ਮੋਗਾ/ਧਰਮਕੋਟ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਵਾਸਤੇ ਆਉਂਦੀਆਂ ਸੰਸਦੀ ਚੋਣਾਂ ਵਿਚ ਆਮ ਆਦਮੀ ਪਾਰਟੀ (ਆਪ) ਨੂੰ ਰੱਦ ਕਰ ਦੇਣ ਅਤੇ ਉਹਨਾਂ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਗੁਆਂਢੀ ਰਾਜਾਂ ਨਾਲ ਕੀਤੇ ਗਏ ਪਾਣੀਆਂ ਦੇ ਸਮਝੌਤੇ ਰੱਦ ਕਰੇਗੀ।
ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਇਥੇ ਫਰੀਦਕੋਟ, ਨਿਹਾਲ ਸਿੰਘ ਵਾਲਾ, ਧਰਮਕੋਟ ਅਤੇ ਮੋਗਾ ਵਿਚ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕੀਤਾ, ਨੇ ਜ਼ੋਰ ਦੇ ਕੇ ਕਿਹਾ ਕਿ ਰਾਜਸਥਾਨ ਕੋਲ ਪੰਜਾਬ ਦੇ ਦਰਿਆਈ ਪਾਣੀ ਹਾਸਲ ਕਰਨ ਦਾ ਕੋਈ ਹੱਕ ਨਹੀਂ ਹੈ ਕਿਉਂਕਿ ਉਹ ਗੈਰ ਰਾਈਪੇਰੀਅਨ ਰਾਜ ਹੈ। ਉਹਨਾਂ ਕਿਹਾ ਕਿ 1955 ਵਿਚ ਕਾਂਗਰਸ ਦੀ ਸਰਕਾਰ ਨੇ ਪੰਜਾਬ ਦਾ 16 ਐਮ ਏ ਐਫ ਪਾਣੀ ਰਾਜਸਥਾਨ ਨੂੰ ਦੇ ਦਿੱਤਾ ਸੀ। ਉਹਨਾਂ ਕਿਹਾ ਕਿ ਇਸ ਕਾਰਣ ਮਾਲਵਾ ਪੱਟੀ ਨੂੰ ਬਹੁਤ ਨੁਕਸਾਨ ਪੁੱਜਾ। ਉਹਨਾਂ ਕਿਹਾ ਕਿ ਅੱਜ ਜ਼ਮੀਨ ਹੇਠਾਂ ਕਈ ਥਾਵਾਂ ’ਤੇ ਪਾਣੀ 1500 ਫੁੱਟ ਹੇਠਾਂ ਚਲਾ ਗਿਆ ਹੈ ਤੇ ਉਥੇ ਖੇਤੀ ਵਾਸਤੇ ਪਾਣੀ ਯੋਗ ਨਹੀਂ ਰਿਹਾ। ਉਹਨਾਂ ਕਿਹਾ ਕਿ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਅਸੀਂ ਸੂਬੇ ਨਾਲ ਦਰਿਆਈ ਪਾਣੀਆਂ ਦੀ ਸਾਂਝ ਬਾਰੇ ਕੀਤੇ ਸਾਰੇ ਸਮਝੌਤੇ ਰੱਦ ਕਰਾਂਗੇ ਤਾਂ ਜੋ ਤੁਹਾਡੇ ਖੇਤਾਂ ਨੂੰ ਪਾਣੀ ਮਿਲ ਸਕੇ।
ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪ ਸਰਕਾਰ ਵੱਲੋਂ ਪੰਜਾਬ ਦਾ ਅੱਧਾ ਦਰਿਆਈ ਪਾਣੀ ਐਸ ਵਾਈ ਐਲ ਨਹਿਰ ਰਾਹੀਂ ਹਰਿਆਣਾ ਨੂੰ ਦੇਣ ਦੀ ਸਾਜ਼ਿਸ਼ ਨੂੰ ਮੁੱਢੋਂ ਹੀ ਖਤਮ ਕਰ ਦੇਣ। ਉਹਨਾਂ ਕਿਹਾ ਕਿ ਭਾਵੇਂ ਪੰਜਾਬ ਦਾ ਇਸਦੇ ਖੇਤਰ ਵਿਚੋਂ ਲੰਘਦੇ ਸਾਰੇ ਦਰਿਆਵਾਂ ਦੇ ਪਾਣੀਆਂ ’ਤੇ ਅਨਿੱਖੜਵਾਂ ਹੱਕ ਹੈ ਪਰ ਤਹਿਤ ਨਹਿਰੀ ਪਾਣੀ ਨਾਲ ਸਿੰਜਣ ਵਾਲੀ ਧਰਤੀ ਦਾ ਸਰਵੇਖਣ ਕਰ ਕੇ ਇਸਦੀ ਰਿਪੋਰਟ ਸੁਪਰੀਮ ਕੋਰਟ ਵਿਚ ਪੇਸ਼ ਕਰ ਕੇ ਸੂਬੇ ਦਾ ਪਾਣੀ ਹਰਿਆਣਾ ਨੂੰ ਦੇਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਮੁਤਾਬਕ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਹਿਰੀ ਪਟਵਾਰੀਆਂ ਤੇ ਮਾਲ ਵਿਭਾਗ ਦੇ ਸਟਾਫ ਨੂੰ ਹੁਕਮ ਦਿੱਤਾ ਹੈ ਕਿ ਉਹ ਜਾਅਲੀ ਸਰਵੇਖਣ ਤਿਆਰ ਕਰਨ ਕਿ ਪੰਜਾਬ ਵਿਚ 100 ਫੀਸਦੀ ਖੇਤਾਂ ਲਈ ਨਹਿਰੀ ਪਾਣੀ ਉਪਲਬਧ ਹੈ ਜਦੋਂ ਕਿ ਅਸਲ ਵਿਚ ਸਿਰਫ 23 ਫੀਸਦੀ ਖੇਤਾਂ ਤੱਕ ਹੀ ਨਹਿਰੀ ਪਾਣੀ ਪਹੁੰਚਦਾ ਹੈ। ਉਹਨਾਂ ਕਿਹਾ ਕਿ ਅਜਿਹਾ ਆਪ ਮੁਖੀ ਅਰਵਿੰਦ ਕੇਜਰੀਵਾਲ ਦੇ ਹੁਕਮਾਂ ’ਤੇ ਕੀਤਾ ਜਾ ਰਿਹਾ ਹੈ ਜਿਹਨਾਂ ਨੇ ਪਹਿਲਾਂ ਹੀ ਹਰਿਆਣਾ ਤੇ ਦਿੱਲੀ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਉਹ ਐਸ ਵਾਈ ਐਲ ਨਹਿਰ ਦਾ ਪਾਣੀ ਲਿਆ ਕੇ ਦੇਣਗੇ। ਉਹਨਾਂ ਕਿਹਾ ਕਿ ਆਪ ਇਸ ਕਦਮ ਨਾਲ ਹਰਿਆਣਾ ਤੇ ਦਿੱਲੀ ਵਿਚ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਆਪ ਸਰਕਾਰ ਵੱਲੋਂ ਸਰਕਾਰ ਦੇ ਗੈਰ ਕਾਨੂੰਨੀ ਹੁਕਮ ਮੰਨਣ ਤੋਂ ਇਨਕਾਰੀ 400 ਨਹਿਰੀ ਪਟਵਾਰੀਆਂ ਨੂੰ ਮੁਅੱਤਲ ਕਰਨ ਦੇ ਹੁਕਮਾਂ ਦੀ ਸਖ਼ਤ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਅਸੀਂ ਪਟਵਾਰੀਆਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜ੍ਹਾ ਹਾਂ ਤੇ ਯਕੀਨੀ ਬਣਾਵਾਂਗੇ ਕਿ ਇਹਨਾਂ ਦਾ ਕੋਈ ਨੁਕਸਾਨ ਨਾ ਹੋਵੇ।
ਉਹਨਾਂ ਕਿਹਾ ਕਿ ਅਸੀਂ ਇਸ ਪੰਜਾਬ ਵਿਰੋਧੀ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਉਹ ਹਰਿਆਣਾ ਨੂੰ ਪਾਣੀ ਦੇਣ ਦਾ ਆਪਣਾ ਫੈਸਲਾ ਵਾਪਸ ਲਵੇ ਅਤੇ ਅਸੀਂ ਇਸ ਵਾਸਤੇ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਾਂ।
ਬਾਦਲ ਨੇ ਫਰੀਦਕੋਟ ਪਾਰਲੀਮਾਨੀ ਹਲਕੇ ਬਾਰੇ ਅਕਾਲੀ ਦਲ ਦੀ ਸਰਕਾਰ ਵੇਲੇ ਹੋਏ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਇਲਾਕੇ ਵਿਚੋਂ ਸੇਮ ਦੀ ਸਮੱਸਿਆ ਖਤਮ ਕੀਤੀ ਤੇ ਤੁਹਾਡੀਆਂ ਜ਼ਮੀਨਾਂ ਨੂੰ ਵਾਹੀਯੋਗ ਬਣਾਇਆ। ਉਹਨਾਂ ਕਿਹਾ ਕਿ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਤੁਹਾਨੂੰ ਸਿੰਜਾਈ ਸਹੂਲਤਾਂ ਮਿਲੀਆਂ ਤੇ ਤੁਹਾਡੇ ਖੇਤਾਂ ਵਿਚ ਅੰਡਰ ਗਰਾਉਂਡ ਪਾਈਪ ਵੀ ਪਾਏ ਗਏ।
