ਦਿੱਲੀ ਫ਼ਤਿਹ ਦਿਵਸ- ਸਿੱਖਾਂ ਲਈ ਦਿੱਲੀ ਜਿੱਤਣੀ ਬਿੱਲੀ ਮਾਰਨ ਦੇ ਬਰਾਬਰ

TeamGlobalPunjab
7 Min Read

ਗੁਰਦੇਵ ਸਿੰਘ (ਡਾ.)

ਦਿੱਲੀ ਦਾ ਲਾਲ ਕਿਲ੍ਹਾ ਜਿਸ ਨੂੰ ਕਿਹਾ ਜਾਂਦਾ ਹੈ ਕਿ ਸਿੱਖਾਂ ਨੇ ਇਕ ਨਹੀਂ ਦੋ ਨਹੀਂ ਸਗੋਂ ਕਈ ਵਾਰ ਜਿੱਤਿਆ ਹੈ। ਸਿੱਖਾਂ ਵਿੱਚ ਇਹ ਕਹਾਵਤ ਅੱਜ ਵੀ ਮਸ਼ਹੂਰ ਹੈ ਕਿ ਸਿੱਖਾਂ ਲਈ ਦਿੱਲੀ ਜਿੱਤਣੀ ਬਿੱਲੀ ਮਾਰਨ ਦੇ ਬਰਾਬਰ ਹੈ। ਆਹਲੂਵਾਲੀਆ ਮਿਸਲ ਦੇ ਜਥੇਦਾਰ ਸੁਲਤਾਨ-ਉੱਲ-ਕੌਮ ਸ. ਜੱਸਾ ਸਿੰਘ ਆਹਲੂਵਾਲਿਆ, ਕਰੋੜ ਸਿੰਘੀਆ ਮਿਸਲ ਦੇ ਜਥੇਦਾਰ ਸ. ਬਘੇਲ ਸਿੰਘ, ਰਾਮਗੜ੍ਹੀਆ ਮਿਸਲ ਦੇ ਜੱਥੇਦਾਰ ਜਰਨੈਲ ਸ. ਜੱਸਾ ਸਿੰਘ ਰਾਮਗੜ੍ਹੀਆ ਆਦਿ ਜਥੇਦਾਰਾਂ ਦੀ ਅਗਵਾਈ ਵਿੱਚ ਸਿੱਖਾਂ ਨੇ ਦਿੱਲੀ ਨੂੰ ਵਾਰ ਫਤਿਹ ਕੀਤਾ। ਦਿੱਲੀ ਦੇ ਲਾਲ ਕਿੱਲੇ ‘ਤੇ ਸਿੰਘਾਂ ਕਈ ਵਾਰ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ ਹੈ। ਸਿੱਖ ਇਤਿਹਾਸਕ ਦਿਹਾੜਿਆਂ ਵਿੱਚ ਬਹਾਦਰੀ ਤੇ ਜੋਸ਼ ਦੇ ਪ੍ਰਤੀਕ ਦਿੱਲੀ ਫਤਿਹ ਦਾ ਦਿਹਾੜਾ ਵੀ ਸ਼ਾਮਿਲ ਹੈ ਜਿਸ ਨੂੰ ਸਾਰਾ ਸਿੱਖ ਜਗਤ ਹਰ ਵਰੇ ਸ਼ਾਨ ਨਾਲ ਯਾਦ ਕਰਦਾ ਹੈ।

