਪੰਜਾਬੀ ਫਿਲਮ ਨਾਇਕ ਉਨ੍ਹਾਂ ਦੀ ਨਵੀਂ ਆ ਰਹੀ ਫ਼ਿਲਮ ‘ਇੱਕੋ ਮਿੱਕੇ’ ਦੀ ਸੂਚਨਾ ਨੇ ਪੰਜਾਬੀ ਫ਼ਿਲਮ ਜਗਤ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਬਤੌਰ ਹੀਰੋ ਉਹ ਪਹਿਲੀ ਵਾਰ ਪੰਜਾਬੀ ਫਿਲਮ ਵਿੱਚ ਦੇਖਣ ਨੂੰ ਮਿਲ ਰਹੇ ਹਨ। ਫ਼ਿਲਮ ਵਿੱਚ ਬਤੌਰ ਹੀਰੋਇਨ ਅਦਿੱਤੀ ਸ਼ਰਮਾ ਵੀ ਨਜ਼ਰ ਆਉਣਗੇ। ਫਿਲਮ ਦੇ ਡਾਇਰੈਕਟਰ ਪੰਕਜ ਵਰਮਾ ਹਨ ਅਤੇ ਫਿਲਮ ਬਾਕੀ ਕਲਾਕਾਰਾਂ ਵਿੱਚ ਸਰਦਾਰ ਸੋਹੀ, ਮਹਾਂਵੀਰ ਭੁੱਲਰ, ਸ਼ਿਵਾਨੀ ਸੈਣੀ, ਬੰਦਨਾ ਸ਼ਰਮਾ, ਬਿੱਗੋ ਬਲਵਿੰਦਰ, ਵਿਜੈ ਕੁਮਾਰ ਨਵਦੀਪ ਕਲੇਰ, ਮਨਿੰਦਰ ਵੈਲੀ, ਰਾਜ ਧਾਲੀਵਾਲ ਨੂਰ ਚਾਹਲ ਅਤੇ ਉਮੰਗ ਸ਼ਰਮਾ ਆਦਿ ਕਲਾਕਾਰ ਨਜ਼ਰ ਆਉਣਗੇ। 13 ਮਾਰਚ ਨੂੰ ਫਿਲਮ ਪੰਜਾਬੀ ਸਿਨੇਮਾ ਜਗਤ ਵਿੱਚ ਰਿਲੀਜ਼ ਹੋ ਰਹੀ ਹੈ। ਫ਼ਿਲਮ ਵਿੱਚ ਸਤਿੰਦਰ ਸਰਤਾਜ ਦੇ ਖੁਦ ਦੇ ਗਾਏ ਹੋਏ ਸੱਤ ਅਫ਼ਸਾਨੇ ਵੀ ਦਰਸ਼ਕਾਂ ਨੂੰ ਸੁਣਨ ਨੂੰ ਮਿਲਣਗੇ। ਫ਼ਿਲਮ ਦੀ ਕਹਾਣੀ ਪਰਿਵਾਰਕ ਰਿਸ਼ਤਿਆਂ ਤੇ ਆਧਾਰਿਤ ਹੈ ਅਤੇ ਇਸ ਵਿੱਚ ਪਿਆਰ ਵਿੱਚ ਜਲਦੀ ਨਾਲ ਕੀਤੇ ਗਏ ਫ਼ੈਸਲਿਆਂ ਦਾ ਪਤੀ ਪਤਨੀ ਦੇ ਰੂਪ ਵਿੱਚ ਆਪਸੀ ਵਿਸ਼ਵਾਸ ਅਤੇ ਜ਼ਿੰਮੇਵਾਰੀਆਂ ਦੀ ਨੋਕ ਝੋਕ ਦਾ ਨਤੀਜਾ ਕੀ ਨਿਕਲਦਾ ਹੈ ਇਹ ਫ਼ਿਲਮ ਦੇਖਣ ‘ਤੇ ਹੀ ਪਤਾ ਲੱਗੇਗਾ। ਉਨ੍ਹਾਂ ਨੂੰ ਚਾਹੁਣ ਵਾਲੇ ਉਨ੍ਹਾਂ ਦੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਦੀ ਇਸ ਖੂਬਸੂਰਤ ਜੋੜੀ ਨਾਲ ਕੁਝ ਸਮਾਂ ਪਹਿਲਾਂ ਕੀਤੀ ਇਕ ਵਿਸ਼ੇਸ਼ ਮੁਲਾਕਾਤ ਦੇ ਕੁਝ ਅੰਸ਼ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ:

