ਅਕਾਲੀ ਦਲ ਵੱਲੋਂ ਰਾਜਪਾਲ ਨੂੰ ਮਿਲ ਕੇ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ਮੰਗੀ ਜਾਵੇਗੀ ਬਰਖ਼ਾਸਤਗੀ

TeamGlobalPunjab
5 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਨੇ ਅੱਜ ਫੈਸਲਾ ਕੀਤਾ ਕਿ ਦੋ ਹਫਤੇ ਪਹਿਲਾਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਕਲਿਆਣ ਵਿਚਲੇ ਗੁਰਦੁਆਰਾ ਅਰਦਾਸਪੁਰ ਸਾਹਿਬ ਤੋਂ ਦੋ ਹਫਤੇ ਪਹਿਲਾਂ ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਤਨ ਸਰੂਪ ਨੂੰ ਲੱਭਣ ਵਿਚ ਵਿਖਾਈ ਜਾ ਰਹੀ ਢਿੱਲ ਮੱਠ ਦੇ ਖਿਲਾਫ 7 ਅਗਸਤ ਨੂੰ ਪਟਿਆਲਾ ਜ਼ਿਲ੍ਹਾ ਪੁਲਿਸ ਮੁਖੀ ਦੇ ਦਫਤਰ ਮੂਹਰੇ ਧਰਨਾ ਦਿੱਤਾ ਜਾਵੇਗਾ।

ਕੋਰ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 7 ਅਗਸਤ ਨੂੰ ਪਟਿਆਲਾ ਵਿਖੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਸਵੇਰੇ 11.00 ਵਜੇ ਤੋਂ ਦੁਪਹਿਰ ਬਾਅਦ 1.00 ਵਜੇ ਤੱਕ ਖੁਦ ਧਰਨੇ ਦੀ ਅਗਵਾਈ ਕਰਨਗੇ। ਇਸ ਉਪਰੰਤ ਰੋਜ਼ਾਨਾ ਆਧਾਰ ‘ਤੇ ਹਰ ਹਲਕੇ ਤੋਂ ਪਾਰਟੀ ਵਰਕਰ ਇਹਨਾਂ ਧਰਨਿਆ ਵਿਚ ਸ਼ਮੂਲੀਅਤ ਕਰਨਗੇ।

ਕੋਰ ਕਮੇਟੀ ਨੇ ਇਹ ਵੀ ਫੈਸਲਾ ਕੀਤਾ ਕਿ ਕੱਲ੍ਹ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ ਜਾਵੇ ਅਤੇ ਮੰਗ ਕੀਤੀ ਜਾਵੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਬਰਖ਼ਾਸਤ ਕੀਤਾ ਜਾਵੇ ਤੇ ਪਾਰਟੀ ਨੇ ਗੈਰ ਕਾਨੂੰਨੀ ਸ਼ਰਾਬ ਮਾਫੀਆ ਨਾਲ ਕਾਂਗਰਸੀਆ ਦੇ ਸੰਬੰਧਾਂ ਨੂੰ ਬੇਨਕਾਬ ਕਰਨ ਵਾਸਤੇ ਵੀ ਸੰਘਰਸ਼ ਸ਼ੁਰੂ ਕਰਨ ਦਾ ਫੈਸਲਾ ਲਿਆ।

ਕੋਰ ਕਮੇਟੀ ਨੇ ਇਹ ਵੀ ਫੈਸਲਾ ਕੀਤਾ ਕਿ ਦੂਜੇ ਪੜਾਅ ਵਿਚ ਇਸ ਸੰਘਰਸ਼ ਨੂੰ ਦਿੱਲੀ ਤੱਕ ਲੈ ਕੇ ਜਾਵੇਗੀ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਘਰਾਂ ਅੱਗੇ ਵੀ ਧਰਨੇ ਦਿੱਤੇ ਜਾਣਗੇ।

