Breaking News

ਸ਼ਹੀਦੀ-ਸਾਕਾ ਨਨਕਾਣਾ ਸਾਹਿਬ – ਡਾ. ਰੂਪ ਸਿੰਘ

ਪੂਰੇ ਲੇਖ ਲਈ ਪੜੋ ਇਸ ਦਾ ਪਹਿਲਾ ਭਾਗ ਕਲਿਕ ਕਰੋ ਇਸ ਲਿੰਕ  ‘ਤੇ : https://scooppunjab.com/global/saka-nankana-sahib-part-1-dr-roop-singh/ 


ਨਨਕਾਣਾ ਸਾਹਿਬ ਦਾ ਇਹ ਦੁਖਾਂਤਕ ਸਾਕਾ ਗੁਰੂ ਨਾਨਕ ਦੇਵ ਜੀ ਦੇ ਘਰ, ਗੁਰਦੁਆਰਾ ਜਨਮ ਅਸਥਾਨ ਨੂੰ ਕਪਟੀ ਮਹੰਤਾਂ ਤੋਂ ਅਜ਼ਾਦ ਕਰਵਾਉਣ ਗਏ ਗੁਰਸਿੱਖਾਂ ਨਾਲ ਵਾਪਰਿਆ, ਇਸ ਤੋਂ ਵੱਧ ਦਰਦਨਾਕ ਘਟਨਾ ਕੀ ਹੋ ਸਕਦੀ ਹੈ? ਹਰ ਸਿੱਖ ਵਾਸਤੇ ਨਨਕਾਣਾ ਸਾਹਿਬ  ਪਵਿੱਤਰ ਧਰਤੀ ਹੈ। ਇੱਥੋਂ ਦਾ ਮਹੰਤ ਨਰੈਣ ਦਾਸ ਹੀ ਸਭ ਤੋਂ ਵੱਡਾ ਗੁਰੂ-ਘਰ ਦਾ ਦੋਖੀ ਸਾਬਤ ਹੋਇਆ। ਇਹ ਕੁਕਰਮੀ ਬਣ ਚੁੱਕਾ ਸੀ। ਧਰਮ-ਕਰਮ ਇਸ ਵਿੱਚੋਂ ਗਾਇਬ ਹੋ ਚੁੱਕਾ ਸੀ। ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਅਜਿਹੇ ਹੀ ਕਪਟੀ ਮਹੰਤਾਂ ਤੋਂ ਅਜ਼ਾਦ ਕਰਵਾ ਕੇ ਸੰਗਤੀ ਪ੍ਰਬੰਧ ’ਚ ਲਿਆਉਣ ਲਈ ਗੁਰਸਿੱਖਾਂ ਨੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਅਰੰਭ ਕੀਤੀ। ਜਿਸ ਤਹਿਤ ਸਭ ਤੋਂ ਪਹਿਲਾਂ ਗੁਰਦਆਰਾ ਬਾਬੇ ਦੀ ਬੇਰ ਸਿਆਲਕੋਟ ਅਕਤੂਬਰ, 1920 ਨੂੰ ਪੰਥਕ ਪ੍ਰਬੰਧ ’ਚ ਲਿਆ ਗਿਆ। ਫਿਰ 12 ਅਕਤੂਬਰ, 1920 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਪੰਥਕ ਹੱਥਾਂ ’ਚ ਆਇਆ।

ਡਾ. ਰੂਪ ਸਿੰਘ

ਸ਼ਾਂਤਮਈ ਸਿੱਖ ਸੇਵਕਾਂ ਦੇ ਖੂਨ ਨਾਲ ਮਹੰਤ ਨਰੈਣ ਦਾਸ ਤੇ ਉਸ ਦੇ ਗੁੰਡਿਆਂ ਨੇ ਗੁਰਦੁਆਰਾ ਜਨਮ ਅਸਥਾਨ ਨੂੰ ਲੱਥਪਥ ਕਰ ਦਿੱਤਾ। ਇਹ ਗੁਰਦੁਆਰਾ ਸਾਹਿਬਾਨ ਦੀ ਸੁਤੰਤਰਤਾ, ਅਜ਼ਾਦੀ ਲਈ ਕੀਤਾ ਗਿਆ ਸ਼ਾਂਤਮਈ-ਸੰਗਤੀ ਸੱਤਿਆਗ੍ਰਹਿ ਸੀ। ਜਬਰ-ਜ਼ੁਲਮ ਤੇ ਅੱਤਿਆਚਾਰ ਦੇ ਵਿਰੁੱਧ ਸਤਿ-ਸੰਤੋਖ, ਸਬਰ ਦੇ ਧਾਰਨੀ ਹੋ, ਸ਼ਾਂਤਮਈ ਰਹਿ ਕੇ ਕੀਤਾ ਗਿਆ, ਵਿਦਰੋਹ, ਰੋਸ ਤੇ ਰੋਹ ਸੀ।

