ਜਿਹੜੀਆਂ ਥਾਵਾਂ ’ਤੇ ਵਿਰੋਧੀ ਧਿਰ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਕੇ ਕਾਂਗਰਸੀ ਬਿਨਾਂ ਮੁਕਾਬਲੇ ਜਿੱਤੇ, ਉਹਨਾਂ ਸਾਰੀਆਂ ’ਤੇ ਮੁੜ ਚੋਣਾਂ ਕਰਵਾਈ ਜਾਣ: ਅਕਾਲੀ ਦਲ

TeamGlobalPunjab
5 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਜਿਹੜੀਆਂ ਥਾਵਾਂ ’ਤੇ ਵਿਰੋਧੀ ਧਿਰ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਕੇ ਕਾਂਗਰਸੀ ਉਮੀਦਵਾਰ ਬਿਨਾਂ ਮੁਕਾਬਲੇ ਜਿੱਤੇ ਹਨ, ਉਹਨਾਂ ਦੀ ਚੋਣ ਰੱਦ ਕੀਤੀ ਜਾਵੇ ਅਤੇ ਇਹਨਾਂ ਵਿਚ ਮੁੜ ਚੋਣਾਂ ਕਰਵਾਈਆਂ ਜਾਣ ਅਤੇ ਪਾਰਟੀ ਨੇ ਮੰਗ ਕੀਤੀ ਕਿ ਰਹਿੰਦੀਆਂ ਥਾਵਾਂ ’ਤੇ ਆਜ਼ਾਦ ਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਪੈਰਾ ਮਿਲਟਰੀਫੋਰਸ ਤਾਇਨਾਤ ਕੀਤੀ ਜਾਵੇ।

ਇਥੇ ਪਾਰਟੀ ਦੇ ਮੁੱਖ ਦਫਤਰ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜ਼ੀਰਾ ਵਿਚ ਵਿਰੋਧੀ ਧਿਰ ਦੇ ਉਮੀਦਵਾਰਾਂ ਦੇ ਕਾਗਜ਼ ਸਮੂਹਿਕ ਤੌਰ ’ਤੇ ਰੱਦ ਕੀਤੇ ਗਏ ਜਿਥੇ ਸਾਰੇ 17 ਕਾਂਗਰਸੀ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਕਰਾਰ ਦਿੱਤੇ ਗਏ ਹਨ। ਉਹਨਾਂ ਕਿਹਾ ਕ ਇਸੇ ਤਰੀਕੇ ਗੁਰੂ ਹਰਿਸਹਾਏ ਵਿਚ 15 ਵਿਚੋਂ 8 ਸੀਟਾਂ ’ਤੇ ਕਾਂਗਰਸੀ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਕਰਾਰ ਦਿੱਤੇ ਗਏ ਹਨ, ਮਲੂਕਾ ਵਿਚ 11 ਵਿਚੋਂ 7, ਮਹਿਰਾਜ ਵਿਚ 13 ਵਿਚੋਂ 5, ਭਾਈ ਰੂਪਾ ਵਿਚ 13 ਵਿਚੋਂ ਚਾਰ, ਮੰਡੀ ਗੋਬਿੰਦਗੜ੍ਹ ਵਿਚ 6 ਅਤੇ ਫਿਰੋਜ਼ਪੁਰ ਵਿਚ 8 ਸੀਟਾਂ ’ਤੇ ਵਿਰੋਧੀ ਧਿਰ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਕੇ ਕਾਂਗਰਸੀ ਜੇਤੂ ਕਰਾਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਗਿੱਦੜਬਾਹਾ ਵਿਚ 7 ਸੀਟਾਂ ’ਤੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਹਨ।

ਇਹਨਾਂ ਸਾਰੀਆਂ ਸੀਟਾਂ ’ਤੇ ਮੁੜ ਚੋਣਾਂ ਕਰਵਾਏ ਜਾਣ ਦੀ ਮੰਗ ਕਰਦਿਆ ਡਾ ਚੀਮਾ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕਾਂ ਦੇ ਕਹਿਣ ’ਤੇ ਕਾਗਜ਼ਾਂ ਦੀ ਪੜਤਾਲ ਦਾ ਸਮਾਂ ਖਤਮ ਹੋਣ ਤੋਂ ਬਾਅਦ ਵੀ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ। ਉਹਨਾਂ ਕਿਹਾ ਕਿ ਹੁਣ ਸਪਸ਼ਟ ਹੈ ਕਿ ਇਹ ਮਿਉਂਸਪਲ ਚੋਣਾਂ ਅਜਿਹੀਆਂ ਹਨ ਜਿਸ ਵਿਚ ਸਰਕਾਰ ਲੋਕਾਂ ਖਿਲਾਫ ਲੜ ਰਹੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਵਿਚ ਭਾਈਵਾਲ ਬਦ ਗਏ ਹਨ ਤੇ ਹਾਲ ਹੀ ਵਿਚ ਹੋਈ ਸਰਬ ਪਾਰਟੀ ਮੀਟਿੰਗ ਵਿਚ ਆਜ਼ਾਦ ਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਦੇ ਆਪਣੇ ਵਾਅਦੇ ਤੋਂ ਭੱਜ ਗਏ ਹਨ।

