ਮਾਨਸੂਨ ਇਜਲਾਸ ਦੌਰਾਨ ਸੰਸਦ ਦੇ ਬਾਹਰ ਪ੍ਰਦਰਸ਼ਨ ਕਰੇਗਾ ਸੰਯੁਕਤ ਕਿਸਾਨ ਮੋਰਚਾ

TeamGlobalPunjab
4 Min Read

ਸਿੰਘੂ ਬਾਰਡਰ : ਐਤਵਾਰ ਨੂੰ ਸਿੰਘੂ ਬਾਰਡਰ ‘ਤੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਤੋਂ ਬਾਅਦ, ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਕਈ ਫੈਸਲਿਆਂ ਦਾ ਐਲਾਨ ਕੀਤਾ ਗਿਆ ।  ਕਿਸਾਨ ਮੋਰਚੇ ਨੇ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਸੰਸਦ ਦੇ ਬਾਹਰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਸੰਸਦ ਦਾ ਮਾਨਸੂਨ ਇਜਲਾਸ 19 ਜੁਲਾਈ ਤੋਂ ਸ਼ੁਰੂ ਹੋਵੇਗਾ ਤੇ ਸੰਯੁਕਤ ਕਿਸਾਨ ਮੋਰਚਾ 17 ਜੁਲਾਈ ਨੂੰ ਦੇਸ਼ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਚੇਤਾਵਨੀ ਪੱਤਰ ਭੇਜੇਗਾ।

ਇਸ ਤੋਂ ਇਲਾਵਾ, 22 ਜੁਲਾਈ ਤੋਂ ਸੰਗਠਨ ਦੇ ਪੰਜ ਮੈਂਬਰ ਅਤੇ ਘੱਟੋ ਘੱਟ ਦੋ ਸੌ ਪ੍ਰਦਰਸ਼ਨਕਾਰੀ ਹਰ ਦਿਨ ਮਾਨਸੂਨ ਸੈਸ਼ਨ ਦੇ ਅੰਤ ਤੱਕ ਸੰਸਦ ਦੇ ਬਾਹਰ ਪ੍ਰਦਰਸ਼ਨ ਕਰਨਗੇ।

ਪੰਜਾਬ ਦੀਆਂ ਕਿਸਾਨ-ਜਥੇਬੰਦੀਆਂ ਨੇ ਖੇਤਾਂ ਲਈ ਬਿਜਲੀ ਸਪਲਾਈ ‘ਚ ਸੁਧਾਰ ਵੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ-ਮਹਿਲ ਦਾ ਘਿਰਾਓ ਮੁਲਤਵੀ ਕਰ ਦਿੱਤਾ ਹੈ।

ਸੰਯੁਕਤ ਕਿਸਾਨ ਮੋਰਚੇ ਦੀ ਪਿਛਲੀ ਮੀਟਿੰਗ ‘ਚ ਲਏ ਫੈਸਲੇ ਮੁਤਾਬਿਕ 8 ਜੁਲਾਈ ਨੂੰ 10 ਤੋਂ 12 ਵਜੇ ਤੱਕ ਦੇਸ਼-ਭਰ ‘ਚ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ।