ਮਹੰਤ ਨਰੈਣ ਦਾਸ ਦੇ ਬਦਮਾਸ਼ਾਂ ਦੇ ਜਬਰ-ਜ਼ੁਲਮ ਦੀ ਇੰਤਹਾ-ਚਰਮਸੀਮਾਂ ਦੇਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ’ਤੇ ਬੈਠਾ ਗ੍ਰੰਥੀ ਸਿੰਘ ਵੀ ਸ਼ਹੀਦ ਹੋ ਗਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ’ਚ ਵੀ ਗੋਲੀਆਂ ਲੱਗੀਆਂ, ਜਿਸ ਨੂੰ ‘ਸ਼ਹੀਦੀ ਬੀੜ’ ਕਿਹਾ ਜਾਂਦਾ ਹੈ। ਸੰਗਤਾਂ ਨੂੰ ਸ਼ਹੀਦੀ ਬੀੜ ਦੇ ਦਰਸ਼ਨ 21 ਫਰਵਰੀ, ਸ਼ਹੀਦੀ ਸਾਕੇ ਵਾਲੇ ਦਿਨ ਗੁਰਦੁਆਰਾ ਮੰਝੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਕਰਵਾਏ ਜਾਂਦੇ ਸਨ। ਨਨਕਾਣਾ ਸਾਹਿਬ ਦੇ ਸਾਕੇ ਸਮੇਂ ਗੁਰਸਿੱਖਾਂ ਦੇ ਸਤਿ-ਸਿਦਕ, ਸਬਰ ਦੀ ਪਰਖ ਹੋਈ। ਗੁਰੂ ਕੇ ਲਾਲਾਂ ਨੇ ‘ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥’ ਦੇ ਮਹਾਂਵਾਕ ਨੂੰ ਪ੍ਰਤੱਖ ਕਰ ਦਿਖਾਇਆ। ਇਸ ਦੁਖਾਂਤਕ ਸਾਕੇ ਨੂੰ ਸ਼ਬਦੀ ਰੂਪ ਨਹੀਂ ਦਿੱਤਾ ਜਾ ਸਕਦਾ। ਅੰਮ੍ਰਿਤ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ’ਤੇ ਦਰਸ਼ਨ-ਦੀਦਾਰ ਕਰ ਰਹੇ ਸ਼ਾਂਤਮਈ ਗੁਰਸਿੱਖਾਂ ’ਤੇ ਜਦੋਂ ਮਹੰਤ ਤੇ ਉਸ ਦੇ ਗੁੰਡਿਆਂ ਨੇ ਗੋਲੀਆਂ ਦਾ ਮੀਂਹ ਵਰਸਾਇਆ ਹੋਵੇਗਾ, ਕਿਤਨੀ ਕਰੁਣਾਮਈ-ਦੁਖਦਾਈ ਘੜੀ ਹੋਵੇਗੀ! ਕੇਵਲ ਕਲਪਨਾ ਹੀ ਕੀਤੀ ਜਾ ਸਕਦੀ ਹੈ। ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਨੇ ਆਪਣੇ ਪਾਕ-ਪਵਿੱਤਰ ਖੂਨ ਨਾਲ ਮਹੰਤਾਂ ਦੇ ਪਾਪਾਂ ਨਾਲ ਗੰਧਲੀ ਹੋਈ ਧਰਤੀ ਨੂੰ ਧੋ ਕੇ ਪਵਿੱਤਰ ਕਰ ਦਿੱਤਾ। ਕੋਮਲ-ਦਿਲ ਕਵੀ ਚਰਨ ਸਿੰਘ ਸਫ਼ਰੀ ਦੇ ਬੋਲ ਹਨ:-

ਸੜਦੇ ਜੰਡ ਨੇ ਪੁੱਛਿਆ ਭੱਠ ਕੋਲੋਂ – ਸੜਨ ਵਾਲਾ ਕੀ ਸੜ ਕੇ ਮਰ ਗਿਆ ਏ?

