ਭਾਰਤੀ ਵਰਕਰਾਂ ਲਈ ਖੁੱਲ੍ਹਿਆ ਨਵਾਂ ਵਿਦੇਸ਼ੀ ਦਰਵਾਜ਼ਾ, 70 ਹਜ਼ਾਰ ਪਹੁੰਚੀ ਗਿਣਤੀ, ਮੋਟੀਆਂ ਤਨਖਾਹਾਂ ਬਣੀਆਂ ਖਿੱਚ ਦਾ ਕੇਂਦਰ

Global Team
3 Min Read

ਨਿਊਜ਼ ਡੈਸਕ: ਖਾੜੀ ਦੇਸ਼ਾਂ ਵਿੱਚ ਲੰਬੇ ਸਮੇਂ ਤੋਂ ਭਾਰਤੀ ਕਾਮੇ ਰੁਜ਼ਗਾਰ ਲਈ ਜਾਂਦੇ ਰਹੇ ਹਨ, ਪਰ ਹੁਣ ਰੂਸ ਵੀ ਭਾਰਤੀ ਮਜ਼ਦੂਰਾਂ ਅਤੇ ਹੁਨਰਮੰਦ ਕਾਮਿਆਂ ਲਈ ਨਵੇਂ ਮੌਕੇ ਖੋਲ੍ਹ ਰਿਹਾ ਹੈ। ਯੂਕਰੇਨ ਜੰਗ ਤੋਂ ਬਾਅਦ ਰੂਸ ਵਿੱਚ ਮਜ਼ਦੂਰਾਂ ਦੀ ਘਾਟ ਵਧਣ ਕਾਰਨ ਉੱਥੇ ਭਾਰਤੀ ਵਰਕਰਾਂ ਦੀ ਮੰਗ ਤੇਜ਼ੀ ਨਾਲ ਵਧੀ ਹੈ।

ਰੂਸ ਵਿੱਚ ਭਾਰਤੀ ਵਰਕਰਾਂ ਦੀ ਗਿਣਤੀ 70 ਹਜ਼ਾਰ ਤੱਕ ਪਹੁੰਚੀ

ਰੂਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਭਾਰਤੀ ਵਰਕਰਾਂ ਦੀ ਗਿਣਤੀ ਹੁਣ ਕਰੀਬ 70 ਹਜ਼ਾਰ ਤੱਕ ਪਹੁੰਚ ਗਈ ਹੈ। ਪਹਿਲਾਂ ਰੂਸ ਵਧੇਰੇ ਤੌਰ ‘ਤੇ ਪੁਰਾਣੇ ਸੋਵੀਅਤ ਸੰਘ ਦੇ ਦੇਸ਼ਾਂ ਦੇ ਲੋਕਾਂ ਨੂੰ ਕੰਮ ਲਈ ਤਰਜੀਹ ਦਿੰਦਾ ਸੀ, ਪਰ ਕੁਝ ਘਟਨਾਵਾਂ ਤੋਂ ਬਾਅਦ ਉਸ ਨੇ ਆਪਣੀ ਨੀਤੀ ਵਿੱਚ ਬਦਲਾਅ ਕੀਤਾ ਹੈ ਅਤੇ ਹੁਣ ਭਾਰਤ ਨਾਲ ਮਜ਼ਦੂਰ ਸਹਿਯੋਗ ਵਧਾਇਆ ਜਾ ਰਿਹਾ ਹੈ।

ਭਾਰਤ ਵਿੱਚ ਰੂਸ ਦੇ ਕਾਰਜਕਾਰੀ ਰਾਜਦੂਤ ਰੋਮਨ ਬਾਬੂਸ਼ਕਿਨ ਨੇ ਦੱਸਿਆ ਕਿ ਰੂਸ ਵਿੱਚ ਭਾਰਤੀ ਕਾਮਿਆਂ ਦੀ ਖੇਤੀਬਾੜੀ, ਨਿਰਮਾਣ, ਹਾਊਸਿੰਗ ਅਤੇ ਜਨਤਕ ਸੇਵਾਵਾਂ, ਖਣਨ, ਤੇਲ ਅਤੇ ਗੈਸ, ਰੇਲ ਟਰਾਂਸਪੋਰਟ, ਜਹਾਜ਼ ਨਿਰਮਾਣ, ਕੱਪੜਾ ਉਦਯੋਗ, ਫਾਰਮਾਸਿਊਟਿਕਲ, ਸਿਹਤ ਸੇਵਾਵਾਂ, ਸੂਚਨਾ ਤਕਨਾਲੋਜੀ ਅਤੇ ਸੇਵਾ ਖੇਤਰ ਵਿੱਚ ਵੱਡੀ ਲੋੜ ਹੈ।

