ਚੰਡੀਗੜ੍ਹ: ਦਿੱਲੀ ਦੀਆਂ ਬਰੂਹਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਵੱਖ-ਵੱਖ ਸਮਾਜ ਸੇਵੀ ਸੰਸਥਾ ਵੱਲੋਂ ਮਦਦ ਪਹੁੰਚਾਈ ਜਾ ਰਹੀ ਹੈ। ਇਸੇ ਤਹਿਤ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ.ਐਸਪੀ ਸਿੰਘ ਓਬਰਾਏ ਨੇ ਇਕ ਵੱਡਾ ਐਲਾਨ ਕੀਤਾ ਹੈ। ਡਾ ਐੱਸ ਪੀ ਓਬਰਾਏ ਮੁਤਾਬਕ ਦਿੱਲੀ ਧਰਨੇ ਵਿੱਚ ਡਟੀਆਂ ਮਹਿਲਾਵਾਂ ਲਈ ਵਿਸ਼ੇਸ਼ ਤੌਰ ਤੇ ਰੈਣ ਬਸੇਰੇ ਬਣਾਉਣ ਦਾ ਪ੍ਰਬੰਧ ਕੀਤਾ ਜਾਵੇਗਾ।
ਸਰਬੱਤ ਦਾ ਭਲਾ 1000 ਮਹਿਲਾਵਾਂ ਦੇ ਠਹਿਰਣ ਅਤੇ ਸੌਣ ਦੇ ਲਈ ਸੁਰੱਖਿਅਤ ਟੈਂਟ ਬਣਾਵੇਗਾ, ਜੋ ਧੁੰਦ ਅਤੇ ਮੀਂਹ ਤੋਂ ਬਚਾਅ ਕਰਨਗੇ। ਇਸ ਤੋਂ ਇਲਾਵਾ ਸਾਫ਼ ਸਫ਼ਾਈ ਲਈ 2000 ਡੰਡਿਆਂ ਵਾਲੇ ਝਾੜੂ ਵੀ ਮੁਹੱਈਆ ਕੀਤੇ ਜਾਣਗੇ। ਇਹ ਪ੍ਰਬੰਧ ਸਿੰਘੂ ਅਤੇ ਟਿਕਰੀ ਬਾਰਡਰ ਦੋਵਾਂ ‘ਤੇ ਕੀਤੇ ਜਾਣਗੇ।
ਇਸ ਤੋਂ ਇਲਾਵਾ ਟਿਕਰੀ ਸਰਹੱਦ ‘ਤੇ ਪੀਣ ਵਾਲੇ ਸਾਫ਼ ਪਾਣੀ ਦੀ ਵੀ ਬਹੁਤ ਕਿੱਲਤ ਆ ਰਹੀ ਹੈ। ਜਿਸ ਨੂੰ ਦੇਖਦੇ ਹੋਏ ਸਰਬੱਤ ਦਾ ਭਲਾ ਟਰੱਸਟ ਵੱਲੋਂ ਪਾਣੀ ਵਾਲੀਆਂ ਡੇਢ ਲੱਖ ਬੋਤਲਾਂ ਵੀ ਭੇਜੀਆਂ ਜਾਣਗੀਆਂ। ਇਸ ਸੇਵਾ ਤੋਂ ਪਹਿਲਾਂ ਟਰੱਸਟ ਵੱਲੋਂ ਦਿੱਲੀ ਮੋਰਚੇ ਲਈ 20 ਟਨ ਤੋਂ ਵੱਧ ਰਾਸ਼ਨ ਰਸਦਾਂ, ਪੰਜ ਐਂਬੂਲੈਂਸ ਗੱਡੀਆਂ, 18 ਡਾਕਟਰ, ਹਜ਼ਾਰਾਂ ਦੀ ਗਿਣਤੀ ਵਿਚ ਕੰਬਲ, ਜੈਕੇਟ, ਤੌਲੀਏ, ਚੱਪਲਾਂ, ਰਿਫਲੈਕਟਰ ਅਤੇ ਨਿਹੰਗ ਸਿੰਘਾਂ ਦੇ ਘੋੜਿਆਂ ਲਈ 50 ਕੁਇੰਟਲ ਖ਼ੁਰਾਕ ਜਿਸ ਵਿੱਚ ਛੋਲੇ ਅਤੇ ਦਾਲ ਇਹ ਭੇਜਿਆ ਗਿਆ ਸੀ।
ਇਸ ਤੋਂ ਇਲਾਵਾ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਸਰਬੱਤ ਦਾ ਭਲਾ ਟਰੱਸਟ ਵੱਲੋਂ ਦਿੱਤੀ ਜਾਵੇਗੀ।