ਭਖਦੇ ਭੱਠ ਨੇ ਅੱਗੋਂ ਜੁਆਬ ਦਿੱਤਾ, ਉਹ ਤਾਂ ਮੈਨੂੰ ਵੀ ਠੰਡਿਆਂ ਕਰ ਗਿਆ ਏ…

ਕਿਤਨੇ ਸਬਰ, ਸਹਿਜ ਸੀਤਲਤਾ ਦੇ ਧਾਰਨੀ ਹੋਣਗੇ ਗੁਰੂ-ਘਰ ਦੇ ਪ੍ਰਤੀਵਾਨ, ਪਰਵਾਨੇ-ਗੁਰਸਿੱਖ ਜਿਨ੍ਹਾਂ ਨੂੰ ਜਿੰਦਾ ਜੰਡ ਨਾਲ ਬੰਨ੍ਹ, ਭੱਠ ਵਿਚ ਸੁੱਟ ਸਾੜਿਆ ਗਿਆ ਪਰ ਕਿਸੇ ਨੇ ਸੀ ਨਹੀਂ ਉਚਾਰੀ। ਗੁਰਦੁਆਰਾ ਜਨਮ-ਅਸਥਾਨ ਦੇ ਨਜ਼ਦੀਕ ਸਥਿਤ ਸ਼ਹੀਦੀ ਖੂਹ ਤੇ ਜੰਡ ਦਾ ਦਰੱਖਤ ਸ਼ਹੀਦਾਂ ਦੀ ਸ਼ਹੀਦੀ ਦਾਸਤਾਨ ਬਿਆਨ ਕਰਦਾ ਹੈ। 5 ਮਾਰਚ, 1921 ਨੂੰ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਵਿਚ ਸ਼ਹੀਦ ਹੋਏ ਗੁਰਸਿੱਖਾਂ ਗੁਰੂ-ਘਰ ਦੇ ਪ੍ਰੀਤਵਾਨਾਂ ਦੀ ਯਾਦ ਵਿਚ ਸ਼ਹੀਦੀ ਦਿਵਸ ਨਨਕਾਣਾ ਸਾਹਿਬ ਮਨਾ ਕੇ ਸ਼ਰਧਾ ਸਤਿਕਾਰ ਭੇਂਟ ਕੀਤਾ ਗਿਆ ਅਤੇ ਸ਼ਹੀਦਾਂ ਦੀ ਯਾਦਗਾਰ ਸਥਾਪਤ ਕਰਨ ਦਾ ਐਲਾਨ ਕੀਤਾ ਗਿਆ। ਅਪ੍ਰੈਲ, 1921 ’ਚ ਮਹੰਤ ਨਰੈਣ ਦਾਸ ਤੇ ਉਸ ਦੇ ਚਾਟੜਿਆਂ ’ਤੇ ਮੁਕੱਦਮਾ ਚਲਣਾ ਸ਼ੁਰੂ ਹੋਇਆ। 12 ਅਕਤੂਬਰ, 1921 ਨੂੰ ਮਹੰਤ ਨਰੈਣ ਦਾਸ ਤੇ ਉਸ ਦੇ 7 ਸਾਥੀਆਂ ਨੂੰ ਮੌਤ ਦੀ ਸਜ਼ਾ, 8 ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਪਰ ਹਾਈਕੋਰਟ ਨੇ ਮਹੰਤ ਦੀ ਮੌਤ ਦੀ ਸਜ਼ਾ ਉਮਰ ਕੈਦ ’ਚ ਤਬਦੀਲ ਕਰ ਦਿੱਤੀ।