ਮਜ਼ਦੂਰ ਸਹਿਯੋਗ ਲਈ ਹੋਏ ਸਮਝੌਤੇ

ਉਨ੍ਹਾਂ ਦੱਸਿਆ ਕਿ ਭਾਰਤ ਅਤੇ ਰੂਸ ਵਿੱਚ ਮਜ਼ਦੂਰਾਂ ਦੀ ਆਵਾਜਾਈ ਹੁਣ ਦੋਵੇਂ ਦੇਸ਼ਾਂ ਦੇ ਆਰਥਿਕ ਸਹਿਯੋਗ ਦਾ ਇੱਕ ਨਵਾਂ ਹਿੱਸਾ ਬਣ ਰਹੀ ਹੈ। ਦਸੰਬਰ 2025 ਵਿੱਚ ਦੋਵੇਂ ਦੇਸ਼ਾਂ ਵਿਚ ਗੈਰਕਾਨੂੰਨੀ ਪ੍ਰਵਾਸ ਨੂੰ ਰੋਕਣ ਅਤੇ ਛੋਟੀ ਮਿਆਦ ਦੀ ਰੁਜ਼ਗਾਰ ਵਿਵਸਥਾ ਨਾਲ ਜੁੜੇ ਦੋ ਅੰਤਰ-ਸਰਕਾਰੀ ਸਮਝੌਤੇ ਵੀ ਕੀਤੇ ਗਏ ਸਨ।

2026 ਵਿੱਚ ਹੋਰ ਭਾਰਤੀਆਂ ਨੂੰ ਨੌਕਰੀ ਦੇਣ ਦੀ ਯੋਜਨਾ

ਰੂਸ ਦੀ ਯੋਜਨਾ ਹੈ ਕਿ ਸਾਲ 2026 ਦੌਰਾਨ ਘੱਟੋ-ਘੱਟ 40 ਹਜ਼ਾਰ ਹੋਰ ਭਾਰਤੀ ਵਰਕਰਾਂ ਨੂੰ ਰੁਜ਼ਗਾਰ ਦਿੱਤਾ ਜਾਵੇ। ਰੂਸ ਵਿੱਚ ਘਟਦੀ ਆਬਾਦੀ ਅਤੇ ਲੋਕਾਂ ਦੇ ਦੇਸ਼ ਛੱਡਣ ਕਾਰਨ ਉੱਥੇ ਕਾਮਿਆਂ ਦੀ ਲੋੜ ਵਧ ਰਹੀ ਹੈ।

ਤਨਖ਼ਾਹ, ਰਹਿਣ ਅਤੇ ਭਾਸ਼ਾ ਸਿਖਲਾਈ ਦੀ ਵਿਵਸਥਾ

ਰਿਪੋਰਟ ਮੁਤਾਬਕ ਰੂਸ ਵਿੱਚ ਕੰਮ ਕਰਨ ਵਾਲੇ ਵਰਕਰਾਂ ਨੂੰ ਹਰ ਮਹੀਨੇ 556 ਡਾਲਰ ਤੋਂ 1112 ਡਾਲਰ ਤੱਕ ਭੁਗਤਾਨ ਕੀਤਾ ਜਾ ਰਿਹਾ ਹੈ। ਕੁਝ ਭਾਰਤੀ ਸੇਂਟ ਪੀਟਰਜ਼ਬਰਗ ਵਿੱਚ ਸੜਕਾਂ ਦੀ ਸਫਾਈ ਦਾ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਰਹਿਣ ਅਤੇ ਖਾਣ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਨਾਲ ਹੀ ਉਨ੍ਹਾਂ ਨੂੰ ਰੂਸੀ ਭਾਸ਼ਾ ਦੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ।

ਹਾਲਾਂਕਿ ਪਹਿਲਾਂ ਕੁਝ ਮਾਮਲਿਆਂ ਵਿੱਚ ਫਰਜ਼ੀ ਏਜੰਟਾਂ ਰਾਹੀਂ ਭਰਤੀ ਕੀਤੇ ਗਏ ਭਾਰਤੀਆਂ ਨੂੰ ਯੂਕਰੇਨ ਸਰਹੱਦ ਨੇੜੇ ਭੇਜਣ ਦੇ ਦੋਸ਼ ਵੀ ਸਾਹਮਣੇ ਆਏ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਭਾਰਤ ਸਰਕਾਰ ਦੀ ਦਖ਼ਲਅੰਦਾਜ਼ੀ ਨਾਲ ਵਾਪਸ ਲਿਆਂਦਾ ਗਿਆ।

Share This Article
Leave a Comment