ਅਕਾਲੀ ਆਗੂ ਨੇ ਕਿਹਾ ਕਿ ਅਕਾਲੀ ਦਲ ਕੋਲ ਹੁਣ ਕੋਈ ਚਾਰਾ ਨਹੀਂ ਰਿਹਾ ਤੇ ਉਹ ਅਦਾਲਤਾਂ ਤੇ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਕੋਲ ਪਹੁੰਚ ਕਰੇਗਾ। ਉਹਨਾਂ ਕਿਹਾ ਕਿ ਇਹ ਲੋਕਤੰਤਰ ਲਈ ਬਹੁਤ ਹੀ ਮਾੜਾ ਦਿਨ ਹੈ ਜਦੋਂ ਸੂਬਾ ਚੋਣ ਕਮਿਸ਼ਨਰ ਵਰਗੀ ਸੰਵਿਧਾਨਕ ਅਥਾਰਟੀ ਨੇ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਤਿਆਗ ਦਿੱਤੀ ਹੈ ਤੇ ਉਹ ਕਾਂਗਰਸ ਪਾਰਟੀ ਤੇ ਰਾਜ ਸਰਕਾਰ ਸਰਕਾਰ ਨੂੰ ਸੂਬੇ ਵਿਚ ਲੋਕਤੰਤਰ ਦਾ ਕਤਲ ਕਰਨ ਦੀ ਆਗਿਆ ਦੇ ਰਿਹਾ ਹੈ। ਉਹਨਾਂ ਕਹਾ ਕਿ ਪਹਿਲਾਂ ਕਦੇ ਸੂਬਾ ਚੋਣ ਕਮਿਸ਼ਲ ਪ੍ਰਭਾਵਹੀਣ ਨਹੀਂ ਰਿਹਾ। ਉਹਨਾਂ ਕਿਾ ਕਿ ਇਸਨੇ ਤਾਂ ਵਿਰੋਧੀ ਧਿਰ ਦੇ ਕਾਗਜ਼ ਸਮੂਹਿਕ ਤੌਰ ’ਤੇ ਰੱਦ ਕੀਤੇ ਜਾਣ ਦਾ ਵੀ ਨੋਟਿਸ ਲੈਣ ਤੋਂ ਨਾਂਹ ਕਰ ਦਿੱਤੀ ਤੇ ਇਸਨੇ ਕਾਂਗਰਸੀਆਂ ਨਾਲ ਰਲ ਕੇ ਵਿਰੋਧੀ ਧਿਰ ਖਿਲਾਫ ਹਿੰਸਾ ਕਰ ਰਹੇ ਸਿਵਲ ਤੇ ਪੁਲਿਸ ਅਧਿਕਾਰੀਆਂ ਖਿਲਾਫ ਵੀ ਕੋਈ ਕਦਮ ਨਹੀਂ ਚੁੱਕਿਆ।

ਹਵਾਲੇ ਦਿੰਦਿਆਂ ਡਾ ਚੀਮਾ ਨੇ ਦੱਸਿਆ ਕਿ ਕਾਂਗਰਸੀ ਕੌਂਸਲਰਾਂ ਵੱਲੋਂ ਅਕਾਲੀ ਉਮੀਦਵਾਰਾਂ ਦੇ ਘਰਾਂ ’ਤੇ ਹਮਲੇ ਕਰਨ, ਵਾਹਨ ਭੰਨ ਤੋੜ ਦੇਣ ਤੇ ਉਹਨਾਂ ’ਤੇ ਸ਼ਰ੍ਹੇਆਮ ਗੋਲੀਆਂ ਚਲਾਉਣ ਦੇ ਵੀਡੀਓ ਸਬੂਤ ਮੌਜੂਦ ਹਨ। ਉਹਨਾਂ ਕਿਹਾ ਕਿ ਸੂਬਾ ਚੋਣ ਕਮਿਸ਼ਨ ਨੇ ਇਹਨਾਂ ਸਬੂਤਾਂ ਦਾ ਨੋਟਿਸ ਲੈਣ ਤੋਂ ਇਨਕਾਰ ਕਰ ਕੇ ਸਾਬਤ ਕਰ ਦਿੱਤਾ ਹੈ ਕਿ ਉਹਨਾਂ ਵਿਚ ਦਮ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਸੂਬਾ ਚੋਣ ਕਮਿਸ਼ਨ ਦੇ ਕਾਂਗਰਸ ਪਾਰਟੀ ਤੇ ਰਾਜ ਸਰਕਾਰ ਨਾਲ ਰਲੇ ਹੋਣ ਦਾ ਤੱਥ ਆਉਂਦੇ ਦਿਨਾਂ ਵਿਚ ਰਾਜਪਾਲ ਤੇ ਅਦਾਲਤਾਂ ਅੱਗੇ ਪੇਸ਼ ਕਰਾਂਗੇ।