1922 ਈ. ਸਿੱਖ ਮਿਸ਼ਨਰੀ ਸੁਸਾਇਟੀ ਬਣਾਈ ਗਈ । ਨਨਕਾਣਾ ਸਾਹਿਬ ਦੇ ਸਾਕੇ ਦੇ ਸ਼ਹੀਦਾਂ ਦਾ ਯਾਦ ’ਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ਼ੁਰੂ ਕਰਨ ਦਾ  ਮਤਾ 30 ਮਾਰਚ, 1922 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ। ਸਿੱਖ ਮਿਸ਼ਨਰੀ ਸੁਸਾਇਟੀ ਦੇ ਪਹਿਲੇ ਮੁਖੀ ਬਾਵਾ ਹਰਿਿਕਸ਼ਨ ਸਿੰਘ ਬਣੇ ਤੇ ਉਨ੍ਹਾਂ ਤੋਂ ਬਾਅਦ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਇਸ ਸੁਸਾਇਟੀ ਦੇ ਮੁਖੀ ਬਣੇ। ਪੰਥਕ ਲੀਡਰਾਂ ਨੂੰ ਮੋਰਚਿਆਂ ਦੌਰਾਨ ਜੇਲ ਜਾਣਾ ਪਿਆ। ਇਸ ਕਰ ਕੇ ਸ਼ਹੀਦਾਂ ਦੀ ਯਾਦਗਾਰ ਸਥਾਪਿਤ ਕਰਨ ’ਚ ਦੇਰੀ ਹੋ ਗਈ। 2 ਅਕਤੂਬਰ 1927 ਨੂੰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਸਦੀਵੀ ਯਾਦਗਾਰ ਵਜੋਂ ਸਥਾਪਿਤ ਕੀਤਾ ਗਿਆ ਜੋ ਨਿਰੰਤਰ ਕਾਰਜਸ਼ੀਲ ਹੈ। ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ’ਚ ਸਥਾਪਿਤ ਕੀਤਾ ਅਤੇ ਸ਼ਹੀਦੀ ਜੀਵਨ ਪੁਸਤਕ ਉਚੇਚੇ ਤੌਰ ’ਤੇ ਲਿਖਵਾਈ, ਜਿਸ ਵਿਚ 86 ਸ਼ਹੀਦਾਂ ਦਾ ਜੀਵਨ ਵਰਣਨ ਕੀਤਾ ਗਿਆ।

ਦੇਸ਼ ਵੰਡ ਸਮੇਂ ਤਕ ਗੁਰਦੁਆਰਾ ਨਨਕਾਣਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਕਰਦੀ ਰਹੀ ਪਰ ਦੇਸ਼ ਦੇ ਬਟਵਾਰੇ ਨਾਲ ਜਿੱਥੇ ਸਿੱਖਾਂ ਦਾ ਬੇਸ਼ੁਮਾਰ ਜਾਨੀ ਤੇ ਮਾਲੀ ਨੁਕਸਾਨ ਹੋਇਆ, ਉਸ ਦੇ ਨਾਲ ਜਿੰਦ-ਜਾਨ ਤੋਂ ਪਿਆਰੇ 173 ਦੇ ਕਰੀਬ ਇਤਿਹਾਸਿਕ ਗੁਰਦੁਆਰੇ-ਗੁਰਧਾਮਾਂ ਤੋਂ ਵੀ ਸਿੱਖ ਵਿਛੜ ਗਏ। ਵਿਛੋੜੇ ਦੇ ਨਾਸੂਰ ਨੂੰ ਭਰਨ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ ਅਨੁਸਾਰ ਹਰ ਸਿੱਖ ਸਵੇਰੇ-ਸ਼ਾਮ , ਹਰ ਸਮਾਗਮ ਸਮੇਂ , ਗੁਰਦੁਆਰਾ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ-ਗੁਰਧਾਮਾਂ… ਦੇ ਦਰਸ਼ਨ-ਦੀਦਾਰ ਲਈ ਅਰਦਾਸ-ਜੋਦੜੀ ਕਰਦਾ ਹੈ।ਇਸ ਅਦੇਸ਼ ਦੀ ਪਾਲਣਾ, ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਪਾਕਿਸਤਾਨ ਵਿਚ ਵੀ ਨਿਰੰਤਰ ਕੀਤੀ ਜਾ ਰਹੀ ਹੈ।

ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਜੀ ਦੀ ਇਤਿਹਾਸਿਕ ਇਮਾਰਤ, ਵਿਸ਼ਾਲ ਦਰਸ਼ਨੀ ਡਿਉੜੀ ਤੇ ਖੁੱਲ੍ਹਾ ਵਿਹੜਾ, ਸਮੇਂ-ਸਥਾਨ ਤੋਂ ਸੁਤੰਤਰ ਸ੍ਰੀ ਗੁਰੂ ਨਾਨਕ  ਸਾਹਿਬ ਦੀ ਵਿਚਾਰਧਾਰਾ ਨੂੰ ਅੱਜ ਵੀ ਰੂਪਮਾਨ ਕਰਦੇ ਹਨ। ਇਹ ਸਾਕੇ ਸਿੱਖੀ-ਸਿਦਕ, ਸਬਰ, ਸਾਹਸ ਤੇ ਸ਼ਹਾਦਤ ਨੂੰ ਪ੍ਰਤੱਖ ਤੌਰ ’ਤੇ ਰੂਪਮਾਨ ਕਰਦੇ ਹਨ। ਲੋੜ ਹੈ, ਇਨ੍ਹਾਂ ਤੋਂ ਪ੍ਰੇਰਨਾ ਲੈ ਸਿੱਖ ਜੀਵਨ ਜਾਂਚ ’ਚ ਸਤਿ-ਸੰਤੋਖ ਦੇ ਧਾਰਨੀ ਹੋ ਸਮੇਂ ਦੇ ਹਾਣੀ ਹੋਣ ਦੀ! ਸ਼ਹੀਦਾਂ ਦੇ ਪਵਿੱਤਰ ਖੂਨ ਸਦਕਾ ਹੀ ਅੰਗਰੇਜ਼ ਰਾਜ ਕਾਲ ਸਮੇਂ ਸੁਤੰਤਰ ਸਿੱਖ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਹੋਂਦ ’ਚ ਆਈ, ਜਿਸ ਨੂੰ ਸਿੱਖ ਪਾਰਲੀਮੈਂਟ ਹੋਣ ਦਾ ਮਾਣ-ਸਤਿਕਾਰ ਹਾਸਲ ਹੈ। ਜਿਸ ਧਰਤ ਸੁਹਾਵੀ ਤੋਂ ‘ਨਾਨਕ ਨਿਰਮਲ ਪੰਥ’ ਦਾ ਆਗਾਜ਼ ਹੋਇਆ, ਉਸ ਧਰਤੀ ਦੇ ਜ਼ਰੇ-ਜ਼ਰੇ ਨਾਲ ਹਰ ਨਾਨਕ ਨਾਮ ਲੇਵਾ ਦੀ ਮੁਹੱਬਤ ਹੋਣੀ ਲਾਜ਼ਮੀ ਹੈ। ਜਿਸ ਧਰਤੀ ਤੋਂ ਚੱਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਸਚੁ ਸੁਣਾਇਸੀ ਸਚ ਕੀ ਬੇਲਾ’ ਦਾ ਸੰਦੇਸ਼ ਸਮੁੱਚੀ ਮਾਨਵਤਾ ਨੂੰ ਦਿੱਤਾ। ਗੁਰੂ ਨਾਨਕ ਸਾਹਿਬ ਨੇ ਜਬਰ-ਜ਼ੁਲਮ ਦੇ ਵਿਰੁਧ ਬੁਲੰਦ-ਅਵਾਜ਼ ਸਮੇਂ ਦੇ ਬਾਦਸ਼ਾਹ ਬਾਬਰ ਨੂੰ ਜਾਬਰ ਕਹਿ ਸਮੇਂ-ਸਥਾਨ ਤੇ ਪ੍ਰਸਥਿਤੀਆਂ ਤੋਂ ਪ੍ਰਭਾਵਿਤ ਨਾ ਹੁੰਦਿਆਂ ਹੋਇਆਂ ਸਮੇਂ ਸਿਰ, ਸੱਚ ਦੇ ਸਿਧਾਂਤ ਲਿਖੇ, ਸੱਚ ਦੇ ਸੋਹਲੇ ਗਾਏ- ਸੱਚ ਨੂੰ ਜੀਵਨ ’ਚ ਜੀਅ ਕੇ ਦਰਸਾਇਆ। ਸਾਕਾ ਨਨਕਾਣਾ ਸਾਹਿਬ ਦੀ ਯਾਦ, ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਸੰਗਤਾਂ ਵੱਲੋਂ ਪੰਥਕ ਰਵਾਇਤਾਂ ਅਨੁਸਾਰ ਮਨਾਈ ਜਾ ਰਹੀਂ ਹੈ।

 *roopsz@yahoo.comsikhscholar@gmail.com

Check Also

ਅੱਜ ਦਾ ਹੁਕਮਨਾਮਾ – Today’s Hukamnama from Sri Darbar Sahib (25th May, 2023)

ਵੀਰਵਾਰ, 11 ਜੇਠ (ਸੰਮਤ 555 ਨਾਨਕਸ਼ਾਹੀ) 25 ਮਈ, 2023  ਵਡਹੰਸੁ ਮਹਲਾ ੫ ॥ ਸਾਧਸੰਗਿ ਹਰਿ …

Leave a Reply

Your email address will not be published. Required fields are marked *