-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ
”ਤਦਬੀਰ ਸੇ ਬਿਗੜੀ ਹੂਈ ਤਕਦੀਰ ਬਨਾ ਲੇ, ਮਾਨਾ ਜਨਾਬ ਨੇ ਪੁਕਾਰ ਨਹੀਂ, ਬਾਬੂ ਸਮਝੋ ਇਸ਼ਾਰੇ, ਕੋਰਾ ਕਾਗ਼ਜ਼ ਥਾ ਯੇ ਮਨ ਮੇਰਾ, ਮੇਰੇ ਸਪਨੋ ਕੀ ਰਾਨੀ ਕਬ ਆਏਗੀ ਤੂ, ਇਕ ਲੜਕੀ ਭੀਗੀ ਭਾਗੀ ਸੀ, ਰੂਪ ਤੇਰਾ ਮਸਤਾਨਾ ਪਿਆਰ ਤੇਰਾ ਦੀਵਾਨਾ, ਤੇਰੇ ਮੇਰੇ ਸਪਨੇ ਅਬ ਏਕ ਰੰਗ ਹੈਂ, ਨਾ ਤੁਮ ਹਮੇਂ ਜਾਨੋ, ਆਜ ਫਿਰ ਜੀਨੇ ਕੀ ਤਮੰਨਾ ਹੈ, ਪੂਛੋ ਨਾ ਕੈਸੇ ਮੈਨੇ ਰੈਨ ਬਿਤਾਈ, ਹੈ ਅਪਨਾ ਦਿਲ ਤੋ ਆਵਾਰਾ, ਖਿਲਤੇ ਹੈਂ ਗੁਲ ਯਹਾਂ, ਛੋੜ ਦੋ ਆਂਚਲ ਜ਼ਮਾਨਾ ਕਿਆ ਕਹੇਗਾ, ਵਕਤ ਨੇ ਕੀਆ ਕਿਆ ਹਸੀਂ ਸਿਤਮ, ਹੋਠੋਂ ਮੇਂ ਐਸੀ ਬਾਤ ਮੈਂ ਦਬਾ ਕੇ ਚਲੀ ਆਈ ਅਤੇ ਚੂੜੀ ਨਹੀਂ ਯੇ ਮੇਰਾ ਦਿਲ ਹੈ ਦੇਖੋ ਦੇਖੋ ਟੂਟੇ ਨਾ” ਆਦਿ ਜਿਹੇ ਨਾਯਾਬ ਗੀਤਾਂ ਨੂੰ ਆਪਣੇ ਸੁਰੀਲੇ ਸੰਗੀਤ ਨਾਲ ਸਜਾ ਕੇ ਹਿੰਦੀ ਸਿਨੇਮਾ ਦੀ ਝੋਲੀ ਪਾਉਣ ਵਾਲੇ ਐਸ.ਡੀ.ਬਰਮਨ ਉਰਫ਼ ਸਚਿਨਦੇਵ ਬਰਮਨ ਦਾ ਜਨਮ ਤ੍ਰਿਪੁਰਾ ਦੇ ਰਾਜਕੁਮਾਰ ਐਨ.ਡੀ.ਬਰਮਨ ਅਤੇ ਮਣੀਪੁਰ ਦੀ ਰਾਜਕੁਮਾਰੀ ਨਿਰਮਲਾ ਦੇਵੀ ਦੇ ਗ੍ਰਹਿ ਵਿਖੇ 1 ਅਕਤੂਬਰ, ਸੰਨ 1906 ਨੂੰ ਹੋਇਆ ਸੀ। ਉਸਦਾ ਜਨਮ ਸਥਾਨ ਕੋਮਿਲਾ ਸੀ ਜੋ ਕਿ ਹੁਣ ਬੰਗਲਾਦੇਸ਼ ਵਿੱਚ ਹੈ। ਐਸ.ਡੀ.ਬਰਮਨ ਕੇਵਲ ਦੋ ਵਰ੍ਹਿਆਂ ਦਾ ਸੀ ਜਦੋਂ ਉਸਦੀ ਮਾਂ ਚੱਲ ਵੱਸੀ ਸੀ। ਜਨਮ ਦੇਣ ਵਾਲੀ ਮਾਂ ਦਾ ਪਿਆਰ ਹਾਸਿਲ ਨਾ ਕਰ ਸਕਣ ਦਾ ਉਸਨੂੰ ਉਮਰ ਭਰ ਅਫ਼ਸੋਸ ਰਿਹਾ ਸੀ।
