-ਅਵਤਾਰ ਸਿੰਘ
ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਅੱਜ ਸਾਡੇ ਵਿਚਕਾਰ ਨਹੀਂ ਰਹੇ। ਰਾਗਾਂ ਦੇ ਮਾਹਿਰਾਂ ਤੇ ਸਰੋਦੀ ਸੁਰਤਾਲ ਅਤੇ ਕੀਰਤਨ ਦੀ ਜਦੋਂ ਵੀ ਗੱਲ ਚੱਲੇਗੀ ਤਾਂ ਭਾਈ ਸਾਹਿਬ ਦਾ ਨਾਂ ਆਪਣੇ ਆਪ ਜ਼ਬਾਨ ‘ਤੇ ਆ ਜਾਇਆ ਕਰੇਗਾ। ਉਹ ਗੁਣਾਂ ਦੀ ਤਜ਼ੌਰੀ ਸਨ। ਉਹ ਆਪਣੇ ਆਪ ਵਿੱਚ ਇਕ ਉੱਚੀ ਸੁੱਚੀ ਸੰਸਥਾ ਸਨ।
ਕੌਮ ਦੇ ਅਨਮੋਲ ਹੀਰੇ ਭਾਈ ਨਿਰਮਲ ਸਿੰਘ ਖਾਲਸਾ ਛੇ ਕੁ ਮਹੀਨੇ ਪਹਿਲਾਂ ਇੰਗਲੈਂਡ ਤੋਂ ਆਪਣੀ ਕਰਮ ਭੂਮੀ ‘ਤੇ ਆਏ ਸਨ। ਪਿਛਲੇ ਦਿਨੀਂ ਵਿਸ਼ਵ ਭਰ ਵਿਚ ਫੈਲੀ ਭਿਆਨਕ ਬਿਮਾਰੀ ਕੋਰੋਨਾਵਾਇਰਸ ਨੇ ਇਸ ਮਹਾਨ ਸਖਸ਼ੀਅਤ ਨੂੰ ਘੇਰਾ ਪਾ ਲਿਆ। 2 ਅਪ੍ਰੈਲ ਨੂੰ ਤੜਕੇ ਭਾਈ ਨਿਰਮਲ ਸਿੰਘ ਖਾਲਸਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਨ੍ਹਾਂ ਵਲੋਂ ਗੁਰਮਤਿ ਸੰਗੀਤ ਦੇ ਖੇਤਰ ਵਿਚ ਪਾਏ ਯੋਗਦਾਨ ਨੂੰ ਸਿੱਖ ਕੌਮ ਹਮੇਸ਼ਾ ਯਾਦ ਰੱਖੇਗੀ।
ਪਰ ਕੌਮ ਦੇ ਅਨਮੋਲ ਹੀਰੇ ਭਾਈ ਨਿਰਮਲ ਸਿੰਘ ਖਾਲਸਾ ਦੇ ਅੰਤਲੇ ਸਮੇਂ ਵਿਚ ਇਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ। ਅਜਿਹਾ ਕੁਝ ਵਾਪਰ ਗਿਆ ਕਿ ਜਿਸ ਨਾਲ ਹਰ ਸਿੱਖ ਦਾ ਹਿਰਦਾ ਵਲੂੰਧਰਿਆ ਗਿਆ। ਭਾਈ ਨਿਰਮਲ ਸਿੰਘ ਖਾਲਸਾ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੁੰਦੀ ਹੈ ਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਅੰਤਿਮ ਸੰਸਕਾਰ ਲਈ ਉਨ੍ਹਾਂ ਦੇ ਹੀ ਜੱਦੀ ਪਿੰਡ ਵਿਚ ਥਾਂ ਨਹੀਂ ਦਿੱਤੀ ਜਾਂਦੀ। ਹਾਲੇ ਉਨ੍ਹਾਂ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਹੋ ਹੀ ਰਹੀਆਂ ਸਨ ਕਿ ਸ਼ਾਮਸ਼ਾਨਘਾਟ ਨੂੰ ਜਿੰਦਰਾ ਮਾਰ ਦਿੱਤਾ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਕਰਨ ਤੋਂ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਇਕ ਦਾਨੀ ਸੱਜਣ ਵਲੋਂ ਪਿੰਡ ਸ਼ੁਕਰਚੱਕ ਵਿੱਚ ਦਿੱਤੀ ਜ਼ਮੀਨ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਸਿੱਖ ਪੰਥ ਦੀਆਂ ਪ੍ਰਮੁੱਖ ਸਖਸ਼ੀਅਤੀਆਂ ਸਮੇਤ ਸਿਆਸੀ ਆਗੂਆਂ ਨੇ ਇਸ ਨੂੰ ਮੰਦਭਾਗੀ ਘਟਨਾ ਦੱਸਿਆ ਹੈ। ਪੂਰੇ ਸੰਸਾਰ ਵਿਚ ਵਸਦੇ ਸਿੱਖ ਇਸ ਘਟਨਾ ਤੋਂ ਦੁਖੀ ਹਨ।
ਇਹ ਘਟਨਾ ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਵਲੋਂ ਵੰਡ ਦੇ ਸੰਤਾਪ ਨੂੰ ਬਿਆਨ ਕਰਦੇ ਨਾਵਲ ‘ਚਿੱਟਾ ਲਹੂ’ ਦੀ ਪਾਤਰਤਾ ਨਾਲ ਮੇਲ ਖਾਂਦੀ ਨਜ਼ਰ ਆਉਂਦੀ ਹੈ ਜਿਸ ਵਿਚ ਆਪਣੇ ਸਕੇ ਵੀ ਉਨ੍ਹਾਂ ਨੂੰ ਪਛਾਨਣ ਤੋਂ ਨਾਂਹ ਕਰ ਦਿੰਦੇ ਹਨ।
ਭਾਈ ਨਿਰਮਲ ਸਿੰਘ ਖਾਲਸਾ ਦਾ ਮੁੱਢਲਾ ਜੀਵਨ ਅਤਿ ਦੀ ਗ਼ਰੀਬੀ ਵਿਚ ਬੀਤਿਆ। ਉਨ੍ਹਾਂ ਦੀ ਮੇਹਨਤ ਤੇ ਲਗਨ ਸਦਕਾ ਉਹ ਪਦਮਸ਼੍ਰੀ ਦੇ ਖਿਤਾਬ ਤਕ ਪਹੁੰਚੇ ਸਨ। 1952 ਵਿਚ ਜਨਮੇ ਭਾਈ ਨਿਰਮਲ ਸਿੰਘ ਦਾ ਪਰਿਵਾਰ ਦੇਸ਼ ਦੀ ਵੰਡ ਤੋਂ ਬਾਅਦ ਭਾਰਤ ਆਇਆ ਸੀ। ਪਰ ਇਥੇ ਰੁਜ਼ਗਾਰ ਦਾ ਕੋਈ ਸਾਧਨ ਨਾ ਹੋਣ ਕਾਰਨ ਸਰਕਾਰ ਵਲੋਂ ਅਲਾਟ ਕੀਤੀ ਗਈ ਜ਼ਮੀਨ ਵਿਚ ਉਹ ਆਪਣੇ ਪਿਤਾ ਨਾਲ ਖੇਤੀ ਕਰਨ ਲੱਗ ਪਏ ਅਤੇ ਇਸ ਦੇ ਨਾਲ ਹੀ ਪਰਿਵਾਰ ਦਾ ਗੁਜਾਰਾ ਹੁੰਦਾ ਰਿਹਾ।
