ਸ਼ਹੀਦੀ-ਸਾਕਾ ਨਨਕਾਣਾ ਸਾਹਿਬ – ਡਾ. ਰੂਪ ਸਿੰਘ

TeamGlobalPunjab
7 Min Read

ਅੱਜ ਤੋਂ 101 ਸਾਲ, ਇਕ ਸਦੀ ਪਹਿਲਾਂ ਸ੍ਰੀ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਵਾਪਰਿਆ, ਜਿਸ ਦੇ ਜਖ਼ਮ ਸਿੱਖ ਹਿਰਦਿਆਂ ਤੇ ਗੁਰਦੁਆਰਾ ਨਨਕਾਣਾ ਸਾਹਿਬ ਦੀ ਇਤਿਹਾਸਿਕ ਇਮਾਰਤ ‘ਤੇ ਗੋਲੀਆਂ ਦੇ ਸੱਤ (7) ਨਿਸ਼ਾਨ ਅੱਜ ਵੀ ਦੇਖੇ ਜਾ ਸਕਦੇ ਹਨ। ਆਓ ਸ਼ਹੀਦੀ ਸਾਕੇ ਬਾਰੇ ਜਾਨਣ ਦਾ ਯਤਨ ਕਰੀਏ. . .

ਡਾ. ਰੂਪ ਸਿੰਘ
ਡਾ. ਰੂਪ ਸਿੰਘ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਪਿਤਾ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ‘ਧਰਮ ਹੇਤ ਸਾਕਾ’ ਕਿਹਾ ਹੈ, ਜਿਸ ਤੋਂ ਸਾਕਾ ਸ਼ਬਦ ਸਿੱਖ ਸ਼ਬਦਾਵਲੀ ਦਾ ਅਟੁੱਟ ਹਿੱਸਾ ਬਣ ਗਿਆ। ਸਤਿਗੁਰੂ ਦੀ ਪਾਵਨ ਬਾਣੀ ‘ਚ ਸਪਸ਼ਟ ਕਰਦੇ ਹਨ:

