ਸਾਕਾ ਨੀਲਾ ਤਾਰਾ! ਤੱਥਾਂ ‘ਤੇ ਪਰਦਾਪੋਸ਼ੀ ਕਿਉਂ?

TeamGlobalPunjab
5 Min Read

-ਜਗਤਾਰ ਸਿੰਘ ਸਿੱਧੂ

ਸਾਕਾ ਨੀਲਾ ਤਾਰਾ ! ਅਕਹਿ ਅਤੇ ਅਸਹਿ ਦੁਖਾਂਤ ਦੀ ਕਹਾਣੀ। ਮਾਨਵਤਾ ਦੇ ਮੱਥੇ ਦਾ ਕਲੰਕ। ਮੁਗਲ ਸਲਤਨਤ ਦੀ ਦਰਿੰਦਗੀ ਨੂੰ ਵੀ ਪਿੱਛੇ ਛੱਡ ਗਿਆ। ਅਜਿਹਾ ਨਹੀਂ ਹੈ ਕਿ ਸਿੱਖ ਭਾਈਚਾਰੇ ਨੇ ਇਸ ਤਰ੍ਹਾਂ ਦੇ ਘੱਲੂਘਾਰਿਆਂ ਨੂੰ ਆਪਣੇ ਪਿੰਡੇ ‘ਤੇ ਨਹੀਂ ਹੰਢਾਇਆ ਸੀ। 1746 ਵਿੱਚ ਲਾਹੌਰ ਦੇ ਗਵਰਨਰ ਯਹੀਆ ਖਾਂ ਦੇ ਹੁਕਮ ‘ਤੇ ਫੌਜਾਂ ਨੇ ਕਾਹਨੂੰਵਾਨ ਦੇ ਇਲਾਕੇ ਵਿੱਚ ਸਿੱਖਾਂ ਨੂੰ ਜਾ ਘੇਰਿਆ ਅਤੇ 10 ਹਜ਼ਾਰ ਸਿੱਖਾਂ ਦਾ ਕਤਲੇਆਮ ਕਰ ਦਿੱਤਾ। ਇਸ ਨੂੰ ਛੋਟੇ ਘਲੂਘਾਰੇ ਦੇ ਨਾਂ ‘ਤੇ ਚੇਤੇ ਕਰਦੇ ਹਾਂ। 1762 ਵਿੱਚ ਕੁਪ ਰਹੀੜਾ ਵਿਖੇ ਹਮਲਾਵਰ ਅਹਿਮਦ ਸ਼ਾਹ ਅਬਦਾਲੀ ਨੇ ਘੇਰਾ ਪਾ ਕੇ 30 ਹਜ਼ਾਰ ਤੋਂ ਵਧੇਰੇ ਸਿੱਖ ਕਤਲ ਕਰ ਦਿੱਤੇ। ਠੀਕ 222 ਸਾਲ ਬਾਅਦ 1984 ਵਿੱਚ ਭਾਰਤੀ ਫੌਜ ਨੇ ਜਦੋਂ ਦਰਬਾਰ ਸਾਹਿਬ ‘ਤੇ ਹਮਲਾ ਕੀਤਾ ਤਾਂ ਮਾਨਵਤਾ ਕੰਬ ਉੱਠੀ। ਸ਼ਾਂਤੀ ਅਤੇ ਮਾਨਵਤਾ ਦਾ ਸੁਨੇਹਾ ਦੇਣ ਵਾਲੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਇਸ ਕਾਰੇ ਲਈ ਚੁਣਿਆ। ਇਸ ਦਿਹਾੜੇ ‘ਤੇ ਹਜ਼ਾਰਾਂ ਦੀ ਗਿਣਤੀ ‘ਚ ਮਰਦ, ਔਰਤਾਂ, ਬੱਚੇ ਅਤੇ ਬਜ਼ੁਰਗ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਏ ਸਨ। ਪਿਛਲੇ 36 ਸਾਲ ਦੌਰਾਨ ਇਸ ਗੈਰ-ਮਨੁੱਖੀ ਕਾਰੇ ‘ਤੇ ਮੀਡੀਆ ਅੰਦਰ ਬਹੁਤ ਚਰਚਾ ਹੋਈ ਹੈ। ਇਸ ਹਮਲੇ ਦੇ ਵੱਖ-ਵੱਖ ਪਹਿਲੂਆਂ ਬਾਰੇ ਕਈ ਕਿਤਾਬਾਂ ਵੀ ਆਈਆਂ ਹਨ। ਨਿੱਜੀ ਤੌਰ ‘ਤੇ ਕਈ ਹਸਤੀਆਂ ਵੱਲੋਂ ਸਾਰੇ ਪਹਿਲੂਆਂ ਦੇ ਤੱਥ ਇਕੱਠੇ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਾਣਕਾਰੀ ਦੇਣ ਲਈ ਪੇਤਲਾ ਜਿਹਾ ਉਪਰਾਲਾ ਕੀਤਾ ਗਿਆ ਅਤੇ ਕੇਂਦਰ ਸਰਕਾਰ ਵੀ ਆਪਣਾ ਪੱਖ ਪੂਰਦੀ ਰਹੀ। ਇਸ ਸਾਰੇ ਕਾਸੇ ਦੇ ਬਾਵਜੂਦ ਸਾਕਾ ਨੀਲਾ ਤਾਰਾ ਦੇ ਸਾਰੇ ਪਹਿਲੂਆਂ ਦਾ ਸੱਚ ਸਾਹਮਣੇ ਨਹੀਂ ਆ ਸਕਿਆ। ਫੌਜੀ ਹਮਲੇ ਵਿੱਚ ਕੰਪਲੈਕਸ ਅੰਦਰ ਮੋਰਚੇ ਸੰਭਾਲੀ ਬੈਠੇ ਸਿੰਘ ਸ਼ਹੀਦ ਹੋਏ। ਆਮ ਸ਼ਰਧਾਲੂ ਗੋਲੀਬਾਰੀ ‘ਚ ਮਾਰੇ ਗਏ।