- Advertisement -

ਕੋਰ ਕਮੇਟੀ, ਜਿਸਦੀ ਮੀਟਿੰਗ ਦੀ ਪ੍ਰਧਾਨਗੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ, ਵਿਚ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਦੇ ਤਿੰਨ ਜ਼ਿਲਿ•ਆਂ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ 150 ਜਣਿਆਂ ਦੇ ਕਤਲ ਲਈ ਕਾਂਗਰਸ ਸਰਕਾਰ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਕਿਉਂਕਿ ਮੁੱਖ ਮੰਤਰੀ ਨੇ ਇਸ ਤ੍ਰਾਸਦੀ ਦੀ ਜ਼ਿੰਮੇਵਾਰੀ ਲੈ ਕੇ ਆਪ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਹ, ਇਸ ਲਈ ਇਹ ਸਰਕਾਰ ਤੁਰੰਤ ਬਰਖ਼ਾਸਤ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਾਰੀ ਹੀ ਪਾਰਟੀ 7 ਅਗਸਤ ਤੋਂ 10 ਅਗਸਤ ਤੱਕ ਰਾਜਪਾਲ ਦੇ ਘਰ ਮੂਹਰੇ ਧਰਨਾ ਦੇ ਕੇ ਕਾਂਗਰਸ ਸਰਕਾਰ ਬਰਖ਼ਾਸਤ ਕਰਨ ਦੀ ਮੰਗ ਕਰੇਗੀ।

ਕੋਰ ਕਮੇਟੀ ਨੇ ਇਹ ਵੀ ਫੈਸਲਾ ਕੀਤਾ ਕਿ ਦੂਜੇ ਪੜਾਅ ਵਿਚ ਪਾਰਟੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਘਰ ਮੂਹਰੇ ਵੀ ਧਰਨਾ ਦੇਵੇਗੀ ਅਤੇ ਕਾਂਗਰਸ ਹਾਈ ਕਮਾਂਡ ਨੂੰ ਪੰਜਾਬ ਵਿਚ ਨਜਾਇਜ਼ ਸ਼ਰਾਬ ਦੇ ਧੰਦੇ ਵਿਚ ਉਹਨਾਂ ਦੀ ਹਿੱਸੇਦਾਰੀ ਦਾ ਜਵਾਬ ਵੀ ਮੰਗੇਗੀ।

ਇਹ ਵੀ ਫੈਸਲਾ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਗੈਰ ਕਾਨੂੰਨੀ ਸ਼ਰਾਬ ਡਿਸਟੀਲਰੀਆਂ ਕਮ ਬੋਟਲਿੰਗ ਪਲਾਂਟਾਂ ਮੂਹਰੇ 13 ਅਤੇ 14 ਅਗਸਤ ਨੂੰ ਕ੍ਰਮਵਾਰ ਅਤੇ ਪਟਿਆਲਾ ਅਤੇ ਖੰਨਾ ਵਿਚ ਧਰਨੇ ਦੇਵੇਗੀ ਅਤੇ ਮੁੱਖ ਮੰਤਰੀ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਤੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੀਆਂ ਡਿਸਟੀਲਰੀਆਂ ਸਮੇਤ ਕਾਂਗਰਸ ਦੇ ਸਹਿਯੋਗੀਆਂ ਦੀਆਂ ਡਿਸਟੀਲਰੀਆਂ ਮੂਹਰੇ ਵੀ ਧਰਨੇ ਦਿੱਤੇ ਜਾਣਗੇ।