ਸਿੱਖ ਇਤਿਹਾਸ ਪਿਛੋਕੜ ਵੱਲ ਵੇਖੀਏ ਤਾਂ 1780 ਈਸਵੀ ਤਕ 1716 ਈਸਵੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ, 1734 ਈਸਵੀ ਵਿੱਚ ਭਾਈ ਮਨੀ ਸਿੰਘ ਦੀ ਸ਼ਹਾਦਤ, 1746 ਈਸਵੀ ਵਿੱਚ ਛੋਟਾ ਘੱਲੂਘਾਰਾ ਤੇ 1762 ਈਸਵੀ ਕੁਪ ਰੋਹੀੜਾ ਦੇ ਸਥਾਨ ‘ਤੇ ਵੱਡਾ ਘੱਲੂਘਾਰਾ ਦੇ ਰੂਪ ਵਿੱਚ ਡੀਆਂ ਘਟਨਾਵਾ ਵਾਪਰ ਚੁੱਕੀਆਂ ਸਨ। 17 ਵਾਰ ਹਿੰਦੋਸਤਾਨ ‘ਤੇ ਹਮਲਾ ਕਰਨ ਵਾਲਾ ਅਜੇਤੂ ਅਹਿਮਦਸ਼ਾਹ ਅਬਦਾਲੀ ਨੂੰ ਹਰ ਵਾਰ ਸਿੰਘਾਂ ਨੇ ਵੰਗਾਰਿਆਂ ਭਾਵੇਂ ਇਸ ਨਾਲ ਸਿੰਘਾਂ ਦਾ ਭਾਰੀ ਜਾਨੀ ਨੁਕਸਾਨ ਵੀ ਹੋਇਆ ਪਰ ਸਿੰਘਾਂ ਨੇ ਵੀ ਅਹਿਮਦ ਸ਼ਾਹ ਅਬਦਾਲੀ ਨੂੰ ਦੁਬਾਰਾ ਹਿੰਦੋਸਤਾਨ ‘ਤੇ ਹਮਲਾ ਕਰਨ ਦੇ ਕਾਬਿਲ ਨਹੀਂ ਛੱਡਿਆ। ਪੰਜਾਬ ਵਿੱਚ ਸਿੰਘਾਂ ਵੱਖ ਵੱਖ ਮਿਸਲਾਂ ਦੇ ਰੂਪ ਵਿੱਚ ਅਪਣਾ ਦਬਦਬਾ ਬਣਾ ਕੇ ਰੱਖਿਆ। ਵੱਖ ਵੱਖ ਮਿਸਲਾਂ ਨੇ ਆਪਣੇ ਸਿੱਕੇ ਤਕ ਚਲਾ ਰੱਖੇ ਸਨ। ਜਿਨ੍ਹਾਂ ਵਿੱਚ ਜਥੇਦਾਰ ਸ. ਬਘੇਲ ਸਿੰਘ ਦਾ ਤਾਂ ਜਲੰਧਰ ਤੋਂ ਲੈ ਕੇ ਪੀਲੀਭੀਤ ਤਕ ਅਤੇ ਅੰਬਾਲੇ ਤੋਂ ਲੈ ਕੇ ਅਲੀਗੜ੍ਹ ਤਕ ਸਿੱਕਾ ਚੱਲਦਾ ਸੀ। ਪ੍ਰਿੰਸੀਪਲ ਸਤਿਬੀਰ ਸਿੰਘ ਅਨੁਸਾਰ ਗੰਗਾ ਜਮਨਾ ਦੁਆਬ ਦਾ ਕੋਈ ਵੀ ਅਜਿਹਾ ਇਲਾਕਾ ਨਹੀਂ ਸੀ, ਜਿਸ ਨੂੰ ਸ: ਬਘੇਲ ਸਿੰਘ ਨੇ ਨਾ ਲਤਾੜਿਆ।

