ਬਾਬਾ ਵਸੈ ਬਕਾਲਾ ਦੇ ਪਾਵਨ ਬਚਨਾਂ ਦਾ ਰਹਿਸ – ਡਾ. ਗੁਰਦੇਵ ਸਿੰਘ

TeamGlobalPunjab
5 Min Read

ਬਾਬਾ ਬਕਾਲਾ ਦੇ ਸਾਲਾਨਾ ਜੋੜ ਮੇਲੇ ‘ਤੇ ਵਿਸ਼ੇਸ਼

ਬਾਬਾ ਵਸੈ ਬਕਾਲਾ ਦੇ ਪਾਵਨ ਬਚਨਾਂ ਦਾ ਰਹਿਸ 

*ਡਾ. ਗੁਰਦੇਵ ਸਿੰਘ

ਸਾਚਾ ਗੁਰੂ ਲਾਧੋ ਰੇ ਜਾਂ ਗੁਰੂ ਲਾਧੋ ਰੇ ਦੇ ਇਹ ਸ਼ਬਦ ਆਪਣੇ ਆਪ ਵਿੱਚ ਸਿੱਖ ਇਤਿਹਾਸ ਦੀ ਇੱਕ ਵੱਡੀ ਘਟਨਾ ਨੂੰ ਸਮੋਈ ਬੈਠੇ ਹਨ। ਇਹ ਮਹਾਨ ਤੇ ਵੱਡੀ ਘਟਨਾ ਬਾਬਾ ਬਕਾਲਾ ਦੇ ਪਾਵਨ ਅਸਥਾਨ ਨਾਲ ਸਬੰਧਤ ਹੈ। ਬਾਬਾ ਬਕਾਲਾ ਸ੍ਰੀ ਅੰਮ੍ਰਿਤਸਰ ਜਿਲ੍ਹੇ ਦਾ ਇੱਕ ਨਗਰ ਹੈ ਜਿਸ ਦਾ ਪਹਿਲਾ ਨਾਮ ਬਕਾਲਾ ਸੀ। ਇਸ ਨਗਰ ਨੂੰ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ। ਇਸ ਨਗਰ ਨਾਲ ਸਬੰਧਤ ਪ੍ਰਚਲਿਤ ‘ਬਾਬਾ ਵਸੈ ਬਕਾਲੇ ਅਤੇ ਗੁਰੂ ਲਾਧੋ ਰੇ ਦੀਆਂ ਸਤਰਾਂ ਦੀ ਆਪਣੀ ਇਤਿਹਾਸਕਤਾ ਹੈ।

         ਬਾਬਾ ਵਸੈ ਬਕਾਲੇ ਜਾਂ ਬਾਬਾ ਬਕਾਲੇ ਇਹ ਬਚਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਆਪਣੇ ਜੋਤੀ ਜੋਤਿ ਸਮਾਉਂਣ ਸਮੇਂ ਦਿੱਲੀ ਵਿਖੇ ਉਚਾਰੇ ਸਨ। ਗੁਰੂ ਜੀ ਦੇ ਇਨ੍ਹਾਂ ਬਚਨਾਂ ਦਾ ਇਸ਼ਾਰਾ ਨੌਵੇਂ ਗੁਰੂ ਵੱਲ ਸੀ ਜੋ ਬਕਾਲੇ ਦੀ ਧਰਤੀ ‘ਤੇ ਰਹਿ ਰਹੇ ਸਨ। ਸਿੱਖ ਸੰਗਤਾਂ ਬਾਬਾ ਬਕਾਲਾ ਦੀ ਧਰਤੀ ਵੱਲ ਆਉਂਣ ਲੱਗ ਪਈਆਂ ਪਰ ਗੁਰੂ ਬਚਨਾਂ ਦੀ ਆੜ ਲੈ ਕੇ ਬਾਬਾ ਬਕਾਲਾ ਦੀ ਧਰਤੀ ‘ਤੇ ਧੀਰਮੱਲੀਆਂ ਤੇ ਹੋਰ ਸਿੱਖਾਂ ਨੇ ਵੱਖ ਵੱਖ ਮੰਜੀਆਂ ਸਥਾਪਿਤ ਕਰ ਲਈਆਂ ਤੇ  ਆਪਣੇ ਆਪ ਨੂੰ ਨਾਨਕ ਦੀ ਗੱਦੀ ਦਾ ਦਾਵੇਦਾਰ ਅਖਵਾਉਂਣ ਲੱਗੇ। ਇਸ ਨਾਲ ਸਿੱਖ ਸੰਗਤਾਂ ਨੂੰ ਇਹ ਨਿਰਣਾ ਕਰਨਾ ਔਖਾ ਹੋ ਗਿਆ ਕਿ ਗੁਰੂ ਨਾਨਕ ਦੀ ਗੱਦੀ ਦਾ ਅਸਲ ਵਾਰਸ ਕੌਣ ਹੈ ਜਿਸ ਬਾਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਬਚਨ ਕੀਤੇ ਸਨ। ਕਾਫੀ ਸਮਾਂ ਇਸੇ ਤ੍ਹਰਾਂ ਹੀ ਚੱਲਦਾ ਰਿਹਾ। ਫਿਰ ਇੱਕ ਦਿਨ ਸਾਚਾ ਗੁਰੂ ਲਾਧੋ ਰੇ… ਗੁਰੂ ਲਾਧੋ ਰੇ… ਦੇ ਬਚਨ ਸਿੱਖ ਸੰਗਤਾਂ ਦੇ ਕੰਨੀ ਪਏ।

- Advertisement -

         ਸਿੱਖ ਸਰੋਤਾਂ ਅਨੁਸਾਰ ਇੱਕ ਵੱਡਾ ਵਪਾਰੀ ਮੱਖਣ ਸ਼ਾਹ ਲੁਬਾਣਾ ਗੁਰੂ ਘਰ ਦਾ ਅਨਿੰਨ ਸੇਵਕ ਸੀ। ਉਹ ਸਮੁੰਦਰ ਰਾਹੀਂ ਵੱਖ ਵੱਖ ਦੇਸ਼ਾਂ ਵਿੱਚ ਵਪਾਰ ਕਰਨ ਲਈ ਜਾਂਦਾ ਸੀ। ਇੱਕ ਦਿਨ ਉਸ ਦਾ ਜਹਾਜ ਸਮੁੰਦਰੀ ਤੂਫਾਨ ਵਿੱਚ ਲਪੇਟ ਵਿੱਚ ਗਿਆ। ਉਸ ਨੇ ਬਚਾਅ ਲਈ ਗੁਰੂ ਨਾਨਕ ਦੇ ਚਰਣਾਂ ਵਿੱਚ ਅਰਦਾਸ ਕੀਤੀ। ਉਸ ਦੀ ਅਰਦਾਸ ਪੁਰੀ ਹੋਈ ਤੇ ਉਸ ਦਾ ਬੇੜਾ ਸਮੁੰਦਰੀ ਜਹਾਜ ਕਿਨਾਰੇ ਜਾ ਲਗਾ। ਗੁਰੂ ਦੇ ਸ਼ੁਕਰਾਨੇ ਵਜੋਂ ਉਹ ਬਕਾਲੇ ਦੀ ਧਰਤੀ ‘ਤੇ ਪਹੁੰਚਿਆ ਪਰ ਉਥੇ ਵੱਖ ਵੱਖ ਮੰਜੀਆਂ ਲਗੀਆਂ ਹੋਣ ਕਾਰਨ ਉਹ ਚਿੰਤਾ ਵਿੱਚ ਪੈ ਗਿਆ। ਹਰ ਕੋਈ ਆਪਣੇ ਆਪ ਨੂੰ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਦਸ ਰਿਹਾ ਸੀ। ਉਸ ਨੇ ਸਭ ਨੂੰ ਪੰਜ ਪੰਜ ਮੋਹਰਾਂ ਰੱਖ ਨਮਸਕਾਰ ਕੀਤਾ । ਅਖੀਰ ਉਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਪਤਾ ਲਗਿਆ ਜੋ ਕਿ ਲੰਬੇ ਸਮੇਂ ਤੋਂ ਅਕਾਲ ਪੁਰਖ ਦੀ ਭਗਤੀ ਵਿੱਚ ਲੀਨ ਸਨ। ਮੱਖਣ ਸ਼ਾਹ ਲੁਬਾਣੇ ਨੇ ਪੰਜ ਮੋਹਰਾਂ ਰੱਖ ਮੱਥਾ ਟੇਕਿਆ ਤਾਂ ਗੁਰੂ ਸਾਹਿਬ ਨੇ ਨੇਤਰ ਖੋਲੇ ਤੇ ਆਖਿਆ ਗੁਰਮੁਖਾ ਗੁਰੂ ਨਾਨਕ ਨੇ ਤੇਰਾ ਬੇੜਾ ਪਾਰ ਲਾਇਆ ਹੈ ਇਸ ਲਈ ਮਨ ਵਿੱਚ ਸੰਕਾ ਨਾ ਕਰ ਜੋ ਚਿਤ ਵਿੱਚ ਚਿਤਵਿਆ ਸੀ ਉਸ ਨੂੰ ਪੂਰਾ ਕਰ। ਪ੍ਰਚਲਿਤ ਸਾਖੀ ਅਨੁਸਾਰ ਗੁਰੂ ਜੀ ਨੇ ਮੱਖਣ ਸ਼ਾਹ ਨੂੰ ਕਿਹਾ ‘ਮੱਖਣ ਸ਼ਾਹ ਗੁਰੂ-ਘਰ ਮਾਇਆ ਦੀ ਕੋਈ ਘਾਟ ਨਹੀਂ ਹੈ, ਪਰ ਗੁਰਸਿੱਖਾ ਜਿਹੜਾ ਵਾਅਦਾ ਕਰੀਏ, ਉਹ ਪੂਰਾ ਨਿਭਾਈਦਾ ਹੈ। ਪੰਜ ਸੌ ਮੋਹਰਾਂ ਦੀ ਅਰਦਾਸ ਕਰ ਕੇ ਹੁਣ ਪੰਜ ਹੀ ਚੜ੍ਹਾ ਰਿਹਾ ਹੈਂ ।