ਡਾ. ਚੀਮਾ ਨੇ ਕਿਹਾ ਕਿ ਸੂਬੇ ਵਿਚ ਕਾਂਗਰਸੀ ਗੁੰਡਿਆਂ ਨੂੰ ਖੁੱਲ੍ਹੀ ਛੋਟ ਦੇਣ ਕਾਰਨ ਮਾਹੌਲ ਖਰਾਬ ਹੋ ਗਿਆ ਹੈ। ਉਹਨਾਂ ਕਿਹਾ ਕਿ ਹੁਣ ਸਿਰਫ ਪੈਰਾ ਮਿਲਟਰੀ ਫੋਰਸ ਤਾਇਨਾਤ ਕਰ ਕੇ ਹੀ ਚੋਣਾਂ ਵਾਲੇ ਦਿਨ ਕਬਜ਼ੇ ਕਰਨ ਦੇ ਯਤਨ ਰੋਕੇ ਜਾ ਸਕਦੇ ਹਨ। ਉਹਨਾਂ ਕਿਹਾ ਕਿ ਸੂਬਾ ਚੋਣ ਕਮਿਸ਼ਨ ਨੂੰ ਹਿੰਸਕ ਮਾਹੌਲ ਦਾ ਨੋਟਿਸ ਲੈ ਕੇ ਚੋਣਾਂ ਵਿਚ ਧਾਂਦਲੀਆਂ ਰੋਕਣ ਲਈ ਪੋਲੰਗ ਸਟੇਸ਼ਨਾਂ ਦੇ ਅੰਦਰ ਵੀਡੀਓਗ੍ਰਾਫੀ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਸੂਬੇ ਵਿਚ ਸਿੱਖਿਆ ਵਿਭਾਗ ਵੱਲੋਂ ਅਧਿਆਕਾਂ ਦੀ ਤਬਦੀਲੀ ਸ਼ੁਰੂ ਕਰਨ ਦਾ ਵੀ ਨੋਟਿਸ ਲੈਣਾ ਚਾਹੀਦਾ ਹੈ ਕਿਉਂਕਿ ਅਜਿਹਾ ਵੋਟਰਾਂ ਨੂੰ ਪ੍ਰਭਾਵਤ ਕਰਨ ਦੇ ਇਰਾਦੇ ਨਾਲ ਕੀਤਾ ਜਾ ਰਿਹਾ ਹੈ। ਉਹਨਾਂ ਕਹਾ ਕਿ ਸੂਬਾ ਚੋਣ ਕਮਿਸ਼ਨ ਨੁੰ ਇਹਨਾਂ ਸ਼ਿਕਾਇਤਾਂ ਦਾ ਵੀ ਨੋਟਿਸ ਲੈਣਾ ਚਾਹੀਦਾ ਹੈ ਕਿ ਕਿਵੇਂ ਖੁਰਾਕ ਤੇ ਸਿਵਲ ਸਪਲਾਈ, ਡਰੱਗ ਇੰਸਪੈਕਟਰ ਤੇ ਪ੍ਰਦੁਸ਼ਣ ਕੰਟਰੋਲ ਬੋਰਡ ਵਿਭਾਗਾਂ ਦੀ ਵਰਤੋਂ ਕਾਂਗਰਸੀਆਂ ਵੱਲੋਂ ਆਪਣੇ ਵਿਰੋਧੀਆਂ ਨੂੰ ਡਰਾਉਣ ਲਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਭਿਖੀਵਿੰਡ ਵਿਚ ਅਕਾਲੀ ਉਮੀਦਵਾਰ ਦੇ ਘਰ ’ਤੇ ਪਿਸਤੌਲਾਂ ਨਾਲ ਹਮਲੇ, ਜਲਾਲਾਬਾਦ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ’ਤੇ ਕੀਤੇ ਗਏ ਹਮਲੇ ਤੇ ਗੁਰੂ ਹਰਿ ਸਹਾਇ ਤੇ ਹੋਰ ਥਾਵਾਂ ’ਤੇ ਹੋਏ ਹਮਲਿਆਂ ਦੇ ਸਬੰਧ ਵਿਚ ਵੱਖਰੇ ਮੁਕੱਦਮੇ ਦਰਜ ਹੋਣੇ ਚਾਹੀਦੇ ਹਨ।

Share This Article
Leave a Comment