ਬਾਦਲ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜਦੋਂ ਉਹਨਾਂ ਅਗਲੇ ਮਹੀਨੇ ਦੀ 1 ਤਾਰੀਕ ਨੂੰ ਵੋਟਾਂ ਪਾਉਣੀਆਂ ਹਨ ਤਾਂ ਉਹ 1 ਜੂਨ 1984 ਚੇਤੇ ਰੱਖਣ। ਉਹਨਾਂ ਕਿਹਾ ਕਿ ਤੁਸੀਂ ਚੇਤੇ ਰੱਖਿਓ ਕਿ ਇਸ ਦਿਨ ਸ੍ਰੀ ਦਰਬਾਰ ਸਾਹਿਬ ’ਤੇ ਇੰਦਰਾ ਗਾਂਧੀ ਨੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ ਸੀ। ਇਸ ਮਗਰੋਂ ਕਾਂਗਰਸ ਪਾਰਟੀ ਨੇ ਦਿੱਲੀ ਤੇ ਦੇਸ਼ ਦੇ ਹੋਰ ਸ਼ਹਿਰਾਂ ਵਿਚ ਸਿੱਖਾਂ ਦਾ ਕਤਲੇਆਮ ਕਰਵਾਇਆ ਸੀ। ਉਹਨਾਂ ਕਿਹਾ ਕਿ ਕੀਤੇ ਗੁਨਾਹਾਂ ਲਈ ਕੋਈ ਵੀ ਪੰਜਾਬੀ ਕਾਂਗਰਸ ਨੂੰ ਮੁਆਫ ਨਹੀਂ ਕਰ ਸਕਦਾ।
ਫਰੀਦਕੋਟ ਤੋਂ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਕਿਵੇਂ ਕਾਂਗਰਸ ਤੇ ਆਪ ਨੇ ਕਿਸਾਨਾਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਨਾਲ ਵਿਤਕਰਾ ਕੀਤਾ। ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਜਿਹਨਾਂ ਦੋਵਾਂ ਪਾਰਟੀਆਂ ਨੇ ਝੂਠੇ ਵਾਅਦਿਆਂ ਨਾਲ ਤੁਹਾਡੇ ਨਾਲ ਧੋਖਾ ਕੀਤਾ, ਉਹਨਾਂ ਨੂੰ ਸਬਕ ਸਿਖਾਇਆ ਜਾਵੇ।
ਪਾਰਟੀ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ ਨੇ ਦੱਸਿਆ ਕਿ ਕਿਵੇਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤਖਤ ਸ੍ਰੀ ਹਜ਼ੂਰ ਸਾਹਿਬ ਤੇ ਸ੍ਰੀ ਪਟਨਾ ਸਾਹਿਬ ’ਤੇ ਆਰ ਐਸ ਐਸ ਦਾ ਕਬਜ਼ਾ ਕਰਵਾਉਣਾ ਚਾਹੁੰਦੀ ਹੈ।ਉਹਨਾਂ ਕਿਹਾ ਕਿ ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ ਦੀ ਸਥਾਪਨਾ ਵਿਚ ਕੇਂਦਰ ਸਰਕਾਰ ਦਾ ਵੀ ਪੂਰਾ ਹੱਥ ਹੈ ਤੇ ਜੇਕਰ ਤੁਸੀਂ ਆਪਣੀਆਂ ਵੋਟਾਂ ਨਾਲ ਇਸਨੂੰ ਨਾ ਰੋਕਿਆ ਤਾਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੋਰ ਨੁਕਸਾਨ ਕਰੇਗੀ।