- Advertisement -

ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਪਿਯੂਸ਼ ਗੋਇਲ ਨਾਲ ਦਸੰਬਰ 2020 ਅਤੇ ਜਨਵਰੀ 2021 ਦੇ ਮਹੀਨਿਆਂ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਨੁਮਾਇੰਦਿਆਂ ਦੀਆਂ 11 ਦੌਰ ਦੀਆਂ ਰਸਮੀ ਗੱਲਬਾਤ ਹੋ ਚੁੱਕੀਆਂ ਹਨ। ਮੰਤਰੀ ਇਹ ਕਹਿੰਦੇ ਰਹੇ ਹਨ ਕਿ ਸਰਕਾਰ ਗੱਲਬਾਤ ਲਈ ਤਿਆਰ ਹੈ, ਬਸ਼ਰਤੇ ਕਿ ਕਿਸਾਨ ਕਾਨੂੰਨਾਂ ਦੇ ਉਹਨਾਂ ਹਿੱਸਿਆਂ ‘ਤੇ ਗੱਲ ਕਰਨ ਜਿਹਨਾਂ ਤੋਂ ਉਹਨਾਂ ਨੂੰ ਸਮੱਸਿਆ ਹੈ। ਮੰਤਰੀ ਇਹ ਵੀ ਦੱਸ ਰਹੇ ਹਨ ਕਿ ਸਰਕਾਰ 3 ਕਾਲੇ ਕੇਂਦਰੀ ਕਾਨੂੰਨਾਂ ਨੂੰ ਰੱਦ ਨਹੀਂ ਕਰੇਗੀ। ਪਰ ਕਿਸਾਨ ਵੀ ਸਪੱਸ਼ਟ ਕਰ ਚੁੱਕੇ ਹਨ ਕਿ ਕਾਨੂੰਨਾਂ ‘ਚ ਸੋਧਾਂ ਕਿਉਂ ਨਹੀਂ ਕੰਮ ਕਰਨਗੀਆਂ! ਸਰਕਾਰ ਦੇ ਇਰਾਦੇ ਭਰੋਸੇਯੋਗ ਨਹੀਂ ਹਨ। ਕਿਸਾਨ ਜਾਣਦੇ ਹਨ ਕਿ ਕਾਨੂੰਨਾਂ ਨੂੰ ਜੀਵਤ ਰੱਖਣ ਦੇ ਅਲੱਗ ਅਲੱਗ ਤਰੀਕਿਆਂ ਨਾਲ ਕਾਰਪੋਰੇਟ ਕਿਸਾਨਾਂ ਦਾ ਸੋਸ਼ਣ ਕਰਨਗੇ। ਜਦੋਂ ਕਾਨੂੰਨਾਂ ਦਾ ਉਦੇਸ਼ ਹੀ ਗਲਤ ਹੈ, ਤਾਂ ਸਪੱਸ਼ਟ ਹੈ ਕਿ ਕਾਨੂੰਨਾਂ ਦੇ ਵੱਖ-ਵੱਖ ਹਿੱਸੇ ਗਲਤ ਉਦੇਸ਼ਾਂ ਨੂੰ ਪੂਰੇ ਕਰਨ ਲਈ ਹੀ ਹੋਣਗੇ, ਇਸ ਕਰਕੇ ਸੋਧ ਨਾਲ ਮਸਲਾ ਹੱਲ ਨਹੀਂ ਹੋਵੇਗਾ। ਕਾਨੂੰਨ ਗੈਰ-ਸੰਵਿਧਾਨਿਕ ਅਤੇ ਗੈਰ-ਲੋਕਤੰਤਰੀ ਤਰੀਕੇ ਨਾਲ ਲਿਆਂਦੇ ਗਏ ਹਨ। ਕਾਨੂੰਨ ਲਾਗੂ ਕਰਨ ਲਈ ਗੈਰ-ਲੋਕਤੰਤਰੀ ਢੰਗ ਅਪਣਾਏ ਗਏ। ਕਿਸਾਨ ਲਗਾਤਾਰ ਕਾਨੂੰਨ ਰੱਦ ਕਰਵਾਉਣ ਲਈ ਦ੍ਰਿੜ ਹਨ। ਸਰਕਾਰ ਨੇ ਹਾਲੇ ਤੱਕ ਇੱਕ ਵੀ ਅਜਿਹਾ ਕਾਰਨ ਨਹੀੱ ਦੱਸਿਆ ਕਿ ਕਾਨੂੰਨ ਰੱਦ ਕਿਉਂ ਨਹੀਂ ਕੀਤੇ ਜਾ ਸਕਦੇ? ਸਪੱਸ਼ਟ ਹੈ ਕਿ ਲੋਕਾਂ ਦੀ ਚੁਣੀ ਸਰਕਾਰ ਨਾਗਰਿਕਾਂ ਦੇ ਵੱਡੇ ਹਿੱਸੇ ਕਿਸਾਨਾਂ ਨਾਲ ਹੰਕਾਰ ਦੀ ਖੇਡ ਖੇਡ ਰਹੀ ਹੈ। ਸਰਕਾਰ ਕਿਸਾਨਾਂ ਦੀ ਬਜਾਏ ਪੂੰਜੀਪਤੀਆਂ ਦਾ ਪੱਖ ਲੈ ਰਹੀ ਹੈ।

