ਚੋਣਾਂ ਦੀ ਪਵਿੱਤਰਤਾ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਇਸਦਾ ਮਜ਼ਾਕ ਬਣਾਇਆ ਜਾਣਾ ਚਾਹੀਦਾ ਹੈ : PPCC ਪ੍ਰਧਾਨ

TeamGlobalPunjab
5 Min Read

ਚੰਡੀਗੜ੍ਹ – ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਝੂਠੇ ਪ੍ਰਚਾਰ ਨੂੰ ਨਕਾਰਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋਣ ਅਤੇ ਚੁਕੰਨੇ ਹੋ ਕੇ ਆਮ ਆਦਮੀ ਪਾਰਟੀ ਪਾਰਟੀ ਦੀ ਬੁਰੀ ਨੀਅਤ ਅਤੇ ਝੂਠੀਆਂ ਪ੍ਰਚਾਰ ਮੁਹਿੰਮਾਂ ਨੂੰ ਸਮਝਣ ਲਈ ਕਿਹਾ।

ਉਨ੍ਹਾਂ ਕਿਹਾ ਕਿ ਚੋਣਾਂ ਕੋਈ ਮਨੋਰੰਜਨ ਜਾਂ ਟੈਲੇਂਟ ਹੰਟ ਸ਼ੋਅ ਨਹੀਂ ਹਨ। ਚੋਣਾਂ ਭਾਰਤੀ ਜਮਹੂਰੀਅਤ ਦਾ ਦਿਲ ਤੇ ਆਤਮਾ ਹਨ ਅਤੇ ਇਨ੍ਹਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਧੋਖੇ ਨਾਲ ਚੋਣਾਂ ਜਿੱਤਣ ਦੀ ਦੌੜ ਵਿੱਚ ਹੈ, ਚੋਣਾਂ ਦੇ ਬਿਲਕੁਲ ਨੇੜੇ ਆ ਕੇ ਇਸਨੇ ਆਪਣੀ ਪਾਰਟੀ ਅਤੇ ਨੇਤਾਵਾਂ ਬਾਰੇ ਇੱਕ ਭਰਮ ਅਤੇ ਝੂਠੀ ਧਾਰਨਾ ਪੈਦਾ ਕੀਤੀ ਅਤੇ ਜਨਤਾ ਨੂੰ ਗੁੰਮਰਾਹ ਕਰਨ ਕਰਨ ਦੀ ਕੋਸ਼ਿਸ਼ ਕਰੀ ਹੈ।
ਇਕ ਕੁਫ਼ਰਨੁਮਾ ਰਾਜਨੀਤੀ ਤਹਿਤ ਆਮ ਆਦਮੀ ਪਾਰਟੀ ਨੇ ਆਪਣੇ ਮੁੱਖ ਮੰਤਰੀ ਉਮੀਦਵਾਰ ਨੂੰ ਲੋਕਾਂ ਦੀ ਪਸੰਦ ਨਾਲ ਚੁਣਨ ਲਈ ਜਾਅਲੀ ਮੁਕਾਬਲਾ ਕਰਵਾਉਣ ਲਈ ਇੱਕ ਨਿੱਜੀ ਫ਼ੋਨ ਨੰਬਰ ਜਾਰੀ ਕੀਤਾ। ਇਸੇ ਤਹਿਤ ਜਵਾਬ ਪ੍ਰਾਪਤ ਕਰਨ ਅਤੇ ਰਿਕਾਰਡ ਕਰਨ ਲਈ ਇੱਕ ਨਿੱਜੀ ਸੰਚਾਰ ਲਾਈਨ ਸ਼ੁਰੂ ਕੀਤੀ ਗਈ। ਆਮ ਆਦਮੀ ਪਾਰਟੀ ਨੇ ਕਥਿਤ ਤੌਰ ‘ਤੇ 4 ਦਿਨਾਂ ਅੰਦਰ 21,59,475 ਲੋਕਾਂ ਦੇ ਹੁੰਗਾਰੇ ਲੈਣ ਬਾਅਦ ਆਪਣੇ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਕੀਤਾ, ਜਦਕਿ ਪੰਜਾਬ ਰਾਜ ਦੀ ਆਬਾਦੀ 2 ਕਰੋੜ ਤੋਂ ਵੱਧ ਹੈ। ਜਿਸ ਕਾਰਨ ਇਹ ਪਖੰਡ ਉਨ੍ਹਾਂ ਦੇ ਕਿਸੇ ਵੀ ਉਮੀਦਵਾਰ ਨੂੰ ਕੋਈ ਭਰੋਸੇਯੋਗ ਵਿਕਲਪ ਤੱਕ ਨਹੀਂ ਬਣਾ ਸਕਦਾ।
ਇਸ ਤੋਂ ਵੀ ਅੱਗੇ, ਜੇ ਇਹ ਮੰਨ ਵੀ ਲਈਏ ਕਿ ਉਹਨਾਂ ਨੂੰ ਅਜਿਹਾ ਹੁੰਗਾਰਾ ਮਿਲਿਆ ਹੈ, ਤਾਂ ਵੀ ਇਨ੍ਹਾਂ ਅੰਕੜਿਆਂ  ਦਾ ਹਿਸਾਬ-ਕਿਤਾਬ ਸਹੀ ਨਹੀਂ ਬੈਠਦਾ। ਆਮ ਸਥਿਤੀਆਂ ਵਿੱਚ, ਟੋਲ ਫ੍ਰੀ ਨੰਬਰ ਕੁੱਝ ਹੱਦ ਤੱਕ ਲੋਡ ਝੱਲ ਸਕਦਾ ਹੈ, ਪਰ ਅਜਿਹਾ ਕੋਈ ਤਰੀਕਾ ਨਹੀਂ ਹੈ ਕਿ ਇੱਕ ਪ੍ਰਾਈਵੇਟ ਨੰਬਰ ਇੰਨੇ ਜਵਾਬਾਂ ਨੂੰ ਸੁਣ ਜਾਂ ਗ੍ਰਹਿਣ ਕਰ ਸਕੇ। ਸਾਧਾਰਨ ਤਰਕ ਹੈ ਕਿ ਮੰਨ ਲਓ ਕਿ ਆਮ ਆਦਮੀ ਪਾਰਟੀ ਵਾਲੇ 24 ਘੰਟੇ ਲੋਕਾਂ ਦੇ ਜਵਾਬ ਪ੍ਰਾਪਤ ਕਰ ਰਹੇ ਸਨ, ਫਿਰ ਔਸਤਨ ਉਹਨਾਂ ਨੇ ਪ੍ਰਤੀ ਸਕਿੰਟ 8 ਤੋਂ 10 ਜਵਾਬ ਪ੍ਰਾਪਤ ਕੀਤੇ ਹੋਣਗੇ ਅਤੇ ਇਹ ਜਵਾਬ ਰਿਕਾਰਡ ਵੀ ਕੀਤੇ ਹੋਣਗੇ ਜੋ ਮਨੁੱਖੀ ਤੌਰ ‘ਤੇ ਸੰਭਵ ਹੀ ਨਹੀਂ ਹੈ। ਆਮ ਨੰਬਰ ‘ਤੇ (ਜਿਸ ਤਰ੍ਹਾਂ ਦਾ ਨੰਬਰ ‘ਆਪ’ ਦੁਆਰਾ ਜਾਰੀ ਕੀਤਾ ਗਿਆ) 2,000 ਤੋਂ ਵੱਧ ਲੋਕਾਂ ਦੀ ਟੀਮ ਐਨੇ ਜਵਾਬ ਲੈ ਸਕਦੀ ਹੈ ਅਤੇ ਇਸ ਕੰਮ ਨੂੰ ਕਰਨ ਲਈ ਘੱਟੋ-ਘੱਟ 25-30 ਕਰੋੜ ਖਰਚੇ ਦੀ ਲੋੜ ਹੈ।

