Breaking News

ਭਗਵੰਤ ਮਾਨ ਦੀ ਆਉਣ ਵਾਲੀ ਸਰਕਾਰ ਨੂੰ ਪੂਰਾ ਸਹਿਯੋਗ ਦੇਣ ਲਈ ਅਕਾਲੀ ਦਲ ਤਿਆਰ: ਸੁਖਬੀਰ ਬਾਦਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਉਹਨਾਂ ਦੀ ਪਾਰਟੀ ਪੰਜਾਬ ‘ਚ ਆਉਂਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਪੂਰਾ ਸਹਿਯੋਗ ਦੇਵੇਗੀ, ਮਨੋਨੀਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਵੇਂ ਅਤੇ ਜਿਥੇ ਵੀ ਜ਼ਰੂਰੀ ਸਮਝਣ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਕ ਜ਼ਿੰਮੇਵਾਰ ਪੰਥਕ ਪਾਰਟੀ ਵਜੋਂ ਅਸੀਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਪ੍ਰਤੀ ਵਚਨਬੱਧ ਹਾਂ। ਉਹਨਾਂ ਕਿਹਾ ਕਿ ਅਕਾਲੀ ਦਲ ਪੰਜਾਬੀਆਂ ਦੀ ਭਲਾਈ ਤੇ ਖੁਸ਼ਹਾਲੀ ਵਾਸਤੇ ਅਤੇ ਸੂਬੇ ਦੇ ਧਾਰਮਿਕ, ਆਰਥਿਕ, ਖੇਤਰੀ ਤੇ ਦਰਿਆਈ ਪਾਣੀਆਂ ਦੇ ਮਾਮਲਿਆਂ ਵਿਚ ਹਿੱਤਾਂ ਦੀ ਰਾਖੀ ਵਾਸਤੇ ਨਵੇਂ ਮੁੱਖ ਮੰਤਰੀ ਦੀ ਹਮਾਇਤ ਵਾਸਤੇ ਇਕ ਹੋਰ ਵਾਧੂ ਕਦਮ ਚੁੱਕਣ ਵਾਸਤੇ ਤਿਆਰ ਹਾਂ।

ਉਹਨਾਂ ਕਿਹਾ ਕਿ ਭਾਵੇਂ ਅਸੀਂ ਸੱਤਾ ਵਿਚ ਹਾਂ ਜਾਂ ਫਿਰ ਸੱਤਾ ਤੋਂ ਬਾਹਰ ਹਾਂ, ਅਕਾਲੀ ਦਲ ਹਮੇਸ਼ਾ ਖਾਲਸਾ ਪੰਥ ਅਤੇ ਪੰਜਾਬ ਦੀ ਚੜ੍ਹਦੀਕਲਾ ਵਾਸਤੇ ਅਤੇ ਸੂਬੇ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਵਾਸਤੇ ਕੰਮ ਕਰਦੇ ਰਹੇ ਹਾਂ ਤੇ ਕਰਦੇ ਰਹਾਂਗੇ। ਉਹਨਾਂ ਕਿਹਾ ਕਿ ਅਸੀਂ ਆਉਂਦੇ ਮੁੱਖ ਮੰਤਰੀ ਤੇ ਉਹਨਾਂ ਦੀ ਪਾਰਟੀ ਨੁੰ ਦਿਲੋਂ ਮੁਬਾਰਕਾਂ ਦਿੰਦੇ ਹਾਂ ਤੇ ਸ਼ੁਭਕਾਮਨਾਵਾਂ ਦਿੰਦੇ ਹਾਂ।

ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਲੱਖਾਂ ਪੰਜਾਬੀਆਂ ਦਾ ਦਿਲੋਂ ਧੰਨਵਾਦ ਕੀਤਾ ਜਿਹਨਾਂ ਨੇ ਅਕਾਲੀ ਦਲ ਤੇ ਬਸਪਾ ਗਠਜੋੜ ਵਾਸਤੇ ਵੋਟਾਂ ਪਾਈਆਂ। ਉਹਨਾਂ ਕਿਹਾ ਕਿ ਉਹ ਦੋਹਾਂ ਪਾਰਟੀਆਂ ਦੇ ਵਰਕਰਾਂ ਵੱਲੋਂ ਕੀਤੀ ਸਖ਼ਤ ਮਿਹਨਤ ਦੇ ਕਾਇਲ ਹਨ। ਉਹਨਾਂ ਕਿਹਾ ਕਿ ਭਾਵੇਂ ਅਸੀਂ ਸੱਤਾ ਵਿਚੋਂ ਬਾਹਰ ਹਾਂ ਪਰ ਸਾਡੀ ਇਹ ਲੱਖਾਂ ਲੋਕਾਂ ਪ੍ਰਤੀ ਜ਼ਿੰਮੇਵਾਰੀ ਬਣਦੀ ਹੈ ਜਿਹਨਾਂ ਨੇ ਸਾਡੀਆਂ ਪਾਰਟੀਆਂ ਲਈ ਵੋਟਾਂ ਪਾਈਆਂ। ਉਹਨਾਂ ਕਿਹਾ ਕਿ ਅਸੀਂ ਸੰਜੀਦਗੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ। ਉਹਨਾਂ ਨਾਲ ਹੀ ਕਿਹਾ ਕਿ ਅੱਗੇ ਹੋ ਕੇ ਜ਼ਿੰਮੇਵਾਰੀ ਨਿਭਾਉਣ ਦੇ ਫਰਜ਼ ਵਜੋਂ ਇਹ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਪਾਰਟੀ ਦੀ ਕਾਰਗੁਜ਼ਾਰੀ ਲਈ ਜ਼ਿੰਮੇਵਾਰੀ ਪ੍ਰਵਾਨ ਕਰਾਂ ਨਾ ਕਿ ਇਮਾਨਦਾਰ ਤੇ ਮਿਹਨਤੀ ਅਕਾਲੀ ਵਰਕਰਾਂ, ਉਮੀਦਵਾਰਾਂ ਜਾਂ ਗਠਜੋੜ ਦੇ ਭਾਈਵਾਲਾਂ ’ਤੇ ਜ਼ਿੰਮੇਵਾਰੀ ਸੁੱਟਾਂ। ਉਹਨਾਂ ਕਿਹਾ ਕਿ ਇਹਨਾਂ ਸਾਰਿਆਂ ਨੇ ਅਣਕਿਆਸੀ ਲਹਿਰ ਦੇ ਖਿਲਾਫ ਡੱਟ ਕੇ ਲੜਾਈ ਲੜੀ।

ਇਸ ਦੌਰਾਨ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਹਰਚਰਨ ਬੈਂਸ ਨੇ ਬਠਿੰਡਾ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਬਾਦਲ ਨੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਸੱਦ ਲਈ ਹੈ, ਜਿਸ ਵਿਚ ਚੋਣ ਨਤੀਜਿਆਂ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਹ ਮੀਟਿੰਗ 14 ਮਾਰਚ ਨੁੰ ਦੁਪਹਿਰ ਬਾਅਦ 2.00 ਵਜੇ ਪਾਰਟੀ ਦੇ ਮੁੱਖ ਦਫਤਰ ਵਿਚ ਹੋਵੇਗੀ।

Check Also

ਕੀ ਹੈ National Security Act 1980 ?

ਚੰਡੀਗੜ੍ਹ: ਪੰਜਾਬ ਪੁਲਿਸ ਦੇ ਆਈਜੀ ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਕਾਨਫ਼ਰੰਸ ਕਰ ਦੱਸਿਆ ਕਿ ਅੰਮ੍ਰਿਤਪਾਲ …

Leave a Reply

Your email address will not be published. Required fields are marked *