ਨਵੀਂ ਦਿੱਲੀ:– ਕਿਸਾਨ ਜਥੇਬੰਦੀਆਂ ਨੇ ਬੀਤੇ ਮੰਗਲਵਾਰ ਨੂੰ ਦਿੱਲੀ ਪੁਲਿਸ ਵੱਲੋਂ ਟਿਕਰੀ ਬਾਰਡਰ ‘ਤੇ ਲਾਏ ਚਿਤਾਵਨੀ ਵਾਲੇ ਪੋਸਟਰਾਂ ‘ਤੇ ਇਤਰਾਜ਼ ਕੀਤਾ, ਜਦਕਿ ਪੁਲਿਸ ਦਾ ਕਹਿਣਾ ਹੈ ਕਿ ਇਹ ਪੋਸਟਰ ਨਵੇਂ ਨਹੀਂ ਲਾਏ ਗਏ। ਇਹ ਸਿਰਫ਼ ਪ੍ਰਦਰਸ਼ਨਕਾਰੀਆਂ ਨੂੰ ਸੂਚਿਤ ਕਰਨ ਲਈ ਹਨ ਕਿ ਉਨ੍ਹਾਂ ਨੂੰ ਦਿੱਲੀ ‘ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।
ਸੰਯੁਕਤ ਕਿਸਾਨ ਮੋਰਚੇ ਨੇ ਇਕ ਬਿਆਨ ‘ਚ ਕਿਹਾ ਕਿ ਉਹ ਪੁਲਿਸ ਦੇ ਇਸ ਕਦਮ ਖਿਲਾਫ਼ ਹਨ ਕਿਉਂਕਿ ਕਿਸਾਨ ਆਪਣੇ ਸੰਵਿਧਾਨਕ ਅਧਿਕਾਰ ਦੀ ਵਰਤੋਂ ਕਰ ਰਹੇ ਹਨ। ਮੋਰਚੇ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਟਿਕਰੀ ਬਾਰਡਰ ‘ਤੇ ਕੁਝ ਪੋਸਟਰ ਲਾਏ ਹਨ ਜਿਸ ‘ਚ ਕਿਸਾਨਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਇਹ ਇਲਾਕਾ ਖਾਲੀ ਕਰਨਾ ਪਵੇਗਾ। ਇਸ ਤਰ੍ਹਾਂ ਦੇ ਪੋਸਟਰਾਂ ਦਾ ਕੋਈ ਅਰਥ ਨਹੀਂ ਹੈ ਕਿਉਂਕਿ ਕਿਸਾਨ ਆਪਣੇ ਸੰਵਿਧਾਨਕ ਅਧਿਕਾਰ ਦੀ ਵਰਤੋਂ ਕਰਦੇ ਹੋਏ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਹਨ।
ਉਧਰ ਦਿੱਲੀ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਇਹ ਨਿਯਮਿਤ ਕਾਰਵਾਈ ਹੈ। ਇਹ ਪੋਸਟਰ ਉਦੋਂ ਲਾਏ ਗਏ ਸਨ ਜਦੋਂ ਅੰਦੋਲਨ ਸ਼ੁਰੂ ਹੋਇਆ ਸੀ। ਪੁਲਿਸ ਨੇ ਇਨ੍ਹਾਂ ਪੋਸਟਰਾਂ ਰਾਹੀਂ ਉਨ੍ਹਾਂ ਨੂੰ ਸੂਚਿਤ ਕੀਤਾ ਸੀ ਕਿ ਉਹ ਹਰਿਆਣੇ ਦੀ ਹੱਦ ‘ਚ ਬੈਠੇ ਹਨ, ਤੇ ਉਨ੍ਹਾਂ ਨੂੰ ਦਿੱਲੀ ‘ਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।