ਦਿੱਲੀ ਦਾ ਤਖ਼ਤ ਜਿਸ ਨੇ ਸਮੇਂ ਸਮੇਂ ‘ਤੇ ਸਿੱਖ ਕੌਮ ਸਮੇਤ ਹਿੰਦੋਸਤਾਨ ਦੀਆਂ ਹੋਰ ਕੌਮਾਂ ‘ਤੇ ਭਿਆਨਕ ਤਸ਼ੱਦਦ ਕੀਤਾ। ਜਥੇਦਾਰ ਸ: ਬਘੇਲ ਸਿੰਘ ਤੇ ਜਥੇਦਾਰ ਸ: ਜੱਸਾ ਸਿੰਘ ਆਹਲੂਵਾਲੀਆ ਨੇ ਦਿੱਲੀ ਤਖ਼ਤ ਦੇ ਹੰਕਾਰ ਨੂੰ ਚੂਰ ਕਰਨ ਹਿਤ 40 ਹਜ਼ਾਰ ਸਿੱਖ ਫੌਜਾਂ ਨੂੰ ਨਾਲ ਲੈ ਕੇ 8 ਮਾਰਚ 1783 ਨੂੰ ਦਿੱਲੀ ‘ਤੇ ਚੜਾਈ ਕੀਤੀ। ਉਸ ਸਮੇਂ ਦਿੱਲੀ ਤਖ਼ਤ ਉੱਤੇ ਸ਼ਾਹ ਆਲਮ-ਦੂਜਾ ਬੈਠਾ ਸੀ। ਸਿੱਖ ਹਮਲੇ ਦੀ ਖਬਰ ਸੁਣ ਕੇ ਦਰਬਾਰੀ ਅਤੇ ਸ਼ਾਹ ਆਲਮ ਟਾਕਰਾ ਕਰਨ ਦੀ ਥਾਂ ਕਿਲ੍ਹੇ ਅੰਦਰ ਲੁਕ ਗਿਆ। ਸ਼ਾਹ ਆਲਮ ਜਾਣਦਾ ਸੀ ਸਿੱਖਾਂ ਕੋਲੋਂ ਜੰਗ ਨਾਲ ਨਹੀਂ ਸਗੋਂ ਗੱਲਬਾਤ ਰਾਹੀਂ ਜਾਨ ਬਚਾਈ ਜਾ ਸਕਦੀ ਹੈ। ਇਸ ਲਈ ਉਸ ਨੇ ਬੇਗਮ ਸਮਰੂ ਜਿਸ ਨੇ ਕਿ ਸ: ਬਘੇਲ ਸਿੰਘ ਨੂੰ ਧਰਮ ਦਾ ਭਾਈ ਬਣਾਇਆ ਹੋਇਆ ਸੀ ਉਸ ਬੜੀ ਛੇਤੀ ਨਾਲ ਦਿੱਲੀ ਸੱਦਿਆ।

- Advertisement -

ਸਿੱਖ ਫੌਜਾਂ ਨੇ ਦਿੱਲੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਨੂੰ ਆਪਣੇ ਕਬਜੇ ਵਿਚ ਲੈ ਲਿਆ। ਇਸ ਦੌਰਾਨ ਰਾਮਗੜ੍ਹੀਆ ਮਿਸਲ ਦੇ ਜਥੇਦਾਰ ਸ: ਜੱਸਾ ਸਿੰਘ ਰਾਮਗੜ੍ਹੀਆ ਸਮੇਤ ਹੋਰ ਮਿਸਲਦਾਰ ਵੀ ਦਿੱਲੀ ਪੁੱਜ ਗਏ। ਸਿੱਖਾਂ ਦੇ ਹੌਂਸਲੇ ਬੁਲੰਦ ਸਨ ਮੁਗਲਾਂ ਨੂੰ ਆਪਣੀ ਜਾਨ ਦੀ ਪਈ ਹੋਈ ਸੀ। ਸਿੱਖ ਫੌਜ 11 ਮਾਰਚ 1783 ਨੂੰ ਲਾਲ ਕਿਲ੍ਹੇ ਵਿਚ ਦਾਖਲ ਹੋਈ। ਲਾਹੌਰ ਦਰਵਾਜਾ, ਮੀਨਾ ਬਾਜ਼ਾਰ ਅਤੇ ਨਕਾਰ ਖਾਨਾ ਲੰਘ ਕੇ ਉਹ ਦੀਵਾਨ-ਏ-ਆਮ ਵਿਚ ਪਹੁੰਚੇ ਜਿਥੇ ਕਦੇ ਸ਼ਾਹਜਹਾਨ, ਔਰੰਗਜੇਬ ਅਤੇ ਬਹਾਦਰ ਸ਼ਾਹ ਵਰਗੇ ਮੁਗਲ ਦਰਬਾਰ ਲਗਾਇਆ ਕਰਦੇ ਸਨ। ਦੀਵਾਨ-ਏ-ਆਮ ‘ਤੇ ਕਬਜਾ ਕਰ ਲੈਣ ਮਗਰੋਂ ਕਿਲ੍ਹੇ ਦੇ ਮੁਖ ਦਵਾਰ ਉੱਤੇ ਕੇਸਰੀ ਝੰਡਾ ਝੁਲਾਇਆ ਗਿਆ।

