ਨਵੀ ਦਿੱਲੀ : ਰੂਸ ਭਾਰਤ ਨੂੰ Su-57 ਸਟੀਲਥ ਲੜਾਕੂ ਜਹਾਜ਼ਾਂ ਦੀ ਸਪਲਾਈ ਕਰਨ ਲਈ ਸਹਿਮਤ ਹੋ ਗਿਆ ਹੈ। ਰੂਸੀ ਕੰਪਨੀ ਰੋਸਟੇਕ ਦੇ ਸੀਈਓ ਸਰਗੇਈ ਚੇਮੇਜ਼ੋਵ ਨੇ ਦੁਬਈ ਏਅਰ ਸ਼ੋਅ ਵਿੱਚ ਕਿਹਾ ਕਿ ਉਹ ਇਨ੍ਹਾਂ ਲੜਾਕੂ ਜਹਾਜ਼ਾਂ ਲਈ ਤਕਨਾਲੋਜੀ ਨੂੰ ਬਿਨਾਂ ਕਿਸੇ ਸ਼ਰਤ ਦੇ ਤਬਦੀਲ ਕਰਨਗੇ। ਰੂਸੀ Su-57 ਜੈੱਟਾਂ ਨੂੰ ਅਮਰੀਕੀ F-35 ਦਾ ਮੁਕਾਬਲਾ ਮੰਨਿਆ ਜਾਂਦਾ ਹੈ। Su-57 ਵਾਂਗ, F-35 ਪੰਜਵੀਂ ਪੀੜ੍ਹੀ ਦਾ ਲੜਾਕੂ ਜਹਾਜ਼ ਹੈ। ਅਮਰੀਕਾ ਲੰਬੇ ਸਮੇਂ ਤੋਂ ਭਾਰਤ ਨੂੰ F-35 ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ।
ਦੱਸ ਦਈਏ ਕਿ ਰੂਸ ਵੱਲੋਂ ਇਹ ਭਰੋਸਾ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵੱਲੋਂ ਹਾਲ ਹੀ ਵਿੱਚ ਮਾਸਕੋ ਵਿੱਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਤੋਂ ਬਾਅਦ ਆਇਆ ਹੈ, ਜੋ ਅਗਲੇ ਮਹੀਨੇ ਭਾਰਤ ਦਾ ਦੌਰਾ ਕਰਨ ਵਾਲੇ ਹਨ।ਇਸ ਤੋਂ ਇਲਾਵਾ ਸੀਈਓ ਸਰਗੇਈ ਚੇਮੇਜ਼ੋਵ ਨੇ ਕਿਹਾ ਕਿ ਭਾਰਤ ਅਤੇ ਰੂਸ ਦਹਾਕਿਆਂ ਤੋਂ ਭਰੋਸੇਮੰਦ ਰੱਖਿਆ ਭਾਈਵਾਲ ਰਹੇ ਹਨ। ਜਦੋਂ ਭਾਰਤ ਅੰਤਰਰਾਸ਼ਟਰੀ ਪਾਬੰਦੀਆਂ ਹੇਠ ਸੀ, ਉਦੋਂ ਵੀ ਰੂਸ ਭਾਰਤ ਦੀ ਸੁਰੱਖਿਆ ਲਈ ਹਥਿਆਰਾਂ ਦੀ ਸਪਲਾਈ ਕਰਦਾ ਰਿਹਾ।
ਨਾਲ ਹੀ ਉਨ੍ਹਾਂ ਕਿਹਾ, “ਅਸੀਂ ਅੱਜ ਵੀ ਉਹੀ ਨੀਤੀ ਅਪਣਾ ਰਹੇ ਹਾਂ। ਅਸੀਂ ਭਾਰਤ ਨੂੰ ਉਸਦੀਆਂ ਜ਼ਰੂਰਤਾਂ ਅਨੁਸਾਰ ਹਰ ਤਰ੍ਹਾਂ ਦੇ ਫੌਜੀ ਉਪਕਰਣ ਸਪਲਾਈ ਕਰ ਰਹੇ ਹਾਂ ਅਤੇ ਭਵਿੱਖ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ।” ਰੂਸ ਦਾ ਕਹਿਣਾ ਹੈ ਕਿ Su-57 ਤਕਨਾਲੋਜੀ ‘ਤੇ ਕੋਈ ਪਾਬੰਦੀਆਂ ਨਹੀਂ ਹੋਣਗੀਆਂ। ਇੰਜਣਾਂ, ਰਾਡਾਰ, ਸਟੀਲਥ ਤਕਨਾਲੋਜੀ ਅਤੇ ਆਧੁਨਿਕ ਹਥਿਆਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਰੂਸ ਨੇ ਇਹ ਵੀ ਕਿਹਾ ਕਿ ਜੇਕਰ ਭਾਰਤ ਚਾਹੇ ਤਾਂ Su-57 ਦਾ ਨਿਰਮਾਣ ਭਾਰਤ ਵਿੱਚ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਨੇ ਭਾਰਤ ਨੂੰ ਦੋ-ਸੀਟਰ Su-57 ਲਈ ਸਾਂਝੀ ਯੋਜਨਾਬੰਦੀ ਦਾ ਪ੍ਰਸਤਾਵ ਵੀ ਦਿੱਤਾ ਹੈ, ਇਹ ਕਹਿੰਦੇ ਹੋਏ ਕਿ ਇਹ ਭਾਰਤ ਵਿੱਚ ਬਿਨਾਂ ਕਿਸੇ ਵਿਦੇਸ਼ੀ ਪਾਬੰਦੀਆਂ ਦੇ ਕੀਤਾ ਜਾ ਸਕਦਾ ਹੈ। ਰੂਸ ਦਹਾਕਿਆਂ ਤੋਂ ਭਾਰਤ ਦਾ ਮੁੱਖ ਫੌਜੀ ਸਪਲਾਇਰ ਰਿਹਾ ਹੈ, ਜੋ ਲੜਾਕੂ ਜਹਾਜ਼ਾਂ ਅਤੇ ਪਣਡੁੱਬੀਆਂ ਤੋਂ ਲੈ ਕੇ ਮਿਜ਼ਾਈਲ ਪ੍ਰਣਾਲੀਆਂ ਅਤੇ ਹੈਲੀਕਾਪਟਰਾਂ ਤੱਕ ਸਭ ਕੁਝ ਪ੍ਰਦਾਨ ਕਰਦਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

