ਗ਼ਦਰ ਲਹਿਰ ਦੇ ਅਣਥੱਕ ਯੋਧੇ ਭਾਈ ਸੰਤੋਖ ਸਿੰਘ ਧਰਦਿਉ

TeamGlobalPunjab
3 Min Read

-ਅਵਤਾਰ ਸਿੰਘ

ਭਾਈ ਸੰਤੋਖ ਸਿੰਘ ਧਰਦਿਉ ਦੇ ਪਿਤਾ ਜਵਾਲਾ ਸਿੰਘ ਸਿੰਗਾਪੁਰ ਵਿੱਚ ਫੌਜੀ ਸਨ ਅਤੇ ਉਹ ਪਰਿਵਾਰ ਸਮੇਤ ਉਥੇ ਰਹਿ ਰਹੇ ਸਨ। ਸੰਤੋਖ ਸਿੰਘ ਦਾ ਜਨਮ ਮਾਤਾ ਰਾਮ ਕੌਰ ਰੰਧਾਵਾ ਦੀ ਕੁਖੋਂ 1893 ਨੂੰ ਉਥੇ ਹੋਇਆ। ਉਥੇ ਉਨ੍ਹਾਂ ਪੰਜਾਬੀ ਤੋਂ ਇਲਾਵਾ ਅੰਗਰੇਜ਼ੀ, ਸਿਆਮੀ ਤੇ ਮਲਾਈ ਭਾਸ਼ਾ ਵੀ ਸਿੱਖੀ।

1903 ਵਿੱਚ ਉਨ੍ਹਾਂ ਦੇ ਪਿਤਾ ਪੈਨਸ਼ਨ ਲੈ ਕੇ ਆਪਣੇ ਪਿੰਡ ਧਰਦਿਉ ਜ਼ਿਲਾ ਅੰਮ੍ਰਿਤਸਰ ਆ ਗਏ। ਭਾਈ ਜੀ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਦਸਵੀਂ ਪਾਸ ਕਰ ਕੀਤੀ। ਉਸਦੇ ਜਮਾਤੀ ਉਸ ਨੂੰ ਅੰਗਰੇਜ਼ੀ ਆਉਣ ਕਰਕੇ ‘ਮਿਸਟਰ ਡਿਕਸ਼ਨਰੀ ਸਿੰਘ’ ਕਹਿੰਦੇ ਸਨ। 1911 ਵਿੱਚ ਉਚੇਰੀ ਵਿੱਦਿਆ ਲਈ ਇੰਗਲੈਂਡ ਚਲੇ ਗਏ ਤੇ ਉਥੋਂ ਕਨੈਡਾ ਪਹੁੰਚ ਗਏ।

ਗਦਰ ਪਾਰਟੀ ਬਨਣ ‘ਤੇ ਉਹ ਗਦਰ ਆਸ਼ਰਮ ਵਿਚ ਆ ਗਏ। ਗਦਰ ਪਾਰਟੀ ਦੇ ਸਕੱਤਰ ਲਾਲਾ ਹਰਦਿਆਲ ਦੇ ਇੰਗਲੈਂਡ ‘ਚੋਂ ਬਾਹਰ ਜਾਣ ਮਗਰੋਂ ਪਾਰਟੀ ਦੇ ਸਕੱਤਰ ਤੇ ਗਦਰ ਅਖਬਾਰ ਦੇ ਸੰਪਾਦਕ ਬਣੇ। ਬਾਬਾ ਸੋਹਣ ਸਿੰਘ ਦੀ ਉਹ ਸੱਜੀ ਬਾਂਹ ਸਨ ਤੇ ਬਾਬਾ ਜਵਾਲਾ ਸਿੰਘ ਠਠੀਆਂ ਦੇ ਮੁਤਬੰਨੇ ਪੁੱਤ ਹੀ ਨਹੀਂ ਸਗੋਂ ਸਪੁੱਤਰ ਸਮਾਨ ਸਨ।

- Advertisement -

ਪਾਰਟੀ ਵਲੋਂ ਸਿਆਮ (ਥਾਈਲੈਂਡ) ਚਲੇ ਗਏ ਜਿਥੇ ਸੋਹਨ ਲਾਲ ਪਾਠਕ ਪੱਟੀ ਤੇ ਆਤਮਾ ਰਾਮ ਨਾਲ ਰਲ ਕੇ ਕੰਮ ਕਰਨ ਲਗੇ। ਇਨਕਲਾਬੀਆਂ ਦੀਆਂ ਗ੍ਰਿਫਤਾਰੀਆਂ ਹੋਣ ‘ਤੇ ਉਹ ਸਰਕਾਰੀ ਸੂਹੀਏ ਵਲੋਂ ਪਿਛਾਂਹ ਕਰਨ ਤੇ ਦਰਿਆ ਵਿਚ ਛਾਲ ਮਾਰ ਕੇ ਬਚ ਨਿਕਲੇ। ਜਾਪਾਨ ਤੋਂ ਹੋ ਕੇ 15 ਨਵੰਬਰ 1916 ਨੂੰ ਅਮਰੀਕਾ ਪਹੁੰਚ ਗਏ।