ਤੁਹਾਡੇ ਚਾਹਵਾਨ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਕੀ ਕਾਰਨ ਇੰਨਾਂ ਸਮਾਂ ਬਾਅਦ ਸਾਹਮਣੇ ਆਏ?

- Advertisement -

– ਕੁਝ ਨਵਾਂ ਤੇ ਵੱਖਰਾ ਕਰਨ ਲਈ ਸਮਾਂ ਚਾਹੀਦਾ ਹੈ। ਅਜਿਹਾ ਹੀ ਇਸ ਦੌਰ ਵਿੱਚ ਹੋਇਆ। ਪੰਜਾਬੀ ਗਾਇਕੀ ਮੇਰਾ ਪਹਿਲਾ ਕਾਰਜ ਖੇਤਰ ਹੈ ਅਤੇ ਇਸ ਵਿੱਚ ਮਸ਼ਰੂਫੀਅਤ ਵੀ ਇੱਕ ਵੱਡਾ ਕਾਰਨ ਹੈ। ਗੁਰਮੁਖੀ ਦਾ ਬੇਟਾ ਅਤੇ ਹੋਰ ਕੁਝ ਗੀਤਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਪਿਆ। ਵਿਦੇਸ਼ਾਂ ਵਿਚਲੇ ਪੰਜਾਬੀ ਪਿਆਰਿਆਂ ਦਾ ਮੋਹ ਵਿਦੇਸ਼ਾਂ ਵੱਲ ਵੀ ਖਿੱਚ ਕੇ ਲੈ ਜਾਂਦਾ ਰਿਹਾ ਸਮੇਂ ਸਮੇਂ ਦੇਸ਼ ਵਿਦੇਸ਼ ਵਿੱਚ ਸ਼ੋਅ ਵੀ ਕੀਤੇ। ਇਸ ਤੋਂ ਇਲਾਵਾ ਚੰਗੀ ਸਕ੍ਰਿਪਟ ਦੀ ਭਾਲ ਵਿੱਚ ਵੀ ਕਾਫ਼ੀ ਸਮਾਂ ਲੱਗਿਆ।

ਫਿਲਮ ‘ਇੱਕੋ ਮਿੱਕੇ’ ਦੀ ਸਕ੍ਰਿਪਟ ਅਤੇ ਇਸ ਸਬੰਧੀ ਹੋਰ ਜਾਣਕਾਰੀ ਦਿਓ?