ਗਣਨਾ ਅਨੁਸਾਰ, ਜੇਕਰ ਇੱਕ ਕਾਲ ਵਿੱਚ ਘੱਟੋ ਘੱਟ 15 ਸਕਿੰਟ ਦਾ ਸਮਾਂ ਲੱਗਦਾ ਹੈ, ਤਾਂ 1 ਦਿਨ ਵਿੱਚ ‘ਆਪ’ ਲਗਭਗ 5760 ਜਵਾਬਾਂ ਨੂੰ ਸੁਣ/ਗ੍ਰਹਿਣ ਜਾਂ ਰਿਕਾਰਡ ਕਰ ਸਕਦੀ ਸੀ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਉਹਨਾਂ ਕੋਲ ਕੋਈ ਸਵੈਚਲਿਤ ਜਵਾਬ ਪ੍ਰਣਾਲੀ ਨਹੀਂ ਹੈ ਜੋ ਜਵਾਬ ਦੇਣ ਦੀ ਪ੍ਰਕਿਰਿਆ ਨੂੰ ਤੇਜ਼ ਕਰ ਸਕੇ, ਚਾਰ ਦਿਨਾਂ ਵਿੱਚ ਕੁੱਲ 23,040 ਜਵਾਬ/ਕਾਲ ਵੱਧ ਤੋਂ ਵੱਧ ਲਏ ਜਾ ਸਕਦੇ ਸਨ।