ਭਾਈ ਨਿਰਮਲ ਸਿੰਘ ਨੂੰ ਵਿਹਲੇ ਸਮੇਂ ਸੰਗੀਤ ਸੁਣਨ ਦਾ ਸ਼ੌਕ ਸੀ। ਉਹ ਰੇਡੀਓ ‘ਤੇ ਪਾਕਿਸਤਾਨ ਤੋਂ ਆਓਂਦੇ ਸੰਗੀਤ ਦੇ ਪ੍ਰੋਗਰਾਮ ਸੁਣਦੇ ਰਹਿੰਦੇ ਸਨ। ਕਦੇ ਕਦੇ ਉਨ੍ਹਾਂ ਦੇ ਮਨ ਵਿਚ ਆਉਂਦਾ ਸੀ ਕਿ ਉਹ ਵੀ ਸੰਗੀਤ ਨਾਲ ਜੁੜਨ, ਪਰ ਘਰ ਦੀ ਗਰੀਬੀ ਅਤੇ ਵਸੀਲਿਆਂ ਦੀ ਘਾਟ ਉਨ੍ਹਾਂ ਦੇ ਰਾਹ ‘ਚ ਰੋਕਾਂ ਸਨ। ਇਹ ਵੀ ਪਤਾ ਲੱਗਾ ਕਿ ਘਰ ਵਿਚ ਜਦੋਂ ਉਨ੍ਹਾਂ ਨੇ ਇਸ ਖੇਤਰ ਵਲ ਜਾਣ ਦੀ ਜਿਦ ਕੀਤੀ ਤਾਂ ਉਨ੍ਹਾਂ ਦੀ ਮਾਤਾ ਨੇ ਗਹਿਣੇ ਦੇ ਦਿੱਤੇ। ਦੱਸਿਆ ਜਾਂਦਾ ਕਿ ਇਹ ਗਹਿਣੇ ਥੋੜੇ ਜਿਹੇ ਪੈਸਿਆਂ ਵਿਚ ਵੇਚ ਕੇ ਇਸ ਤੋਂ ਬਾਅਦ ਉਹ ਅੰਮ੍ਰਿਤਸਰ ਆ ਗਏ ਜਿਥੇ ਉਨ੍ਹਾਂ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਚ ਸੰਗੀਤ ਵਿਦਿਆ ਹਾਸਲ ਕਰਨ ਲਈ ਦਾਖਲਾ ਲੈਣਾ ਚਾਹਿਆ। ਇਹ ਵੀ ਦੱਸਿਆ ਜਾਂਦਾ ਕਿ ਉਨ੍ਹਾਂ ਨੂੰ ਸੰਗੀਤ ਦੀ ਤਾਲੀਮ ਦਾ ਇਲਮ ਨਾ ਹੋਣ ਕਰਕੇ ਇਥੇ ਦਾਖਲਾ ਮਿਲਣਾ ਮੁਸ਼ਕਲ ਸੀ ਪਰ ਤਤਕਾਲੀ ਸ਼੍ਰੋਮਣੀ ਕਮੇਟੀ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਦੇ ਨਿੱਜੀ ਦਖਲ ਨਾਲ ਉਨ੍ਹਾਂ ਨੂੰ ਇਥੇ ਦਾਖਲ ਕਰਨ ਦੀ ਇਜਾਜ਼ਤ ਮਿਲ ਗਈ। ਇਥੇ ਰਹਿ ਕੇ ਉਨ੍ਹਾਂ ਸੰਗੀਤ ਦੀ ਤਾਲੀਮ ਹਾਸਲ ਕੀਤੀ। ਇਸ ਤੋਂ ਇਲਾਵਾ ਭਾਈ ਸਾਹਿਬ ਗੁਲਾਮ ਅਲੀ ਦੇ ਕਾਫੀ ਨੇੜੇ ਦਸੇ ਜਾਂਦੇ ਸਨ। ਉਹ ਆਪਣੇ ਆਪ ਨੂੰ ਗੁਲਾਮ ਅਲੀ ਦਾ ਸ਼ਾਗਿਰਦ ਵੀ ਦੱਸਦੇ ਸਨ। ਉਨ੍ਹਾਂ ਕੋਲੋਂ ਵੀ ਸੰਗੀਤ ਦੀ ਸਿਖਿਆ ਲੈਂਦੇ ਰਹਿੰਦੇ ਸਨ। ਉਨ੍ਹਾਂ ਨੇ ਮਹਾਨ ਕੀਰਤਨੀਏ ਭਾਈ ਗੁਰਮੇਜ ਸਿੰਘ ਨਾਲ ਵੀ ਕਾਫੀ ਲੰਮਾ ਸਮਾਂ ਸਹਾਇਕ ਰਾਗੀ ਵਜੋਂ ਸੇਵਾ ਨਿਭਾਈ।