 ਇੱਕੋ ਮਿੱਕੇ ਇੱਕ ਪਰਿਵਾਰਕ ਫਿਲਮ ਹੈ। ਜਿਸ ਵਿੱਚ ਪਿਆਰ ‘ਚ ਕਾਹਲੀ ਵਿੱਚ ਕੀਤੇ ਫ਼ੈਸਲਿਆਂ ਦਾ ਪਤੀ ਪਤਨੀ ਦੇ ਰਿਸ਼ਤਿਆਂ ਉੱਤੇ ਕੀ ਪ੍ਰਭਾਵ ਪੈਂਦਾ ਹੈ ਸਬੰਧੀ ਨੋਕ-ਝੋਕ ਵੀ ਹੈ। ਸਕ੍ਰਿਪਟ ਦੀ ਭਾਲ ਲਈ ਕਾਫੀ ਮਿਹਨਤ ਕਰਨੀ ਪਈ। 92 ਸਕ੍ਰਿਪਟਾਂ ਪੜ੍ਹਨ ਅਤੇ ਦੇਖਣ ਮਗਰੋਂ ਇਸ ਦੀ ਚੋਣ ਕੀਤੀ ਗਈ। ਪਹਿਲਾਂ ਫਿਲਮ ਦਾ ਨਾਮ ‘ਅਨਪੜ੍ਹ ਅੱਖੀਆਂ’ ਰੱਖਿਆ ਗਿਆ ਸੀ ਪਰ ਫਿਲਮ ਮੁਕੰਮਲ ਹੋਣ ਮਗਰੋਂ ਜਦੋਂ ਸਾਰੀ ਟੀਮ ਨੇ ਇਸ ਦਾ ਨਾਮਕਰਨ ਕੀਤਾ ਤਾਂ ਨਾਮ ਇੱਕੋ ਮਿੱਕੇ ਤੈਅ ਹੋ ਗਿਆ।

ਇੱਕੋ ਮਿੱਕੇ ਤੁਹਾਡੀ ਪਹਿਲੀ ਪੰਜਾਬੀ ਫ਼ਿਲਮ ਹੈ ਬਤੌਰ ਹੀਰੋ ਫਿਲਮ ਟੀਮ ਨਾਲ ਕੰਮ ਕਰਕੇ ਕੀ ਅਨੁਭਵ ਕੀਤਾ?
– ਮੈਂ ਇੱਕ ਪੰਜਾਬੀ ਹਾਂ ਤੇ ਪੰਜਾਬੀ ਪਿੱਠਭੂਮੀ ਮੇਰਾ ਕਾਰਜ ਖੇਤਰ ਰਿਹਾ ਪੰਜਾਬੀ ਨੇ ਹੀ ਮੈਨੂੰ ਮਾਣ ਬਖਸ਼ਿਆ ਹੈ, ਗਾਇਕੀ ਵਿੱਚ ਵੀ ਮੇਰਾ ਕਾਰਜ ਖੇਤਰ ਪੰਜਾਬੀ ਹੀ ਹੈ। ਮੈਂ ਖੇਤਾਂ ਦਾ ਜੰਮਿਆ ਪਲਿਆ ਹਾਂ ਪਿੰਡਾਂ ਵਿੱਚ ਵੱਡਾ ਹੋਇਆ ਹਾਂ, ਹੱਥੀਂ ਖੇਤੀ ਕੀਤੀ ਹੈ। ਤੂੜੀ ਦੀਆਂ ਪੰਡਾਂ ਦੀਆਂ ਗੰਢਾਂ ਆਪਣੇ ਦੰਦਾਂ ਨਾਲ ਖੋਲ੍ਹੀਆਂ ਹਨ ਬਲਦਾਂ ਵਾਲੀ ਰੇਹੜੀ ਉੱਤੇ ਪੱਠੇ ਢੋਏ ਹਨ। ਫਿਲਮ ਦਾ ਪਰਦਾ ਵੀ ਜ਼ਿੰਦਗੀ ਦਾ ਹੀ ਇੱਕ ਹਿੱਸਾ ਹੈ। ਮੈਂ ਇੱਕ ਸਮੇਂ ਵਿੱਚ ਇੱਕੋ ਕੰਮ ਨੂੰ ਸਮਰਪਿਤ ਹੋ ਜਾਂਦਾ ਹਾਂ। ਬਾਕੀ ਟੀਮ ਨਾਲ ਰਲ ਕੇ ਕੰਮ ਕਰਨ ਦਾ ਅਨੁਭਵ ਬੇਹੱਦ ਖੁਸ਼ਗਵਾਰ ਰਿਹਾ ਹੈ। ਇੱਕੋ ਸਮੇਂ ਇੱਕੋ ਕੰਮ ਕਰਨ ਦੀ ਆਦਤ ਮੇਰੀ ਪੁਰਾਣੀ ਹੈ ਮੈਂ ਫ਼ਿਲਮ ਸੈਟਅੱਪ ਤੇ ਬਾਈ ਬਾਈ ਘੰਟੇ ਲਗਾਤਾਰ ਵੀ ਕੰਮ ਕੀਤਾ ਪਰ ਕਦੇ ਵੀ ਥਕਾਵਟ ਮਹਿਸੂਸ ਨਹੀਂ ਕੀਤੀ।