ਕਿਸਾਨ-ਮੋਰਚਿਆਂ ‘ਤੇ ਅੰਦੋਲਨ ਦੀ ਮਜ਼ਬੂਤੀ ਲਈ ਲਗਾਤਾਰ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਉੱਤਰ ਪ੍ਰਦੇਸ਼ ਵਿੱਚ ਪੀਲੀਭੀਤ ਤੋਂ ਇੱਕ ਵੱਡਾ ਟਰੈਕਟਰ ਮਾਰਚ ਕਰਨ ਦੀ ਯੋਜਨਾ ਹੈ। ਕਿਸਾਨ ਵੱਡੀਆਂ ਗਿਣਤੀਆਂ ‘ਚ ਮੋਰਚਿਆਂ ‘ਤੇ ਪਹੁੰਚ ਰਹੇ ਹਨ। ਸਥਾਨਕ ਭਾਈਚਾਰੇ ਦੁਆਰਾ ਲੰਗਰ ਲਈ ਲਗਾਤਾਰ ਯੋਗਦਾਨ ਪਾਇਆ ਜਾ ਰਿਹਾ ਹੈ। ਜੀਂਦ ਇਲਾਕੇ ਦੇ ਪਿੰਡ ਵਾਸੀਆਂ ਵੱਲੋਂ ਕਣਕ ਦੀਆਂ ਟਰਾਲੀਆਂ ਕਿਸਾਨ-ਮੋਰਚਿਆਂ ‘ਤੇ ਪਹੁੰਚੀਆਂ ਹਨ।

ਰੋਸ-ਪ੍ਰਦਰਸ਼ਨਾਂ ‘ਚ ਸਿਰਫ਼ ਕਿਸਾਨ ਹੀ ਸ਼ਾਮਲ ਨਹੀਂ ਹੋ ਰਹੇ, ਬਲਕਿ ਟਰੇਡ ਯੂਨੀਅਨਾਂ, ਵਿਦਿਆਰਥੀ, ਵਕੀਲ ਅਤੇ ਕਰਮਚਾਰੀ ਵੀ ਸ਼ਾਮਲ ਹਨ।

ਪੰਜਾਬ ਵਿਚ ਨੌਜਵਾਨ ਸਮੂਹਾਂ ਵੱਲੋਂ ਸ਼ਾਮ ਵੇਲੇ ਵੱਖ-ਵੱਖ ਸ਼ਹਿਰੀ ਕੇਂਦਰਾਂ ਵਿਚ ਟਰੈਫਿਕ ਚੌਰਾਹੇ ‘ਤੇ ਕੀਤੇ ਜਾ ਰਹੇ ਇਕਜੁੱਟਤਾ-ਪ੍ਰਦਰਸ਼ਨ ਵੱਖ-ਵੱਖ ਕਸਬਿਆਂ ਅਤੇ ਸ਼ਹਿਰਾਂ ਵਿੱਚ ਲਗਾਤਾਰ ਹੋ ਰਹੇ ਹਨ।

ਐਤਵਾਰ ਨੂੰ ਗਾਜ਼ੀਪੁਰ ਮੋਰਚੇ ‘ਤੇ ਸਵਰਗੀ ਖਿਡਾਰੀ ਮਿਲਖਾ ਸਿੰਘ ਦੀ ਯਾਦ ‘ਚ ਇੱਕ ਕਿਸਾਨ-ਮਜ਼ਦੂਰ ਮੈਰਾਥਨ ਦਾ ਆਯੋਜਨ ਕੀਤਾ ਗਿਆ।

- Advertisement -

ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੇ ਸੰਕਲਪ ਨਾਲ ਕਿਸਾਨ ਦਿੱਲੀ ਦੇ ਮੋਰਚਿਆਂ ‘ਤੇ ਡਟੇ ਹੋਏ ਹਨ। ਗਾਜੀਪੁਰ ਬਾਰਡਰ ‘ਤੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਮਦਨਪੁਰ ਪਿੰਡ ਤੋਂ ਸ਼੍ਰੀ ਸਵਰਨ ਸਿੰਘ ਨੂੰ ਸ਼ਾਂਤੀਪੂਰਵਕ ਅਤੇ ਦ੍ਰਿੜਤਾ ਨਾਲ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਹੁਣ ਲਗਭਗ ਸੱਤ ਮਹੀਨੇ ਹੋ ਚੁੱਕੇ ਹਨ। ਉਹ 101 ਸਾਲ ਦੀ ਉਮਰ ਦੇ ਹੋਣ ਦੇ ਬਾਵਜੂਦ ਬੁਲੰਦ ਹੌਸਲੇ ਨਾਲ ਡਟੇ ਹੋਏ ਹਨ! ਅਸੀਂ ਅਗਲੀਆਂ ਪੀੜ੍ਹੀਆਂ ਲਈ ਭਾਰਤ ਦੀ ਕਿਸਾਨੀ ਦੀ ਰੱਖਿਆ ਲਈ ਉਹਨਾਂ ਦੀ ਭਾਵਨਾ ਨੂੰ ਸਲਾਮ ਕਰਦੇ ਹਾਂ।

Share this Article
Leave a comment