ਜਿਸ ਲਾਲ ਕਿਲ੍ਹੇ ਵਿਚੋਂ ਹੰਕਾਰੀ ਬਾਦਸ਼ਾਹ ਫਰੁਖਸ਼ੀਅਰ ਦੇ ਹੁਕਮ ਨਾਲ ਬਾਬਾ ਬੰਦਾ ਸਿੰਘ ਬਹਾਦਰ ਅਤੇ 740 ਦੇ ਕਰੀਬ ਸਿੰਘਾਂ ਨੂੰ ਭਾਰੀ ਅੱਤਿਆਚਾਰ ਕਰਕੇ ਸ਼ਹੀਦ ਕੀਤਾ ਗਿਆ ਸੀ। ਅੱਜ ਉਹੀ ਲਾਲ ਕਿਲ੍ਹਾ ਖਾਲਸੇ ਦੇ ਕਦਮਾਂ ਵਿਚ ਸੀ ਅਤੇ ਇਥੋਂ ਦਾ ਮੁਗਲ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਸਿੱਖਾਂ ਕੋਲੋਂ ਆਪਣੀ ਜਾਨ ਅਤੇ ਰਾਜ ਦੀ ਸਲਾਮਤੀ ਦੀ ਭੀਖ ਮੰਗ ਰਿਹਾ ਸੀ।

ਦੀਵਾਨ-ਏ-ਆਮ ਵਿਚ ਦਰਬਾਰ ਲਗਾ ਕੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ ਐਲਾਨ ਕੇ ਦਿੱਲੀ ਤਖਤ ‘ਤੇ ਬਿਠਾਇਆ ਗਿਆ। 12 ਮਾਰਚ 1783 ਨੂੰ ਬੇਗਮ ਸਮਰੂ ਦਿੱਲੀ ਪਹੁੰਚ ਗਈ। ਉਸ ਨੇ ਆਪਣੇ ਬਣਾਏ ਧਰਮ ਦੇ ਭਰਾ  ਜਥੇਦਾਰ ਬਘੇਲ ਸਿੰਘ ਕਿਹਾ ਕਿ ਸ਼ਾਹ ਆਲਮ-2 ਦੀ ਜ਼ਿੰਦਗੀ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ ਅਤੇ ਲਾਲ ਕਿਲ੍ਹੇ ‘ਤੇ ਸ਼ਾਹ ਆਲਮ ਦੂਜੇ ਦਾ ਅਧਿਕਾਰ ਬਣਿਆ ਰਹਿਣ ਦਿੱਤਾ ਜਾਵੇ।