ਇਸ ਦੀ ਜਾਣਕਾਰੀ ਦੇਣ ਵਾਲੇ ਅੰਕੜੇ ਵੀ ਵੱਖੋ-ਵੱਖਰੇ ਹਨ। ਇਸ ਘੱਲੂਘਾਰੇ ਤੋਂ ਬਾਅਦ ਪੰਜਾਬ ਵਿੱਚ ਬਣੀਆਂ ਅਕਾਲੀ ਦਲ ਦੀਆਂ ਸਰਕਾਰਾਂ ਨੇ ਵੀ ਸੱਚ ਸਾਹਮਣੇ ਲਿਆਉਣ ਲਈ ਕੋਈ ਸੰਜੀਦਾ ਜਾਂਚ ਨਹੀਂ ਕਰਵਾਈ ਜਿਹੜੀ ਕਿ ਅਲੱਗ-ਅਲੱਗ ਖਿੰਡੇ ਤੱਥਾਂ ਨੂੰ ਇਕੱਠੇ ਕਰਕੇ ਇੱਕ ਦਸਤਾਵੇਜ਼ ਪੇਸ਼ ਕਰਦੀ। ਸਾਕਾ ਨੀਲਾ ਤਾਰਾ ਨਾਲ ਜੁੜੇ ਅਨੇਕਾਂ ਸੁਆਲ ਹਨ ਜਿੰਨਾ ਦਾ ਅਜੇ ਤੱਕ ਜੁਆਬ ਤੱਥਾਂ ਦੇ ਆਧਾਰ ‘ਤੇ ਸਾਹਮਣੇ ਨਹੀਂ ਆਇਆ। ਇਹ ਕਿਹਾ ਜਾ ਰਿਹਾ ਹੈ ਕਿ ਕਈ ਮਹੀਨੇ ਪਹਿਲਾਂ ਹੀ ਸਾਕਾ ਨੀਲਾ ਤਾਰਾ ਦੀ ਕਾਰਵਾਈ ਦਾ ਫੈਸਲਾ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਲੈ ਲਿਆ ਸੀ। ਕੀ ਇਸ ਬਾਰੇ ਪੰਜਾਬ ਸਰਕਾਰ ਨਾਲ ਕੋਈ ਸੰਪਰਕ ਕੀਤਾ ਗਿਆ। ਮਿਸਾਲ ਵਜੋਂ ਪੰਜਾਬ ਦੇ 1984 ਵਿੱਚ ਮੁੱਖ ਸਕੱਤਰ ਰਹੇ ਕੇ.ਡੀ. ਵਾਸੂਦੇਵਾ ਦਾ ਮੀਡੀਆ ਅੰਦਰ ਆਏ ਇੱਕ ਲੇਖ ਤੋਂ ਐਨੀ ਜਾਣਕਾਰੀ ਮਿਲਦੀ ਹੈ ਕਿ 2 ਜੂਨ 1984 ਨੂੰ ਉਸ ਨੂੰ ਪੰਜਾਬ ਦੇ ਰਾਜਪਾਲ ਬੀ.ਡੀ. ਪਾਂਡੇ ਨੇ ਚੰਡੀਗੜ੍ਹ ਵਿਖੇ ਸ਼ਾਮੀਂ ਪੰਜਾਬ ਭਵਨ ਬੁਲਾਇਆ ਸੀ। ਪਾਂਡੇ ਉਸੇ ਦਿਨ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਦਿੱਲੀ ਮਿਲ ਕੇ ਆਏ ਸਨ। ਉਸ ਮੀਟਿੰਗ ਵਿੱਚ ਉਸ ਵੇਲੇ ਦੇ ਪ੍ਰਮੁੱਖ ਸਕੱਤਰ ਅਮਰੀਕ ਸਿੰਘ ਪੂੰਨੀ ਵੀ ਹਾਜ਼ਰ ਸਨ। ਰਾਜਪਾਲ ਪਾਂਡੇ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚੋਂ ਖਾੜਕੂਆਂ ਨੂੰ ਕੱਢਣ ਲਈ ਫੌਜ ਸੱਦੀ ਗਈ ਹੈ। ਪੱਛਮੀ ਕਮਾਂਡ ਦੇ ਜਨਰਲ ਆਫੀਸਰ ਕਮਾਂਡਿੰਗ ਇਨ ਚੀਫ ਲੈਫ. ਜਨਰਲ ਕੇ. ਸੁੰਦਰਜੀ ਵੀ ਉੱਥੇ ਹਾਜ਼ਰ ਸਨ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਫੌਜ ਦੀ ਮਦਦ ਲੈਣ ਲਈ ਇੱਕ ਚਿੱਠੀ ਸੁੰਦਰਜੀ ਨੂੰ ਸੌਂਪੀ ਗਈ। ਬੇਸ਼ੱਕ ਫੈਸਲਾ ਤਾਂ ਦਿੱਲੀ ਨੇ ਕਰ ਦਿੱਤਾ ਸੀ ਪਰ ਇਹ ਇੱਕ ਰਾਜਸੀ ਕਾਰਵਾਈ ਪੂਰੀ ਕਰਨੀ ਸੀ। ਪੂੰਨੀ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਪਰ ਉਨ੍ਹਾਂ ਨੇ ਫੌਜ ਦੇ ਹਵਾਲੇ ਕਰਨ ਵਾਲੀ ਚਿੱਠੀ ‘ਤੇ ਆਪਣੀ ਮੋਹਰ ਲਾ ਦਿੱਤੀ। ਪੰਜਾਬ ਵਿੱਚ ਫੌਜ ਤਾਂ 27 ਅਤੇ 28 ਮਈ ਤੱਕ ਹੀ ਤਾਇਨਾਤ ਹੋ ਚੁੱਕੀ ਸੀ ਪਰ ਇਸ ਪੱਤਰ ਨਾਲ ਪੰਜਾਬ ਦੇ ਅਧਿਕਾਰੀ ਬਾਹਰ ਹੋ ਗਏ ਅਤੇ ਪੰਜਾਬ ‘ਤੇ ਫੌਜ ਦਾ ਹੁਕਮ ਲਾਗੂ ਹੋ ਗਿਆ। ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੇ ਸੰਕੇਤ ਪੰਜਾਬ ਦੇ ਅਧਿਕਾਰੀਆਂ ਦੀਆਂ ਦਿੱਲੀ ਦੇ ਅਧਿਕਾਰੀਆਂ ਨਾਲ ਹੋ ਰਹੀਆਂ ਮੀਟਿੰਗਾਂ ਵਿੱਚ ਹੀ ਮਿਲ ਰਹੇ ਸਨ। ਇਸ ਤੋਂ ਪਹਿਲਾਂ ਪੰਜਾਬ ਵਿੱਚ ਮੁੱਖ ਮੰਤਰੀ ਰਹੇ ਦਰਬਾਰਾ ਸਿੰਘ ਅਤੇ ਕੇਂਦਰ ਵਿੱਚ ਬੈਠੇ ਗਿਆਨੀ ਜੈਲ ਸਿੰਘ ਦੀ ਧੜੇਬੰਦੀ ਸਿਖਰ ‘ਤੇ ਸੀ। ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਆਪਸ ਵਿੱਚ ਅਣਬਣ ਸੀ। ਇਹ ਦੋਸ਼ ਵੀ ਲਗਦੇ ਰਹੇ ਹਨ ਕਿ ਰਵਾਇਤੀ ਲੀਡਰਸ਼ਿਪ ਨੇ ਕੇਂਦਰ ਨੂੰ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੀ ਸਹਿਮਤੀ ਦਿੱਤੀ। ਕੇਂਦਰ ਨੂੰ ਇਹ ਭੁਲੇਖਾ ਸੀ ਕਿ ਫੌਜੀ ਕਾਰਵਾਈ ਕਰਕੇ ਸਿੱਖਾਂ ਨੂੰ ਦਬਾਇਆ ਜਾ ਸਕਦਾ ਹੈ ਅਤੇ ਬਾਕੀ ਮੁਲਕ ਵਿੱਚ ਇਸ ਦਾ ਰਾਜਸੀ ਲਾਭ ਲਿਆ ਜਾ ਸਕਦਾ ਹੈ। (ਚੱਲਦਾ)

ਸੰਪਰਕ : 98140-02186

- Advertisement -

Share this Article
Leave a comment