1984 ਦੇ ਕਾਲੇ ਦੌਰ ਵਿਚ ਵੀ ਭਾਈ ਨਿਰਮਲ ਸਿੰਘ ਖਾਲਸਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਹਾਜ਼ਰ ਸਨ। ਉਹ ਲੰਮਾ ਸਮਾਂ ਦਰਬਾਰ ਸਾਹਿਬ ਵਿਚ ਹਜ਼ੂਰੀ ਰਾਗੀ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ। ਉਹ ਦੱਸਦੇ ਹੁੰਦੇ ਸਨ ਕਿ ਉਨ੍ਹਾਂ ਨੇ ਲਗਪਗ 71 ਦੇਸ਼ਾਂ ਦੀ ਯਾਤਰਾ ਕੀਤੀ ਅਤੇ ਆਪਣੇ ਰਸਭਿੰਨੇ ਕੀਰਤਨ ਦੀ ਮਹਿਕ ਵੰਡੀ। ਇਨ੍ਹਾਂ ਮਹਾਨ ਸੇਵਾਵਾਂ ਬਦਲੇ 2009 ਵਿਚ ਉਨ੍ਹਾਂ ਨੂੰ ਪਦਮਸ਼੍ਰੀ ਐਵਾਰਡ ਨਾਲ ਨਿਵਾਜਿਆ ਗਿਆ।
ਭਾਈ ਨਿਰਮਲ ਸਿੰਘ ਖਾਲਸਾ ਵਲੋਂ ਸੰਗੀਤ ਬਾਰੇ ਦੋ ਪੁਸਤਕਾਂ ਵੀ ਲਿਖੀਆਂ ਗਈਆਂ। ‘ਗੁਰਮਿਤ ਸੰਗੀਤ ਦੇ ਅਨਮੋਲ ਹੀਰੇ’ ਤਹਿਤ ਪੁਰਾਤਨ ਰਬਾਬੀਆਂ ਤੋਂ ਲੈ ਕੇ ਮੌਜੂਦਾ ਦੌਰ ਦੇ ਮਹਾਨ ਰਾਗੀਆਂ ਬਾਰੇ ਕਿਤਾਬ ਆਉਣ ਵਾਲੀਆਂ ਨਸਲਾਂ ਨੂੰ ਬੇਸ਼ਕੀਮਤੀ ਖਜ਼ਾਨਾ ਦਿੱਤਾ। ਇਹ ਪੁਸਤਕ ਉਨ੍ਹਾਂ ਦੀ ਲਿਖਣ ਕਲਾ ਦੀ ਪੁਖ਼ਤਗੀ, ਰੌਚਿਕਤਾ ਅਤੇ ਹਕੀਕਤ-ਬਿਆਨੀ ਦਾ ਮੁਜੱਸਮਾ ਹੋ ਨਿਬੜੀ ਤਾਰੀਖੀ ਦਸਤਾਵੇਜ਼ ਹੈ। ਉਨ੍ਹਾਂ ਇਕ ਹੋਰ ਕਿਤਾਬ ‘ਪ੍ਰਸਿੱਧ ਕੀਰਤਨਕਾਰ ਬੀਬੀਆਂ’ ਬਾਰੇ ਵੀ ਲਿਖੀ। ਲਗਪਗ 25 ਵਿਦਿਆਰਥੀਆਂ ਨੇ ਭਾਈ ਸਾਹਿਬ ‘ਤੇ ਪੀਐੱਚ. ਡੀ ਵੀ ਕੀਤੀ। ਉਨ੍ਹਾਂ ਦੀ ਸੰਗੀਤ ਸ਼ੈਲੀ ਦੇ ਲੋਕ ਅੱਜ ਵੀ ਮੁਰੀਦ ਹਨ।