ਧਰਮ ਦੀ ਭੈਣ ਬਣੀ ਬੇਗਮ ਸਮਰੂ ਦੀ ਇਸ ਇੱਛਾ ਦਾ ਮਾਣ ਰੱਖਦਿਆਂ ਸ: ਬਘੇਲ ਸਿੰਘ ਨੇ ਵੀ ਕੁਝ ਸ਼ਰਤਾਂ ਸ਼ਾਹ ਆਲਮ ਅੱਗੇ ਰੱਖੀਆਂ। ਜਿੰਨ੍ਹਾਂ ਵਿੱਚ ਪਹਿਲੀ ਦਿੱਲੀ ਦੀਆਂ ਉਹ ਸਾਰੀਆਂ ਥਾਵਾਂ ਸਿੱਖਾਂ ਨੂੰ ਸੌਂਪ ਦਿੱਤੀਆਂ ਜਾਣ, ਜਿਨ੍ਹਾਂ ਦਾ ਸਬੰਧ ਸਿੱਖ ਗੁਰੂ ਸਾਹਿਬਾਨ ਨਾਲ ਜੁੜਿਆ ਹੋਵੇ। ਦੂਜੀ, ਉਪਰੋਕਤ ਸਥਾਨਾਂ ਨਿਸ਼ਾਨਦੇਹੀ ਹੋ ਜਾਣ ਉਪਰੰਤ ਸ਼ਾਹੀ ਫਰਮਾਨ ਜਾਰੀ ਕੀਤਾ ਜਾਵੇ ਕਿ ਪੰਥ ਨੂੰ ਆਪਣੇ ਗੁਰੂ ਸਾਹਿਬਾਨ ਦੀਆਂ ਯਾਦਗਾਰਾਂ ਉਸਾਰਨ ਦੀ ਆਗਿਆ ਦਿੱਤੀ ਜਾਵੇ। ਤੀਜੀ, ਸ਼ਹਿਰ ਦੀ ਕੋਤਵਾਲੀ ਖਾਲਸੇ ਦੇ ਸਪੁਰਦ ਕੀਤੀ ਜਾਵੇ ਅਤੇ ਦਿੱਲੀ ਵਿਚ ਮਾਲ ਦੀ ਵਿਕਰੀ ਤੋਂ ਇਕੱਠੀ ਹੋਣ ਵਾਲੀ ਚੁੰਗੀ ਵਿਚੋਂ 37 5% ਦੇ ਹਿਸਾਬ ਨਾਲ ਸਿੱਖਾਂ ਨੂੰ ਪੈਸਾ ਦਿੱਤਾ ਜਾਵੇ। ਇਹ ਪੈਸਾ ਗੁਰਦੁਆਰਿਆਂ ਦੀ ਉਸਾਰੀ ਅਤੇ ਫੌਜ ਦੀਆਂ ਤਨਖਾਹਾਂ ਆਦਿ ‘ਤੇ ਖਰਚ ਕੀਤਾ ਜਾਵੇਗਾ। ਸ਼ਰਤਾਂ ਮੰਨ ਲਈ ਗਈਆਂ।

ਸਿੰਘਾਂ ਨੇ ਜਿੱਤਿਆ ਹੋਇਆ ਲਾਲ ਕਿਲ੍ਹਾ ਫਿਰ ਹਾਰੇ ਹੋਏ ਰਾਜੇ ਨੂੰ ਤਰਸ ਦੇ ਅਧਾਰ ‘ਤੇ ਹੀ ਦੇ ਦਿੱਤਾ। ਜੱਥੇਦਾਰ ਜੱਸਾ ਸਿੰਘ ਰਾਮਗੜੀਆਂ ਨੇ ਪੰਜਾਬ ਵਾਪਸੀ ‘ਤੇ ਲਾਲ ਕਿਲ੍ਹੇ ਦੇ ਤਖਤ-ਏ-ਤਾਊਸ ਨੂੰ ਪੁਟ ਲਿਆਂਦਾ ਅਤੇ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਸਥਾਪਿਤ ਕਰ ਦਿੱਤਾ। ਜੱਥੇਦਾਰ ਸ. ਬਘੇਲ ਸਿੰਘ ਦੇ ਜੱਥੇ ਨੂੰ ਦਿੱਲੀ ਦੇ ਗੁਰਦੁਆਰਿਆਂ ਦੀ ਉਸਾਰੀ ਕਰਨ ਹਿਤ ਦਿੱਲੀ ਛੱਡ ਬਾਕੀ ਸਾਰੀ ਸਿੱਖ ਫੌਜ ਵਾਪਸ ਪੰਜਾਬ ਆ ਗਈ। ਜਥੇਦਾਰ ਬਘੇਲ ਸਿੰਘ ਨੇ 6 ਕੁ ਮਹੀਨਿਆ ਵਿੱਚ ਦਿੱਲੀ ਦੇ ਸਾਰੇ ਪ੍ਰਮੁੱਖ ਇਤਿਹਾਸਕ ਗੁਰਦੁਆਰਿਆਂ ਦੀ ਉਸਾਰੀ ਕਰਵਾਈ। ਜਥੇਦਾਰ ਸ. ਬਘੇਲ ਸਿੰਘ ਦੀ ਪੰਜਾਬ ਵਾਪਸੀ ‘ਤੇ ਸ਼ਹਿਨਸ਼ਾਹ ਆਲਮ ਸ਼ਾਹ ਦੂਜੇ ਨੇ ਉਸ ਦਾ ਕਿਲ੍ਹੇ ਵਿੱਚ ਬੁਲਾ ਕੇ ਸ਼ਾਹੀ ਸਤਿਕਾਰ ਕੀਤਾ ਤੇ ਪੰਜ ਹਜ਼ਾਰ ਰੁਪਏ ਕੜਾਹ ਪ੍ਰਸ਼ਾਦਿ ਲਈ ਦੇ ਕੇ ਸ: ਬਘੇਲ ਸਿੰਘ ਨੂੰ ਬੜੇ ਆਦਰ ਤੇ ਸਤਿਕਾਰ ਨਾਲ ਰੁਖ਼ਸਤ ਕੀਤਾ।

- Advertisement -

ਸਿੱਖਾਂ ਨੇ ਹਮੇਸ਼ਾਂ ਇਹ ਸਾਬਤ ਕੀਤਾ ਹੈ ਕਿ ਇਹ ਨਾ ਤਾ ਕਿਸੇ ਤੋਂ ਡਰਦੇ ਨੇ ਅਤੇ ਨਾ ਹੀ ਕਿਸੇ ਨੂੰ ਡਰਾਉਂਦੇ ਹਨ। ਇਹ ਰਾਜ ਕਰਨਾ ਵੀ ਜਾਣਦੇ ਨੇ ਕਰਵਾਉਣਾ ਵੀ। ਸਿੱਖਾਂ ‘ਤੇ ਗੁਰੂ ਦੀ ਬਖਸ਼ਿਸ਼ ਐਨੀ ਹੈ ਕਿ ਇਨ੍ਹਾਂ ਨੇ ਵੱਡੇ ਵੱਡੇ ਤਖ਼ਤ ਆਪਣੇ ਪੈਰਾਂ ਥੱਲੇ ਰੋਂਦੇ ਹਨ। ਸਿੱਖ ਆਕੜ ਭੰਨਣੀ ਜਾਣਦਾ ਹਨ। ਲਾਲ ਕਿਲੇ ਦੇ ਫਤਿਹ ਦਿਵਸ ‘ਤੇ ਆਓ ਉਨ੍ਹਾਂ ਸਾਰੇ ਆਪਣੇ ਜਰਨੈਲਾਂ ਦੀ ਲਾਸਾਨੀ ਤੇ ਬੇਮਿਸਾਲ ਬਹਾਦਰੀ ਨੂੰ ਵਾਰ ਵਾਰ ਸਿਜਦਾ ਕਰੀਏ ਜਿੰਨ੍ਹਾ ਨੇ ਤਲਵਾਰ ਤੇ ਕਿਰਦਾਰ ਦੇ ਨਾਲ ਅਜਿਹੇ ਸ਼ਾਨਾਮਤੇ ਇਤਿਹਾਸ ਨੂੰ ਸਿਰਜਿਆ।

*gurdevsinghdr@gmail.com

Share this Article
Leave a comment