ਤਿਲਕ ਜੰਞੂ ਰਾਖਾ ਪ੍ਰਭ ਤਾ ਕਾ ॥ ਕੀਨੋ ਬਡੋ ਕਲੂ ਮਹਿ ਸਾਕਾ ॥…

ਧਰਮ ਹੇਤ ਸਾਕਾ ਜਿਨਿ ਕੀਆ ॥ ਸੀਸੁ ਦੀਆ ਪਰੁ ਸਿਰਰੁ ਨ ਦੀਆ ॥

- Advertisement -

ਸਾਕੇ ਦਾ ਅਰਥ ਹੈ, ਕੋਈ ਐਸਾ ਕਰਮ-ਕਾਰਨਾਮਾ ਜੋ ਇਤਿਹਾਸ ਵਿਚ ਪ੍ਰਸਿੱਧ ਰਹਿਣ ਲਾਇਕ ਹੋਵੇ। ਵਚਿੱਤਰ, ਅਨੋਖੀ, ਅਦੁੱਤੀ, ਅਜੀਬ ਘਟਨਾ ਨੂੰ ਸਾਕਾ ਕਿਹਾ ਜਾਂਦਾ ਹੈ। ਜਦ ਧਰਮ ਰੱਖਿਆ, ਅਕੀਦੇ, ਵਿਸ਼ਵਾਸ ਵਾਸਤੇ ਸਿਰ ਦੇ  ਦਿੱਤਾ ਜਾਵੇ ਪਰ ਸਿਰੜ, ਸਿਦਕ ਤੋਂ ਨਾ ਡੋਲੇ ਤਾਂ ਸਾਕੇ ਦੀ ਸਿਰਜਣਾ ਹੁੰਦੀ ਹੈ। ਸਪਸ਼ਟ ਹੈ ਕਿ ਇਹ ਸ਼ਬਦ ਭਾਰੀ ਦੁਖਾਂਤਕ ਘਟਨਾ ਵਾਸਤੇ ਵਰਤਿਆ ਜਾਂਦਾ ਹੈ। ਸਾਕਿਆਂ ਵਿਚ ਸਮੇਂ ’ਤੇ ਸਚ ਬੋਲਣ ਵਾਲਿਆਂ, ਸਤਵਾਦੀਆਂ ਦਾ ਖੂਨ ਡੁੱਲਦਾ ਹੈ, ਜਿਸ ਨਾਲ ਪਾਪ ਦੇ ਧੱਬੇ ਧੁਪਦੇ ਹਨ। ਨਨਕਾਣਾ ਸਾਹਿਬ ਦਾ ਸਾਕਾ ਇਸ ਦੀ ਪਰਤੱਖ ਉਦਾਹਰਣ ਹੈ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਨੂੰ ਇਸ ਅਰਥ ਭਾਵ ਵਾਲੇ ਸਾਕਿਆਂ-ਨਿਰੰਤਨ ਸਨਮੁਖ ਹੋਣਾ ਪਿਆ। ਜਲ੍ਹਿਆਂ ਵਾਲੇ ਬਾਗ ਦਾ ਸਾਕਾ, ਨਨਕਾਣਾ ਸਾਹਿਬ ਦਾ ਸਾਕਾ, ਪੰਜਾ ਸਾਹਿਬ ਦਾ ਸਾਕਾ ਆਦਿ। ਅੰਗਰੇਜ਼ੀ ਸ਼ਾਸਕਾਂ ਦੀ ਸ਼ਹਿ ’ਤੇ ਮਹੰਤਸ਼ਾਹੀ ਦੇ ਤਾਂਡਵ ਨਾਚ ਦੀ ਦਰਦਨਾਕ ਦਾਸਤਾਨ ਨੂੰ ਸਾਕਾ ਨਨਕਾਣਾ ਸਾਹਿਬ ਰੂਪਮਾਨ ਕਰਦਾ ਹੈ। ਇਨ੍ਹਾਂ ਸਾਕਿਆਂ ਨੂੰ ਢਾਡੀ ਬੀਰ ਰਸੀ ਵਾਰਾਂ ਰਾਹੀਂ ਪ੍ਰਗਟ ਕਰਨ ਲਈ ‘ਸਾਕਾ ਕਾਵਿ’ਰੂਪ ਪ੍ਰਚਲਿਤ ਹੋਇਆ।