ਇਸ ਝੂਠੀ ਪ੍ਰਚਾਰ ਮੁਹਿੰਮ ਨੂੰ ਚਲਾ ਕੇ, ‘ਆਪ’ ਨੇ ਜਾਅਲੀ ਖ਼ਬਰਾਂ, ਝੂਠੇ ਤੇ ਖੋਖਲੇ ਪ੍ਰਤਿਭਾ ਸ਼ੋਅ ਦਾ ਇੱਕ ਹਾਈਬ੍ਰਿਡ ਮਾਡਲ ਤਿਆਰ ਕੀਤਾ ਹੈ, ਜਿਸਨੂੰ ਹੁਣ ‘ਆਪ’ ਦੁਆਰਾ ਖ੍ਰੀਦੇ ਪ੍ਰਕਾਸ਼ਕ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਵੱਖ-ਵੱਖ ਲੋਕ ਵੱਡੇ ਪੱਧਰ ‘ਤੇ ਪ੍ਰਚਾਰ ਰਹੇ ਹਨ। ਇਹ ਸਭ ਇਮਾਨਦਾਰ ਵੋਟਰਾਂ ਨੂੰ ਗੁਮਰਾਹ ਕਰਨ ਲਈ ਕੀਤਾ ਜਾ ਰਿਹਾ ਹੈ, ਇਹ ਵੋਟਰ ਇਹ ਨਹੀਂ ਸਮਝ ਰਹੇ ਕਿ ਇਹ ਸਿਰਫ਼ ‘ਆਪ’ ਦਾ ਮਾਰਕੀਟਿੰਗ ਬਜਟ ਹੈ ਅਤੇ ਮੀਡੀਆ ਹਾਊਸਾਂ ਨੂੰ ਇਸ ਝੂਠ ਨੂੰ ਸੁਰਖੀਆਂ ਵੱਜੋਂ ਪੇਸ਼ ਕਰਨ ਲਈ ਵੱਡੀਆਂ ਰਕਮਾਂ ਦਾ ਭੁਗਤਾਨ ਕੀਤਾ ਜਾਂਦਾ ਹੈ।

- Advertisement -

ਧੋਖਾਧੜੀ, ਜਾਅਲੀ ਖ਼ਬਰਾਂ ਨਾਲ ਭਰਮ ਪੈਦਾ ਕਰਨ ਅਤੇ ਪ੍ਰਚਾਰ ਕਰਨ ਦੀ ਇਹ ਵਿਧੀ ਚੋਣ ਜ਼ਾਬਤੇ ਦੀ ਪੂਰੀ ਤਰ੍ਹਾਂ ਉਲੰਘਣਾ ਹੈ ਅਤੇ ਚੋਣ ਕਮਿਸ਼ਨ ਨੂੰ ਇਸ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ। ‘ਆਪ’ ਅਤੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਵੋਟਰਾਂ ਤੋਂ ਇਸ ਘਪਲੇ ਲਈ ਮੁਆਫੀ ਮੰਗ ਕੇ ਰਾਜਨੀਤੀ ਛੱਡ ਦੇਣੀ ਚਾਹੀਦੀ ਹੈ।

ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਅਤੇ ਅਗਵਾਈ ਵਾਲੀ ‘ਆਪ’ ਨੇ ਜਨਤਾ ਨੂੰ ਕੋਰਾ ਝੂਠ ਬੋਲਿਆ ਹੋਵੇ। ਕੇਜਰੀਵਾਲ ਇੱਕ ਸਦਾਬਹਾਰ ਅਤੇ ਆਦਤਨ ਝੂਠਾ ਮੌਸਮੀ ਲੀਡਰ ਹੈ। ਉਸਨੇ ਨਾ ਸਿਰਫ਼ ਭਾਰਤੀ ਨਾਗਰਿਕਾਂ ਨੂੰ ਸਗੋਂ ਪਰਵਾਸੀ ਭਾਰਤੀਆਂ ਨੂੰ ਵੀ ਧੋਖਾ ਦਿੱਤਾ ਹੈ, ਜਿਨ੍ਹਾਂ ਦਾ ਪੈਸਾ ਉਹ ਆਪਣੇ ਨਿੱਜੀ ਲਾਭਾਂ ਅਤੇ ਏਜੰਡੇ ਲਈ ਵਰਤਦਾ ਆ ਰਿਹਾ ਹੈ।

ਸਿਰਫ਼ 4 ਦਿਨਾਂ ‘ਚ ‘ਆਪ’ ਨੇ ਲੋਕਾਂ ਦੇ ਮਨ ਭਟਕਾਉਣ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਇਹ ਕੋਈ ਰੋਡਮੈਪ ਦੇਣ ‘ਚ ਅਸਫ਼ਲ ਰਹੀ ਹੈ। ਹੁਣ ਪੰਜਾਬ ਦੇ ਲੋਕਾਂ ਨੂੰ ਜਾਗਣਾ ਚਾਹੀਦਾ ਹੈ ਅਤੇ ਝੂਠੀਆਂ, ਧੋਖੇਬਾਜ਼ ਅਤੇ ਝੂਠ ਆਧਾਰਿਤ ਕਾਰਵਾਈਆਂ ‘ਤੇ ਸਵਾਲ ਉਠਾਉਣੇ ਚਾਹੀਦੇ ਹਨ ਅਤੇ ਇਹ ਝੂਠੇ ਲੋਕ ਜੋ ਨੇਤਾ ਬਣਨ ਦੇ ਯੋਗ ਨਹੀਂ ਹਨ, ਤੋਂ ਜਵਾਬ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਕੀਮਤ ਮੰਗਣੀ ਚਾਹੀਦੀ ਹੈ ।

Share this Article
Leave a comment