         ਮੱਖਣ ਸ਼ਾਹ ਗੱਦ ਗੱਦ ਹੋ ਉਠਿਆ, ਉਸ ਨੇ ਸੱਚੇ ਗੁਰੂ ਦੇ ਦਰਸ਼ਨ ਕਰ ਲਏ ਸਨ। ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਹ ਕੋਠੇ ‘ਤੇ ਚੱੜ ਕੇ ਲੱਗਾ ਉਚੀ ਉਚੀ ਹੋਕਾ ਦੇਣ। ਗੁਰੂ ਲਾਧੋ ਰੇ, ਸੱਚਾ ਗੁਰੂ ਲਾਧੋ ਰੇ। ਇਸ ਤਰ੍ਹਾਂ ਝੂਠ ਦੀਆਂ ਲਗੀਆਂ ਮੰਜੀਆਂ ਦਾ ਪਰਦਾਪਾਸ਼ ਹੋਇਆ ਤੇ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਸਿੱਖ ਸੰਗਤਾਂ ਜੁੜਨ ਲੱਗੀਆਂ। ਭਾਈ ਮੱਖਣ ਸ਼ਾਹ ਲੁਬਾਣੇ ਨੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੇ ਬੋਲ ‘ਬਾਬਾ ਵਸੈ ਬਕਾਲੇ’ ਦੇ ਗੁਝੇ ਰਹਿਸ ਨੂੰ ‘ਗੁਰੂ ਲਾਧੋ ਰੇ’ ਦੇ ਬੋਲਾਂ ਰਾਹੀ ਸਿੱਖ ਸੰਗਤਾਂ ਨੂੰ ਸਮਝਾਇਆ।

         ਬਾਬਾ ਬਕਾਲੇ ਦੀ ਇਸ ਮਹਾਨ ਘਟਨਾ ਦੀ ਯਾਦ ਵਿੱਚ ਹਰ ਸਾਲ ਰੱਖੜ ਪੁੰਨਿਆ ਦੇ ਅਵਸਰ ‘ਤੇ ਬਾਬਾ ਬਕਾਲੇ ਵਿਖੇ ਵੱਡਾ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਜੋ ਗੁਰੂ ਤੇ ਸਿੱਖ ਦੇ ਪਿਆਰ ਦਾ ਪ੍ਰਤੀਕ ਹੈ।

*gurdevsinghdr@gmail.com

Share this Article
Leave a comment