ਕੋਰ ਕਮੇਟੀ ਨੇ ਪਾਰਟੀ ਦੀ ਇਹ ਮੰਗ ਵੀ ਮੁੜ ਦੁਹਰਾਈ ਕਿ ਜ਼ਹਿਰੀਲੀ ਸ਼ਰਾਬ ਅਤੇ ਪੰਜਾਬ ਵਿਚ ਕਾਂਗਰਸੀਆਂ ਵੱਲੋਂ ਕੀਤੇ ਜਾ ਰਹੇ ਗੈਰ ਕਾਨੂੰਨੀ ਸ਼ਰਾਬ ਦੇ ਵਪਾਰ ਦੀ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ ਜਾਂਚ ਕਰਵਾਈ ਜਾਵੇ। ਇਸ ਤੋਂ ਇਲਾਵਾ ਸੀ ਬੀ ਆਈ ਤੇ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਵੀ ਸਮਾਂਤਰ ਜਾਂਚ ਕੀਤੀ ਜਾਵੇ ਤਾਂ ਜੋ ਇਹ ਸਾਹਮਣੇ ਆ ਸਕੇ ਕਿ ਇਸ ਗੈਰ ਕਾਨੂੰਨੀ ਧੰਦੇ ਵਿਚੋਂ ਕਿਸ ਕਿਸ ਨੂੰ ਹਿੱਸੇਦਾਰੀ ਮਿਲ ਰਹੀ ਹੈ। ਇਹ ਵੀ ਕਿਹਾ ਕਿ ਪਾਰਟੀ ਪੀੜਤ ਪਰਿਵਾਰਾਂ ਵੱਲੋਂ ਜਿਹਨਾਂ ਕਾਂਗਰਸੀਆਂ ਦੇ ਨਾਂ ਲਏ ਗਏ ਹਨ, ਉਹਨਾਂ ਖਿਲਾਫ ਕਤਲ ਕੇਸ ਦਰਜ ਕੀਤੇ ਜਾਣੇ ਚਾਹੀਦੇ ਹਨ ਅਤੇ ਸਰਨਾ ਤੇ ਰਾਣਾ ਪਰਿਵਾਰਾਂ ਦੀਆਂ ਡਿਸਟੀਲਰੀਆਂ ਤੁਰੰਤ ਸੀਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜਿਹਨਾਂ ਨੇ ਆਪਣੀਆਂ ਫੈਕਟਰੀਆਂ ਤੋਂ ਸਪੀਰਿਟ ਦੀ ਸਪਲਾਈ ਕੀਤੀ ਤੇ ਇਹ ਕਾਂਗਰਸੀਆਂ ਰਾਹੀਂ ਜ਼ਹਿਰੀਲੀ ਸ਼ਰਾਬ ਬਣਾਉਣ ਵਾਲਿਆਂ ਕੋਲ ਪਹੁੰਚੀ।

- Advertisement -

ਕੋਰ ਕਮੇਟੀ ਨੇ ਮੁੱਖ ਮੰਤਰੀ ਦੀ ਇਸ ਗੱਲੋਂ ਵੀ ਨਿਖੇਧੀ ਕੀਤੀ ਕਿ ਰਾਜਪੁਰਾ ਦੀ ਨਜਾਇਜ਼ ਸ਼ਰਾਬ ਫੈਕਟਰੀ ਦੀ ਫਾਈਲ ਵਾਰ ਵਾਰ ਬੇਨਤੀ ਕਰਨ ‘ਤੇ ਵੀ ਈ ਡੀ ਨੂੰ ਦਿੱਤੀ ਨਹੀਂ ਗਈ। ਇਹ ਵੀ ਕਿਹਾ ਕਿ ਇਸ ਕੇਸ ਦੀ ਫਾਈਲ ਅਤੇ ਸਾਰੇ ਕਾਂਗਰਸੀ ਆਗੂਆਂ ਤੇ ਵਿਧਾਇਕਾਂ ਜਿਹਨਾਂ ਦੇ ਨਾਂ ਪੀੜਤ ਪਰਿਵਾਰਾਂ ਨੇ ਲਏ ਹਨ, ਤੁਰੰਤ ਈ ਡੀ ਕੋਲ ਅਗਲੇਰੀ ਜਾਂਚ ਵਾਸਤੇ ਭੇਜੇ ਜਾਣੇ ਚਾਹੀਦੇ ਹਨ।

ਕਮੇਟੀ ਨੇ ਜਥੇਦਾਰ ਹਰੀ ਸਿੰਘ ਜ਼ੀਰਾ, ਗਿਆਨੀ ਰਘਬੀਰ ਸਿੰਘ ਜਖੇਪਲ, ਕੇਹਰ ਸਿੰਘ ਸ਼ਿਵਾਲਿਕ, ਓਮ ਪ੍ਰਕਾਸ਼ ਕੈਂਥ ਅਤੇ ਜਥੇਦਾਰ ਟੋਡਰ ਸਿੰਘ ਰਾਜਪੁਰਾ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

Share this Article
Leave a comment