ਅਜੋਕੇ ਦੌਰ ਵਿੱਚ ਪੰਜਾਬੀ ਸਿਨੇਮਾ ਕਿਸ ਥਾਂ ‘ਤੇ ਖੜ੍ਹਾ ਮਹਿਸੂਸ ਹੁੰਦਾ ਹੈ?
– ਪੰਜਾਬੀ ਸਿਨੇਮਾ ਦਿਨੋ ਦਿਨ ਆਪਣਾ ਰੂਪ ਬਦਲ ਰਿਹਾ ਹੈ। ਰੰਗਮੰਚ ਦੇ ਕਲਾਕਾਰਾਂ ਦਾ ਫਿਲਮਾਂ ਵੱਲ ਰੁਖ ਪੰਜਾਬੀ ਸਿਨੇਮੇ ਦੀ ਅਮੀਰੀ ਦਰਸਾਉਂਦਾ ਹੈ। ਨਵੀਆਂ ਫ਼ਿਲਮਾਂ ਦੀ ਗਿਣਤੀ ਵਧਣਾ ਸ਼ੁੱਭ ਸੰਕੇਤ ਹੈ ਪਰ ਕੁਝ ਫ਼ਿਲਮ ਨਿਰਮਾਤਾਵਾਂ ਵੱਲੋਂ ਸਿਰਫ ਪੈਸੇ ਦੀ ਲਾਲਸਾ ਪੂਰੀ ਕਰਨ ਲਈ ਬਿਨਾਂ ਕਿਸੇ ਮੰਤਵ ਦੇ ਫੋਕੀ ਵਾਹਵਾ ਖੱਟਣ ਦੇ ਮਕਸਦ ਨਾਲ ਬਣਾਈਆਂ ਜਾ ਰਹੀਆਂ ਫ਼ਿਲਮਾਂ ਪੰਜਾਬੀ ਸਿਨੇਮੇ ਦੀ ਕਮਜ਼ੋਰੀ ਬਣ ਰਹੀਆਂ ਹਨ। ਮੌਜੂਦਾ ਦੌਰ ਵਿੱਚ ਫ਼ਿਲਮ ਨਿਰਮਾਤਾਵਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਫਿਲਮ ਦੀ ਸਕ੍ਰਿਪਟ, ਕਲਾਕਾਰਾਂ ਦਾ ਰੋਲ ਤੇ ਮਜ਼ਬੂਤ ਹੋਣ ਦੇ ਨਾਲ ਨਾਲ ਫਿਲਮ ਮੁੱਦਿਆਂ ਦੇ ਆਧਾਰਤ ਅਤੇ ਦਰਸ਼ਕਾਂ ਨੂੰ ਰਾਹ ਦਿਖਾਉਣ ਜਾਂ ਹਲੂਣਨ ਵਾਲੀ ਹੋਣੀ ਚਾਹੀਦੀ ਹੈ