ਕੋਮਿਲਾ ਦੇ ਵਿਕਟੋਰੀਆ ਕਾਲਜ ਤੋਂ ਸੰਨ 1924 ਵਿੱਚ ਗ੍ਰੈਜੂਏਟ ਹੋਣ ਪਿੱਛੋਂ ਸਚਿਨਦੇਵ ਨੇ ਕਲਕੱਤਾ ਯੂਨੀਵਰਸਿਟੀ ਵਿੱਚ ਪੋਸਟ ਗ੍ਰੈਜੂਏਸ਼ਨ ਲਈ ਦਾਖ਼ਲਾ ਲਿਆ ਪਰ ਪੜ੍ਹਾਈ ਵਿਚਾਲੇ ਛੱਡ ਕੇ ਸੰਨ 1925 ਤੋਂ 1930 ਤੱਕ ਉਹ ਨਾਮਵਰ ਸੰਗੀਤ ਉਸਤਾਦ ਤੇ ਫ਼ਿਲਮੀ ਸੰਗੀਤਕਾਰ ਤੇ ਗਾਇਕ ਕੇ.ਸੀ.ਡੇਅ ਦੀ ਸ਼ਰਨ ਵਿੱਚ ਚਲਾ ਗਿਆ ਤੇ ਉਨ੍ਹਾ ਤੋਂ ਸੰਗੀਤ ਵਿੱਦਿਆ ਹਾਸਿਲ ਕਰਨ ਲੱਗ ਪਿਆ। ਕੇ.ਸੀ.ਡੇਅ ਤੋਂ ਇਲਾਵਾ ਉਸਨੇ ਉਸਤਾਦ ਅਲਾਓਦੀਨ ਖ਼ਾਨ,ਉਸਤਾਦ ਬਾਦਲ ਖ਼ਾਨ ਅਤੇ ਸ੍ਰੀ ਬਿਸ਼ਮਦਾਸ ਚੱਟੋਪਾਧਿਆਏ ਤੋਂ ਵੀ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ ਤੇ ਕਲਕੱਤਾ ਰੇਡੀਓ ਤੋਂ ਗਾਉਣਾ ਸ਼ੁਰੂ ਕਰ ਦਿੱਤਾ। ਉਸਦੀ ਆਵਾਜ਼ ਅਤੇ ਸੰਗੀਤ ਵਿੱਚ ਸ਼ਾਸ਼ਤਰੀ ਸੰਗੀਤ ਅਤੇ ਬੰਗਾਲੀ ਸੰਗੀਤ ਦਾ ਮਨਮੋਹਕ ਸੰਗਮ ਸੀ ਜੋ ਸਰੋਤਿਆਂ ਦੇ ਦਿਲਾਂ ਦੀਆਂ ਗਹਿਰਾਈਆਂ ਵਿੱਚ ਉਤਰ ਗਿਆ। ਸੰਨ 1932 ਵਿੱਚ ਉਸਦਾ ਪਹਿਲਾ ਤਵਿਆਂ ਵਾਲਾ ਰਿਕਾਰਡ ਰਿਲੀਜ਼ ਹੋਇਆ ਸੀ ਜੋ ਕਾਫੀ ਮਕਬੂਲ ਹੋਇਆ ਸੀ। ਐਸ.ਡੀ.ਬਰਮਨ ਦੱਸਦੇ ਸਨ ਕਿ ਜਦੋਂ ਸੰਨ 1934 ਵਿੱਚ ਅਲਾਹਬਾਦ ਯੂਨੀਵਰਸਿਟੀ ਵਿਖੇ ਕਰਵਾਈ ਗਈ ਆਲ ਇੰਡੀਆ ਮਿਊਜ਼ਿਕ ਕਾਨਫ਼ਰੰਸ ਵਿੱਚ ਨੋਬਲ ਇਨਾਮ ਜੇਤੂ ਸ੍ਰੀ ਰਬਿੰਦਰ ਨਾਥ ਟੈਗੋਰ ਹੱਥੋਂ ਉਸਨੂੰ ਸਰਬੋਤਮ ਗਾਇਕ ਹੋਣ ਦਾ ਸੋਨ ਤਗ਼ਮਾ ਮਿਲਿਆ ਸੀ ਤਾਂ ਉਹ ਉਸਦੀ ਜ਼ਿੰਦਗੀ ਦਾ ਸਭ ਤੋਂ ਯਾਦਗਾਰੀ ਦਿਨ ਸੀ।
ਐਸ.ਡੀ.ਬਰਮਨ ਨੇ ਆਪਣੇ ਸ਼ੁਰੂਆਤੀ ਕੈਰੀਅਰ ਵਿੱਚ ਗਾਇਕੀ ਦੇ ਨਾਲ ਨਾਲ ਅਦਾਕਾਰੀ ਵੀ ਕੀਤੀ ਸੀ। ਉਸਦੀ ਅਦਾਕਾਰੀ ਤੇ ਗਾਇਕੀ ਵਾਲੀਆਂ ਫ਼ਿਲਮਾਂ ਵਿੱਚ ਉਰਦੂ ਫ਼ਿਲਮ ‘ਸਲੀਮਾ’ ਅਤੇ ਬੰਗਾਲੀ ਫ਼ਿਲਮ ‘ ਬਿਦਰੋਹੀ’ ਸ਼ਾਮਿਲ ਸਨ ਜੋ ਕਿ ਕ੍ਰਮਵਾਰ ਸੰਨ 1934 ਤੇ 1935 ਵਿੱਚ ਰਿਲੀਜ਼ ਹੋਈਆਂ ਸਨ। ਬਤੌਰ ਸੰਗੀਤ ਨਿਰਦੇਸ਼ਕ ਉਸਦੀ ਪਹਿਲੀ ਫ਼ਿਲਮ ‘ ਰਾਜਗੀ ‘ ਸੋ ਜੋ ਕਿ ਬੰਗਾਲੀ ਫ਼ਿਲਮ ਸੀ ਤੇ ਇਸ ਤੋਂ ਬਾਅਦ ਆਈ ਦੂਜੀ ਫ਼ਿਲਮ ‘ ਰਾਜਕੁਮਾਰੀ ਨਿਰਬਾਸ਼ਨ ‘ਸੁਪਰਹਿੱਟ ਰਹੀ ਸੀ। ਇਸ ਤੋਂ ਬਾਅਦ ਇੱਕ ਦਰਜਨ ਦੇ ਕਰੀਬ ਬੰਗਾਲੀ ਫ਼ਿਲਮਾਂ ਵਿੱਚ ਸੰਗੀਤ ਦੇਣ ਪਿੱਛੋਂ ਸੰਨ 1944 ਵਿੱਚ ਉਹ ਮੁੰਬਈ ਆ ਗਿਆ ਸੀ ਤੇ ਇੱਥੇ ਦੋ ਸਾਲ ਦੇ ਸੰਘਰਸ਼ ਤੋਂ ਬਾਅਦ ਉਸਨੂੰ ਅਦਾਕਾਰ ਅਸ਼ੋਕ ਕੁਮਾਰ ਦੀ ਫ਼ਿਲਮ ‘ ਸ਼ਿਕਾਰੀ ‘ ਵਿੱਚ ਸੰਗੀਤ ਦੇਣ ਦਾ ਮੌਕਾ ਮਿਲ ਗਿਆ ਸੀ ਤੇ ਫਿਰ ਸਫ਼ਲਤਾ ਦੀ ਜੋ ਕਹਾਣੀ ਅਰੰਭ ਹੋਈ ਸੀ ਉਹ ਸੰਨ 1975 ਵਿੱਚ 31 ਅਕਤੂਬਰ ਨੂੰ ਉਸਦੇ ਦੇਹਾਂਤ ਨਾਲ ਖ਼ਤਮ ਹੋਈ ਸੀ। ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ ‘ ਦੋ ਭਾਈ’ ਅਤੇ ‘ ਸ਼ਬਨਮ’ ਆਦਿ ਜਿਹੀਆਂ ਅਤਿਅੰਤ ਸਫ਼ਲ ਫ਼ਿਲਮਾਂ ਨਾਲ ਉਸਨੇ ਸਾਬਿਤ ਕਰ ਦਿੱਤਾ ਸੀ ਕਿ ਉਹ ਬਾਲੀਵੁੱਡ ਵਿੱਚ ਕਿਸੇ ਸਿਫ਼ਾਰਿਸ਼ ਜਾਂ ਤਿਕੜਮ ਨਾਲ ਨਹੀਂ ਸਗੋਂ ਆਪਣੀ ਸੰਗੀਤਕ ਸੂਝ ਤੇ ਪ੍ਰਤਿਭਾ ਦੇ ਬਲਬੂਤੇ ਆਪਣੀ ਕਾਮਯਾਬੀ ਦਾ ਪਰਚਮ ਲਹਿਰਾਏਗਾ।
ਐਸ.ਡੀ.ਬਰਮਨ ਦੇ ਹੋਣਹਾਰ ਸਪੁੱਤਰ ਤੇ ਬਾਲੀਵੁੱਡ ਦੇ ਨਾਮਵਰ ਸੰਗੀਤ ਨਿਰਦੇਸ਼ਕ ਆਰ.ਡੀ.ਬਰਮਨ ਨੇ ਇੱਕ ਮੁਲਾਕਾਤ ਦੌਰਾਨ ਦੱਸਿਆ ਸੀ ਕਿ ਸੰਨ 1950 ਵਿੱਚ ਉਸਦੇ ਪਿਤਾ ਨੇ ਦੇਵ ਅਨੰਦ ਦੀਆਂ ਫ਼ਿਲਮਾਂ ਲਈ ਸੰਗੀਤ ਦੇਣਾ ਸ਼ੁਰੂ ਕੀਤਾ ਸੀ ਤੇ ਦੋਵਾਂ ਦੀ ਕਮਿਸਟਰੀ ਕੁਝ ਇਸ ਕਦਰ ਸੈੱਟ ਹੋਈ ਕਿ ਕਈ ਸਾਲ ਤੱਕ ਇਹ ਜੋੜੀ ਸੁਪਰਹਿੱਟ ਫ਼ਿਲਮਾਂ ਤੇ ਯਾਦਗਾਰੀ ਨਗ਼ਮੇ ਸਿਨੇ-ਪ੍ਰੇਮੀਆਂ ਦੀ ਝੋਲ੍ਹੀ ਪਾਉਂਦੀ ਰਹੀ ਸੀ। ਇਸ ਜੋੜੀ ਦੀਆਂ ਸਫ਼ਲ ਫ਼ਿਲਮਾਂ ਵਿੱਚੋਂ ‘ ਅਫ਼ਸਰ,ਬਾਜ਼ੀ,ਟੈਕਸੀ ਡਰਾਈਵਰ,ਨੌ ਦੋ ਗਿਆਰ੍ਹਾਂ,ਕਾਲਾ ਪਾਨੀ,ਗਾਈਡ,ਤੇਰੇ ਘਰ ਕੇ ਸਾਮਨੇ,ਬੰਬਈ ਕਾ ਬਾਬੂ,ਪ੍ਰੇਮ ਪੁਜਾਰੀ ,ਜ਼ਿੱਦੀ ਅਤੇ ਜਿਊਲ ਥੀਫ਼ ‘ ਦੇ ਨਾਂ ਵਿਸ਼ੇਸ਼ ਤੌਰ ‘ਤੇ ਕਾਬਿਲੇ ਜ਼ਿਕਰ ਸਨ। ਇਸ ਤੋਂ ਬਾਅਦ ਐਸ.ਡੀ.ਬਰਮਨ ਨੇ ਜਿਨ੍ਹਾ ਕਲਾਸਿਕ ਸ੍ਰੇਣੀ ਦੀਆਂ ਫ਼ਿਲਮਾਂ ਦੇ ਗੀਤਾਂ ਨੂੰ ਸੰਗੀਤਬੱਧ ਕੀਤਾ ਸੀ ਉਨ੍ਹਾ ਵਿੱਚ-‘ ਪਿਆਸਾ, ਕਾਗ਼ਜ਼ ਕੇ ਫ਼ੂਲ, ਸੁਜਾਤਾ, ਦੇਵਦਾਸ, ਅਰਾਧਨਾ, ਅਭਿਮਾਨ, ਮਿਲੀ, ਚੁਪਕੇ ਚੁਪਕੇ ਅਤੇ ਅਨੁਰਾਗ’ ਆਦਿ ਫ਼ਿਲਮਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ।