ਨਨਕਾਣਾ ਸਾਹਿਬ, ਨਾਨਕਿਆਣਾ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਨਾਨਕ ਆਯਨ – ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਯਨ ਭਾਵ ਘਰ। ਇਸ ਧਰਤ-ਸੁਹਾਵੀ ਦਾ ਪਹਿਲਾ ਨਾਂ ਰਾਇਪੁਰ ਫਿਰ ਤਲਵੰਡੀ ਰਾਇ ਭੋਇ ਤੇ ਸਤਿਗੁਰੂ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼-ਪ੍ਰਗਟ ਹੋਣ ਨਾਲ ਸਦੀਵੀ ਨਾਉਂ ਨਨਕਾਣਾ ਸਾਹਿਬ ਵਿਸ਼ਵ ਪ੍ਰਸਿੱਧ ਹੋਇਆ। ਨਨਕਾਣਾ ਸਾਹਿਬ ਲਾਹੌਰ ਤੋਂ ਲੱਗਭਗ 80 ਕਿਲੋਮੀਟਰ ਪੱਛਮ ਵੱਲ ਸਥਿਤ ਹੈ। ਨਨਕਾਣਾ ਸਾਹਿਬ ਦੀ ਧਰਤੀ ’ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਅਨੇਕਾਂ ਅਲੌਕਿਕ ਚੋਜ ਕੀਤੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ’ਤੇ 1613 ਈ: ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਆਗਮਨ ਨਾਲ ਯਾਦਗਾਰੀ ਅਸਥਾਨ ਸਥਾਪਿਤ ਹੋਇਆ ਜੋ ਸਮੇਂ ਦੇ ਬੀਤਣ ਨਾਲ ਗੁਰਦੁਆਰਾ, ਜਨਮ ਅਸਥਾਨ ਨਨਕਾਣਾ ਸਾਹਿਬ ਦੇ ਨਾਂ ਨਾਲ ਵਿਸ਼ਵ ਪ੍ਰਸਿੱਧ ਹੋਇਆ।ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਉਦਾਸੀ ਸੰਪਰਦਾ ਦੇ ਮੁਖੀ ਬਾਬਾ ਅਲਮਸਤ ਜੀ ਨੂੰ ਗੁਰਦੁਆਰਾ ਜਨਮ ਅਸਥਾਨ ਦੀ ਸੇਵਾ-ਸੰਭਾਲ ਸੌਂਪੀ ਸੀ। ਇਸ ਤਰ੍ਹਾਂ ਅਰੰਭ ਤੋਂ ਹੀ ਇਸ ਪਵਿੱਤਰ ਅਸਥਾਨ ਦਾ ਪ੍ਰਬੰਧ ਉਦਾਸੀ ਸੰਪਰਦਾ ਦੇ ਮਹੰਤ-ਪੁਜਾਰੀ ਹੀ ਕਰਦੇ ਰਹੇ। ਸਿੱਖ ਰਾਜ ਕਾਲ ਸਮੇਂ ਗੁਰਦੁਆਰਿਆਂ ਦੇ ਨਾਂ ਲੱਗੀਆਂ ਬੇਸ਼ੁਮਾਰ ਜਗੀਰਾਂ-ਜਾਇਦਾਦਾਂ (ਗੁਰਦੁਆਰਾ ਜਨਮ ਅਸਥਾਨ ਨਨਕਾਨਾ ਸਾਹਿਬ ਦੇ ਨਾਂ ਅਠਾਰ੍ਹਾਂ ਹਜ਼ਾਰ ਏਕੜ ਜ਼ਮੀਨ ਅਤੇ 9892 ਰੁਪਏ ਸਲਾਨਾ ਜਗੀਰ) ਨੇ ਮਹੰਤਾਂ ਨੂੰ ਆਲਸੀ-ਅਯਾਸ਼ ਤੇ ਭ੍ਰਿਸ਼ਟ-ਕੁਕਰਮੀ ਬਣਾ ਦਿੱਤਾ। ਸਿੱਖ ਰਾਜ ਦਾ ਸੂਰਜ ਅਸਤ ਹੋਣ ਦੀ ਦੇਰ ਸੀ ਕਿ ਮਹੰਤਾਂ-ਪੁਜਾਰੀਆਂ ਨੇ ਅੰਗਰੇਜ਼ ਭਗਤ ਬਣ, ਐਸ਼-ਪ੍ਰਸਤੀ ਕਰਨੀ ਸ਼ੁਰੂ ਕਰ ਦਿੱਤੀ। ਮਹੰਤ-ਪੁਜਾਰੀ ਗੁਰਦੁਆਰਿਆਂ ਦੀਆਂ ਜਮੀਨਾਂ-ਜਾਇਦਾਦਾਂ ਤੇ ਜਗੀਰਾਂ ਨੂੰ ਆਪਣੀ ਨਿੱਜੀ, ਪਿਤਾ-ਪੁਰਖੀ ਮਾਲਕੀ ਮਹਿਸੂਸ ਕਰਨ ਲੱਗੇ। ਮਹੰਤਾਂ-ਪੁਜਾਰੀਆਂ ਨੇ ਗੁਰਦੁਆਰਿਆਂ ਨੂੰ ਐਸ਼-ਪ੍ਰਸਤੀ ਦੇ ਡੇਰੇ (ਅੱਡੇ) ਬਣਾ ਲਿਆ। ਜਦ ਸਿੱਖਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ’ਤੇ ਸਨ ਤਦ ਵੀ ਗੁਰਦੁਆਰਾ ਪ੍ਰਬੰਧ ਆਮ ਕਰਕੇ ਪਿਤਾ ਪੁਰਖੀ ਮਹੰਤਾਂ- ਉਦਾਸੀਆਂ ਤੇ ਨਿਰਮਲਿਆਂ ਪਾਸ ਹੀ ਸੀ। ਗੁਰੂ-ਘਰ ਦਾ ਪ੍ਰਬੰਧ ਉਸ ਸਮੇਂ ਤਕ ਠੀਕ ਚਲਦਾ ਰਿਹਾ, ਜਦੋਂ ਤਕ ਪ੍ਰਬੰਧਕ ਸਿੱਖ ਕਦਰਾਂ-ਕੀਮਤਾਂ ਅਨੁਸਾਰ ਜੀਵਨ ਬਸਰ ਕਰਦੇ ਰਹੇ। ਪਰ ਜਦ ਵੀ ਮਹੰਤਾਂ-ਪੁਜਾਰੀਆਂ, ਧਰਮੀ ਸਦਵਾਉਣ ਵਾਲਿਆਂ ਦਾ ਜੀਵਨ ‘ਕਰਤੂਤਿ ਪਸੂ ਕੀ ਮਾਨਸ ਜਾਤਿ’ਵਾਲਾ ਹੋ ਜਾਵੇਗਾ ਤਾਂ ਗਿਰਾਵਟ ਆਉਣੀ ਸੁਭਾਵਿਕ-ਨਿਸਚਿਤ ਹੈ। ਨਨਕਾਣਾ ਸਾਹਿਬ ਦੇ ਮਹੰਤ ਨਰੈਣ ਦਾਸ ਦਾ ਸ਼ਰਾਬ ਪੀ ਕੇ ਆਈ ਸੰਗਤ ਦੀ ਬੇਇੱਜ਼ਤੀ ਕਰਨਾ, ਬੀਬੀਆਂ ਦੀ ਅਜ਼ਮਤ ਨੂੰ ਹੱਥ ਪਾਉਣਾ, ਨਿੱਤ ਦਾ ਕੁਕਰਮ ਬਣ ਗਿਆ ਸੀ। ਮਹੰਤਾਂ ਦੇ ਕੁਕਰਮਾਂ-ਦੁਰਾਚਾਰਾਂ ਦੇ ਦਾਗ ਨੂੰ ਧੋਣ ਵਾਸਤੇ ਪਵਿੱਤਰ ਖੂਨ ਦੀ ਜ਼ਰੂਰਤ ਸੀ ਜਿਸ ਨੂੰ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੇ ਪੂਰਾ ਕੀਤਾ। ਇਸ ਸਮੇਂ ਸਿੱਖ ਸਮਾਜ ਵਿਚ ਸਿੱਖ ਜਾਗ੍ਰਤੀ ਵਜੋਂ ਸਿੰਘ ਸਭਾ ਲਹਿਰ ਚਲ ਰਹੀ ਸੀ। ਚੇਤੰਨ ਗੁਰਸਿੱਖਾਂ ਨੇ ਗੁਰਦੁਆਰਾ ਪ੍ਰਬੰਧ ਨੂੰ ਪਰਵਾਰਿਕ-ਵਿਅਕਤੀਗਤ ਪ੍ਰਬੰਧ ਤੋਂ ਸੰਗਤੀ-ਪੰਥਕ ਪ੍ਰਬੰਧ ’ਚ ਲਿਆਉਣ ਲਈ ਕਮਰਕੱਸੇ ਕਰ ਲਏ। ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਨੂੰ ਮਹੰਤਾਂ ਦੇ ਪ੍ਰਬੰਧ ਤੋਂ ਅਜ਼ਾਦ ਕਰਾਉਣ ਲਈ ਗੁਰਸਿੱਖ ਮਰਜੀਵੜਿਆਂ ਦਾ ਸ਼ਾਂਤਮਈ ਜਥਾ ਫਰਵਰੀ, 1921 ਨੂੰ ਦਰਸ਼ਨੀ ਡਿਉੜੀ ਰਸਤੇ ਅੰਦਰ ਦਾਖਲ ਹੋਇਆ, ਜਿੱਥੇ ਇਨ੍ਹਾਂ ਨਾਨਕ ਨਾਮ ਲੇਵਾ ਗੁਰਸਿੱਖਾਂ ਦਾ ‘ਸੁਆਗਤ’ ਮਹੰਤ, ਉਸ ਦੇ ਗੁੰਡਿਆਂ, ਬਦਮਾਸ਼ਾਂ ਨੇ ਗੋਲੀਆਂ, ਡਾਂਗਾਂ, ਬਰਛੀਆਂ, ਤਲਵਾਰਾਂ ਆਦਿ ਮਾਰੂ ਹਥਿਆਰਾਂ ਨਾਲ ਕੀਤਾ, ਗੁਰੂ-ਘਰ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਖਾਤਰ ਭਾਈ ਲਛਮਣ ਸਿੰਘ ਧਾਰੋਵਾਲੀ, ਭਾਈ ਦਲੀਪ ਸਿੰਘ, ਕਾਕਾ ਦਰਬਾਰਾ ਸਿੰਘ ਸਮੇਤ ਬਹੁਤ ਸਾਰੇ ਬੱਚੇ, ਬਜ਼ੁਰਗ, ਮਾਤਾਵਾਂ ਸ਼ਾਂਤਮਈ ਰਹਿ ਕੇ ਸ਼ਹਾਦਤਾਂ ਪ੍ਰਾਪਤ ਕਰ ਗਏ। ਇਹ ਦੁਖਦਾਈ-ਖੂਨੀ ਸਾਕਾ 10 ਫੱਗਣ, 21 ਫਰਵਰੀ, 1921 ਨੂੰ ਵਾਪਰਿਆ।