- Advertisement -

ਇੱਕੋ ਮਿੱਕੇ 13 ਮਾਰਚ ਨੂੰ ਰਿਲੀਜ਼ ਹੋ ਰਹੀ ਹੈ ਇਸੇ ਦਿਨ ਇਕ ਹੋਰ ਫ਼ਿਲਮ ਰਿਲੀਜ਼ ਹੋ ਰਹੀ ਹੈ, ਕੀ ਇਹ ਠੀਕ ਹੈ?
– ਭਾਵੇਂ ਪੰਜਾਬੀ ਦੁਨੀਆ ਦੇ ਕੋਨੇ ਕੋਨੇ ਵਿਚ ਵੱਸਦੇ ਹਨ ਭਾਰਤ ਪੰਜਾਬੀ ਸਿਨੇਮੇ ਦਾ ਦਰਸ਼ਕ ਵਰਗ ਦਾ ਖੇਤਰ ਕੋਈ ਬਹੁਤ ਜ਼ਿਆਦਾ ਵੱਡਾ ਨਹੀਂ। ਪਿੰਡਾਂ ਤਾਂ ਕੀ ਵੱਡੇ ਸ਼ਹਿਰਾਂ ਵਿੱਚ ਵੀ ਸਿਨੇਮਾ ਹਾਲ ਨਹੀਂ ਬਣੇ ਲੋਕਾਂ ਨੂੰ ਫਿਲਮ ਦੇਖਣ ਲਈ ਦੂਰ ਦੂਰ ਜਾਣਾ ਪੈਂਦਾ ਹੈ। ਇਸ ਲਈ ਇੱਕੋ ਦਿਨ ਦੋ ਪੰਜਾਬੀ ਫ਼ਿਲਮਾਂ ਦਾ ਰਿਲੀਜ਼ ਹੋਣਾ ਸ਼ੁਭ ਸ਼ਗਨ ਨਹੀਂ। ਇੱਕੋ ਮਿੱਕੇ ਨੂੰ ਰਿਲੀਜ਼ ਕਰਨ ਦੀ ਮਿਤੀ ਤੈਅ ਕਰਨ ਤੋਂ ਪਹਿਲਾਂ ਅਸੀਂ ਦੂਜੀ ਰਿਲੀਜ਼ ਹੋ ਰਹੀ ਫ਼ਿਲਮ ਦੀ ਟੀਮ ਨਾਲ ਗੱਲ ਕੀਤੀ ਸੀ ਜ਼ਰੂਰ ਉਨ੍ਹਾਂ ਦੀ ਕੋਈ ਮਜਬੂਰੀ ਰਹੀ ਹੋਵੇਗੀ। ਬਾਕੀ ਸਾਨੂੰ ਸਾਡੀ ਫਿਲਮ ਉੱਪਰ ਪੂਰਾ ਭਰੋਸਾ ਹੈ। ਇਹ ਦਰਸ਼ਕਾਂ ਨੂੰ ਸਿਨੇਮਾ ਵੱਲ ਖਿੱਚਣ ਵਿੱਚ ਪੂਰੀ ਕਾਮਯਾਬ ਰਹੇਗੀ।

ਗਾਇਕੀ ਜਾਂ ਸੰਗੀਤ ਵਿੱਚ ਕੀ ਤਾਕਤ ਮਹਿਸੂਸ ਕਰਦੇ ਹੋ?
– ਪੰਜਾਬੀ ਸੱਭਿਆਚਾਰ ਦੇ ਹਰ ਰੰਗ ਵਿੱਚ ਗਾਇਕੀ ਵੱਸੀ ਹੋਈ ਹੈ ਅਤੇ ਜ਼ਿੰਦਗੀ ਦੇ ਹਰ ਰੰਗ ਵਿੱਚ ਗਾਇਕੀ ਦੇਖੀ ਜਾ ਸਕਦੀ ਹੈ। ਖੁਸ਼ੀ- ਗ਼ਮੀ, ਵਿਆਹ, ਲੜਾਈਆਂ- ਝਗੜੇ, ਜੰਗਾਂ ਯੁੱਧਾਂ ਵਿੱਚ ਸੰਗੀਤ ਜਾਂ ਗਾਇਕੀ ਦੀ ਝਲਕ ਦੇਖਣ ਨੂੰ ਮਿਲਦੀ ਹੈ। ਲੜਾਈਆਂ ਸਮੇਂ ਵਜਾਏ ਜਾਂਦੇ ਨਗਾਰੇ ਇਸ ਦੇ ਸਬੂਤ ਹਨ।

Share this Article
Leave a comment