ਸੰਗੀਤਕਾਰ ਓ.ਪੀ.ਨਈਅਰ ਵਾਂਗ ਐਸ.ਡੀ.ਬਰਮਨ ਦੀ ਵੀ ਇੱਕ ਵਾਰ ਬਾਲੀਵੁੱਡ ਦੀ ਸੁਰ ਕੋਕਿਲਾ ਕਹੀ ਜਾਂਦੀ ਗਾਇਕਾ ਲਤਾ ਮੰਗੇਸ਼ਕਰ ਨਾਲ ਖੜਕ ਗਈ ਸੀ ਤੇ ਉਸਨੇ ਲਤਾ ਦੀ ਥਾਂ ਉਸਦੀ ਛੋਟੀ ਭੈਣ ਆਸ਼ਾ ਭੌਸਲੇ ਨੂੰ ਕੰਮ ਦੇਣਾ ਸ਼ੁਰੂ ਕਰ ਦਿੱਤਾ ਸੀ। ਬਰਮਨ ਪਰਿਵਾਰ ਨਾਲ ਆਸ਼ਾ ਭੌਸਲੇ ਦੀ ਸਾਂਝ ਇਸ ਕਦਰ ਗੂੜ੍ਹੀ ਪੈ ਗਈ ਕਿ ਆਸ਼ਾ ਨੇ ਇੱਕ ਦਿਨ ਐਸ.ਡੀ.ਬਰਮਨ ਦੇ ਬੇਟੇ ਆਰ.ਡੀ.ਬਰਮਨ ਨਾਲ ਹੀ ਸ਼ਾਦੀ ਕਰ ਲਈ। ਕਿਸ਼ੋਰ ਕੁਮਾਰ, ਆਸ਼ਾ ਭੌਸਲੇ ਅਤੇ ਗੀਤਕਾਰ ਮਜਰੂਹ ਸੁਲਤਾਨਪੁਰੀ ਨਾਲ ਐਸ.ਡੀ.ਬਰਮਨ ਦੀ ਰਾਸ ਕੁਝ ਐਸੀ ਰਲ੍ਹੀ ਕਿ ਇਸ ਚੌਕੜੀ ਨੇ ਇੱਕ ਤੋਂ ਬਾਅਦ ਹਿੱਟ ਨਗ਼ਮੇ ਬਾਲੀਵੁੱਡ ਦੀ ਝੋਲ੍ਹੀ ਪਾ ਕੇ ਇਸਦੇ ਮਾਣ-ਤਾਣ ਵਿੱਚ ਚੋਖਾ ਵਾਧਾ ਕੀਤਾ ਸੀ। ਉਂਜ ਸੰਨ 1961 ਵਿੱਚ ਲਤਾ ਮੰਗੇਸ਼ਕਰ ਨੇ ਐਸ.ਡੀ.ਬਰਮਨ ਦੇ ਸਪੁੱਤਰ ਆਰ.ਡੀ.ਬਰਮਨ ਦੇ ਕੈਰੀਅਰ ਦੀ ਪਹਿਲੀ ਫ਼ਿਲਮ ‘ ਛੋਟੇ ਨਵਾਬ’ ਲਈ ਗੀਤ ਰਿਕਾਰਡ ਕਰਵਾ ਕੇ ਐਸ.ਡੀ.ਬਰਮਨ ਵੱਲ ਮੁੜ ਦੋਸਤੀ ਦਾ ਹੱਥ ਵਧਾਇਆ ਸੀ ਤੇ ਸੰਨ 1962 ਵਿੱਚ ਐਸ.ਡੀ.ਬਰਮਨ ਨੇ ਲਤਾ ਨੂੰ ਮੁੜ ਆਪਣੇ ਸੰਗੀਤਬੱਧ ਕੀਤੇ ਗੀਤਾਂ ਦਾ ਹਿੱਸਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ।