ਸਾਕਾ ਨਨਕਾਣਾ ਸਾਹਿਬ ਵਾਪਰਨ ਸਮੇਂ ਕੁਝ ਭੱਟੀ ਮੁਸਲਾਮਾਨਾਂ, ਬਾਬਾ ਕਰਤਾਰ ਸਿੰਘ (ਬੇਦੀ), ਮੰਗਲ ਸਿੰਘ ਕੂਕਾ ਆਦਿ ਨੇ ਵੀ ਕੁਕਰਮੀ ਮਹੰਤਾਂ ਦਾ ਸਾਥ ਦਿੱਤਾ। ਮਹੰਤ ਨਰੈਣ ਦਾਸ ਤੇ ਮਿਸਟਰ ਕਰੀ ਡੀ.ਸੀ ਅਤੇ ਮਿਸਟਰ ਕਿੰਗ ਕਮਿਸ਼ਨਰ ਲਾਹੌਰ ਡਵੀਜ਼ਨ ਦੀ ਸ਼ਹਿ ’ਤੇ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਖੂਨ ਨਾਲ ਲਾਲ ਹੋ ਗਈ। ਬਾਬਾ ਕਰਤਾਰ ਸਿੰਘ (ਬੇਦੀ) ਨੂੰ ਕੁਝ ਸਮੇਂ ਬਾਅਦ ਪੰਥ ਨਾਲ ਕੀਤੀ ਗਦਾਰੀ ਦਾ ਅਹਿਸਾਸ ਹੋਇਆ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋਇਆ ਜਿਸ ’ਤੇ ਉਸ ਨੂੰ ਹੁਣ ਤਕ ਦੀ ਸਭ ਤੋਂ ਸਖ਼ਤ ਸੇਵਾ-ਤਨਖਾਹ 24 ਮਈ, 1924 ਨੂੰ ਲਗਾਈ ਗਈ ਜਿਸ ਅਨੁਸਾਰ ਕਰਤਾਰ ਸਿੰਘ ਨੂੰ ਦੰਡ ਲਾਇਆ ਜਾਂਦਾ ਹੈ ਕਿ, “ ਉਹ ਇਕ ਤਾਂ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ, ਘੰਟਾ ਘਰ ਤੋਂ ਥੜਾ ਸਾਹਿਬ ਤਕ ਝਾੜੂ ਦੇਣ ਦੀ ਸੇਵਾ ਕਰੇ ਅਤੇ ਅੰਮ੍ਰਿਤਸਰ ਤੋਂ ਨੰਗੇਂ ਪੈਰੀਂ ਚੱਲ ਕੇ ਨਨਕਾਣਾ ਸਾਹਿਬ ਜਾਵੇ। ਉੱਥੇ ਪੁੱਜ ਕੇ ਪੰਜ ਅਖੰਡ ਪਾਠ ਕਰਾਵੇ ਤੇ ਦਸ ਹਜ਼ਾਰ ਰੁਪਏ ਸ਼ਹੀਦੀ ਫੰਡ ਵਿਚ ਦੇਵੇ ।“ (ਹੁਕਮਨਾਮੇ ਅਦੇਸ਼ ਸੰਦੇਸ਼ ਪੰਨਾ 78)। (ਚੱਲਦਾ)

 *roopsz@yahoo.comsikhscholar@gmail.com

- Advertisement -
Share this Article
Leave a comment