ਗਦਰ ਪਾਰਟੀ ਨੂੰ ਮੁੜ ਸਰਗਰਮ ਕਰਨ ਲਗੇ ਸਰਕਾਰ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ 21 ਮਹੀਨੇ ਪੇਕਨੈਲ ਟਾਪੂ ‘ਤੇ ਕੈਦ ਰੱਖਿਆ ਉਥੋਂ ਉਨ੍ਹਾਂ ਨੂੰ ਟੀ ਬੀ ਹੋ ਗਈ। ਰਿਹਾਈ ਤੋ ਬਾਅਦ 1920 ਭਾਈ ਭਗਵਾਨ ਸਿੰਘ ਨਾਲ ਮਿਲ ਕੇ ਗਦਰ ਆਸ਼ਰਮ ਵਿੱਚ ਪਾਰਟੀ ਨੂੰ ਸੰਗਠਿਤ ਕਰਨ ਲੱਗੇ। 1922 ਨੂੰ ਭਾਈ ਰਤਨ ਸਿੰਘ ਡੱਬਾ ਨਾਲ ਮਿਲ ਕੇ 19 ਫਰਵਰੀ 1926 ਵਿੱਚ ਪੰਜਾਬੀ ਮਾਸਿਕ ‘ਕਿਰਤੀ’ ਅਖਬਾਰ ਦਾ ਪਹਿਲਾ ਅੰਕ ਕਢਿਆ। ਸਰਕਾਰ ਇਸਨੂੰ ਇਤਰਾਜਯੋਗ ਸਮਝਦੀ ਸੀ ਕਿਉਂਕਿ ਇਸ ਵਿਚ ਮਜਦੂਰਾਂ ਨੂੰ ਜਥੇਬੰਦਕ ਤੇ ਦੇਸ ਨੂੰ ਹਥਿਆਰਬੰਦ ਸੰਘਰਸ਼ ਨਾਲ ਅਜਾਦ ਕਰਵਾਉਣ ਲਈ ਪ੍ਰਚਾਰ ਕੀਤਾ ਜਾਂਦਾ ਸੀ।

ਟੀ ਬੀ ਨਾਲ ਸਿਹਤ ਵਿਗੜਨ ਕਰਕੇ ਉਹ ਸੋਹਣ ਸਿੰਘ ਜੋਸ਼ ਨੂੰ ਅਖਬਾਰ ਲਈ ਲੇਖ ਲਿਖਾਉਂਦੇ ਤੇ ਮਾਰਕਸਵਾਦ ਦਾ ਗਿਆਨ ਦਿੰਦੇ ਸਨ। 33 ਸਾਲ ਦੀ ਉਮਰ ਵਿੱਚ 19 ਮਈ 1927 ਨੂੰ ਅੰਮ੍ਰਿਤਸਰ ‘ਚ ਉਹ ਸਦਾ ਲਈ ਵਿੱਛੜ ਗਏ। ਉਨ੍ਹਾਂ ਤੋਂ ਸਰਕਾਰ ਏਨਾ ਡਰਦੀ ਸੀ ਕਿ ਪੂਰਾ ਸਸਕਾਰ ਸਮੇਂ ਤਕ ਦੋ ਸੂਹੀਏ ਉਥੇ ਰਹੇ। ਮਾਸਟਰ ਤਾਰਾ ਸਿੰਘ ਨੇ ਕਿਹਾ,”ਭਾਈ ਸੰਤੌਖ ਸਿੰਘ ਪੁਰਜਾ ਪੁਰਜਾ ਕਰਕੇ ਸ਼ਹੀਦੀ ਪ੍ਰਾਪਤ ਕਰ ਗਏ, ਪਰ ਉਹ ਮਰੇ ਨਹੀਂ, ਅਮਰ ਹਨ ਤੇ ਅਮਰ ਰਹਿਣਗੇ।” ਹਰ ਸਾਲ ਉਨ੍ਹਾਂ ਨੂੰ ਪਿੰਡ ਵਿਚ ਸ਼ਰਧਾਂਜਲੀ ਸਮਾਗਮ ਕਰਕੇ ਸ਼ਰਧਾ ਦੇ ਫੁਲ ਭੇਟ ਕੀਤੇ ਜਾਂਦੇ ਹਨ।

Share this Article
Leave a comment