‘ਟੈਕਸੀ ਡਰਾਈਵਰ’ ਅਤੇ ‘ ਅਭਿਮਾਨ’ ਨਾਮਕ ਫ਼ਿਲਮਾਂ ਲਈ ਸਰਬੋਤਮ ਸੰਗੀਤਕਾਰ ਦਾ ਫ਼ਿਲਮਫ਼ੇਅਰ ਪੁਰਸਕਾਰ,’ ਅਰਾਧਨਾ ਅਤੇ ਜ਼ਿੰਦਗੀ ਜ਼ਿੰਦਗੀ ‘ਫ਼ਿਲਮਾਂ ਲਈ ਕੌਮੀ ਪੁਰਸਕਾਰ ਹਾਸਿਲ ਕਰਨ ਵਾਲੇ ਐਸ.ਡੀ.ਬਰਮਨ ਨੂੰ ਸੰਨ 1958 ਵਿੱਚ ‘ਸੰਗੀਤ ਨਾਟਕ ਅਕਾਦਮੀ ਪੁਰਸਕਾਰ’ ਅਤੇ ਸੰਨ 1969 ਵਿੱਚ ‘ ਪਦਮ ਸ੍ਰੀ ‘ ਜਿਹੇ ਸਨਮਾਨਾਂ ਨਾਲ ਨਿਵਾਜਿਆ ਗਿਆ ਸੀ। ਉਕਤ ਫ਼ਿਲਮਾਂ ਤੋਂ ਇਲਾਵਾ ‘ ਤੀਨ ਦੇਵੀਆਂ ਅਤੇ ਗਾਈਡ’ ਆਦਿ ਫ਼ਿਲਮਾਂ ਦੇ ਸੁਰੀਲੇ ਤੇ ਭਾਵਪੂਰਤ ਸੰਗੀਤ ਲਈ ਉਸਨੂੰ ਵੱਖ ਵੱਖ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਸੀ। ‘ ਓ ਮਾਝੀ ਰੇ ਤੇਰੇ ਸਾਜਨ ਹੈਂ ਉਸ ਪਾਰ,ਵਹਾਂ ਕੌਨ ਹੈ ਤੇਰਾ,ਸਫ਼ਲ ਹੋਗੀ ਤੇਰੀ ਅਰਾਧਨਾ’ ਜਿਹੇ ਯਾਦਗਾਰੀ ਗੀਤ ਉਸਨੇ ਖ਼ੁਦ ਗਾਏ ਸਨ ਜਦੋਂ ਕਿ ‘ ਜਲਤੇ ਹੈਂ ਜਿਸਕੇ ਲੀਏ ‘ਤਲਤ ਮਹਿਮੂਦ ਅਤੇ ‘ ਪੂਛੋ ਨਾ ਕੈਸੇ ਮੈਨੇ ਰੈਨ ਬਿਤਾਈ’ ਮੰਨਾ ਡੇਅ ਦੀ ਆਵਾਜ਼ ਵਿੱਚ ਉਸਦੇ ਸੰਗੀਤਬੱਧ ਕੀਤੀਆਂ ਅਮਰ ਰਚਨਾਵਾਂ ਹਨ। ਉਸਦੇ ਸਨਮਾਨ ਦੀ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਕਿ ਕ੍ਰਿਕਟ ਦੀ ਦੁਨੀਆ ਦੇ ਭਗਵਾਨ ਆਖੇ ਜਾਂਦੇ ਸਚਿਨ ਤੇਂਦੁਲਕਰ ਦੇ ਦਾਦਾ ਜੀ ਜੋ ਕਿ ਐਸ.ਡੀ.ਬਰਮਨ ਦੇ ਦਿਲਕਸ਼ ਸੰਗੀਤ ਦੇ ਕਾਇਲ ਸਨ, ਨੇ ਐਸ.ਡੀ.ਬਰਮਨ ਭਾਵ ਸਚਿਨਦੇਵ ਬਰਮਨ ਦੇ ਨਾਂ ‘ਤੇ ਹੀ ਉਸਦਾ ਨਾਂ ‘ਸਚਿਨ’ ਰੱਖਿਆ ਸੀ।
ਮੋਬਾਇਲ: 97816-46008