ਕਿਰਗਿਸਤਾਨ: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕਰੇਨ ਨਾਲ ਚੱਲ ਰਹੀ ਜੰਗ ਦੇ ਵਿਚਕਾਰ ਬੁੱਧਵਾਰ ਸਵੇਰੇ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਪਹੁੰਚੇ। ਕਿਰਗਿਜ਼ ਗਣਰਾਜ ਦੇ ਰਾਸ਼ਟਰਪਤੀ ਸਾਦਿਰ ਜਾਪਾਰੋਵ ਨੇ ਹਵਾਈ ਅੱਡੇ ‘ਤੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ, ਦੋਵੇਂ ਨੇਤਾ ਕਾਫਲੇ ਨਾਲ ਰਾਸ਼ਟਰਪਤੀ ਨਿਵਾਸ ਯਾਂਤੀਮਕ ਓਰਡੋ ਲਈ ਰਵਾਨਾ ਹੋ ਗਏ, ਜਿੱਥੇ ਹੁਣ ਦੋਵਾਂ ਦੇਸ਼ਾਂ ਵਿਚਕਾਰ ਅਧਿਕਾਰਤ ਦੁਵੱਲੀ ਗੱਲਬਾਤ ਹੋਵੇਗੀ।
ਕਿਰਗਿਜ਼ ਰਾਸ਼ਟਰਪਤੀ ਜਾਪਾਰੋਵ ਨੇ ਪੁਤਿਨ ਦਾ ਸਵਾਗਤ ਕਰਦੇ ਹੋਏ ਕਿਹਾ “ਰੂਸ ਸਾਡੇ ਲਈ ਇੱਕ ਰਣਨੀਤਕ ਭਾਈਵਾਲ ਹੈ। ਅੱਜ ਦੀ ਮੀਟਿੰਗ ਦੋਵਾਂ ਦੇਸ਼ਾਂ ਵਿਚਕਾਰ ਦੋਸਤੀ ਅਤੇ ਸਹਿਯੋਗ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਵੇਗੀ।”
ਯਾਂਤੀਮਾਕ ਓਰਡੋ ਨਿਵਾਸ ਕਿਰਗਿਜ਼ਸਤਾਨ ਦਾ ਅਧਿਕਾਰਤ ਸਰਕਾਰੀ ਗੈਸਟ ਹਾਊਸ ਹੈ, ਜੋ ਬਿਸ਼ਕੇਕ ਦੇ ਨੇੜੇ ਪਹਾੜਾਂ ਵਿੱਚ ਸਥਿਤ ਹੈ ਅਤੇ ਆਪਣੇ ਸ਼ਾਨਦਾਰ ਦ੍ਰਿਸ਼ਾਂ ਲਈ ਮਸ਼ਹੂਰ ਹੈ। ਇਥੇ ਪਹਿਲਾਂ ਵੀ ਕਈ ਅੰਤਰਰਾਸ਼ਟਰੀ ਸੰਮੇਲਨ ਅਤੇ ਦੁਵੱਲੇ ਮੀਟਿੰਗਾਂ ਦੀ ਮੇਜ਼ਬਾਨੀ ਕੀਤੀ ਜਾ ਚੁਕੀ ਹੈ। ਰਾਸ਼ਟਰਪਤੀ ਪੁਤਿਨ ਦਾ ਦੌਰਾ ਉਦੋਂ ਹੋ ਰਿਹਾ ਹੈ ਜਦੋਂ ਰੂਸ ਮੱਧ ਏਸ਼ੀਆ ਵਿੱਚ ਆਪਣੇ ਰਵਾਇਤੀ ਪ੍ਰਭਾਵ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕਿਰਗਿਜ਼ਸਤਾਨ ਰੂਸ ਦਾ ਲੰਬੇ ਸਮੇਂ ਤੋਂ ਸਹਿਯੋਗੀ ਹੈ ਅਤੇ ਦੋਵੇਂ ਦੇਸ਼ ਯੂਰੇਸ਼ੀਅਨ ਆਰਥਿਕ ਯੂਨੀਅਨ (EAEU) ਅਤੇ ਸਮੂਹਿਕ ਸੁਰੱਖਿਆ ਸੰਧੀ ਸੰਗਠਨ (CSTO) ਦੇ ਮੈਂਬਰ ਹਨ।
ਸੂਤਰਾਂ ਅਨੁਸਾਰ ਅੱਜ ਦੀ ਗੱਲਬਾਤ ਦੌਰਾਨ ਮੁੱਖ ਤੌਰ ‘ਤੇ ਦੁਵੱਲੇ ਵਪਾਰ ਅਤੇ ਆਰਥਿਕ ਸਹਿਯੋਗ ਨੂੰ ਵਧਾਉਣਾ, ਊਰਜਾ ਖੇਤਰ ਵਿੱਚ ਨਵੇਂ ਪ੍ਰੋਜੈਕਟ (ਖਾਸ ਕਰਕੇ ਪਣ-ਬਿਜਲੀ ਪਲਾਂਟ),ਖੇਤਰੀ ਸੁਰੱਖਿਆ ਦੀ ਸਥਿਤੀ ਅਤੇ ਅਫਗਾਨਿਸਤਾਨ ਰੂਸੀ ਫੌਜੀ ਅੱਡੇ (ਕਾਂਟ ਏਅਰ ਬੇਸ) ਦੇ ਭਵਿੱਖ ਬਾਰੇ ਗੱਲਬਾਤ, ਸੱਭਿਆਚਾਰਕ ਅਤੇ ਮਾਨਵਤਾਵਾਦੀ ਸਬੰਧਾਂ ਨੂੰ ਮਜ਼ਬੂਤ ਕਰਨਾਵਰਗੇ ਮੁੱਦਿਆਂ ‘ਤੇ ਚਰਚਾ ਹੋਣ ਦੀ ਉਮੀਦ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

