ਨਵੀ ਦਿੱਲੀ : ਰੂਸ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੂੰ ਮਾਸਕੋ ਵਿੱਚ ਸ਼ਾਂਤੀ ਵਾਰਤਾ ਲਈ ਸੱਦਾ ਦਿੱਤਾ ਹੈ। ਕ੍ਰੇਮਲਿਨ ਨੇ ਪੁਸ਼ਟੀ ਕਰਦੇ ਕਿਹਾ ਕਿ ਰੂਸ ਨੇ ਯੂਕਰੇਨ ਦੇ ਰਾਸ਼ਟਰਪਤੀ ਨੂੰ ਮਾਸਕੋ ਵਿੱਚ ਸ਼ਾਂਤੀ ਵਾਰਤਾ ਲਈ ਦੁਬਾਰਾ ਸੱਦਾ ਦਿੱਤਾ ਹੈ। ਦੋਵਾਂ ਦੇਸ਼ਾਂ ਵਿਚਕਾਰ ਇਹ ਟਕਰਾਅ ਲਗਭਗ ਚਾਰ ਸਾਲਾਂ ਤੋਂ ਚੱਲ ਰਿਹਾ ਹੈ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਦੀ ਅਗਵਾਈ ਵਿੱਚ ਯੂਕਰੇਨ ਵਿੱਚ ਲਗਭਗ ਚਾਰ ਸਾਲ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ।
ਕ੍ਰੇਮਲਿਨ ਦੇ ਵਿਦੇਸ਼ ਨੀਤੀ ਸਲਾਹਕਾਰ ਯੂਰੀ ਉਸ਼ਾਕੋਵ ਨੇ ਕਿਹਾ ਕਿ ਕੋਈ ਵੀ ਮੀਟਿੰਗ ਚੰਗੀ ਤਿਆਰੀ ਅਤੇ ਸਕਾਰਾਤਮਕ ਨਤੀਜਿਆਂ ‘ਤੇ ਕੇਂਦ੍ਰਿਤ ਹੋਣੀ ਚਾਹੀਦੀ ਹੈ। ਇਹ ਸੱਦਾ ਪਿਛਲੇ ਸਾਲ ਵੀ ਦਿੱਤਾ ਗਿਆ ਸੀ, ਜਿਸ ਨੂੰ ਜ਼ੇਲੇਂਸਕੀ ਨੇ ਠੁਕਰਾ ਦਿੱਤਾ ਸੀ। ਦੱਸ ਦਈਏ ਪਿਛਲੇ ਹਫਤੇ ਦੇ ਅੰਤ ਵਿੱਚ ਅਬੂ ਧਾਬੀ ਵਿੱਚ ਅਮਰੀਕਾ ਦੀ ਵਿਚੋਲਗੀ ਵਾਲੀ ਗੱਲਬਾਤ ਨੇ ਸ਼ਾਂਤੀ ਯਤਨਾਂ ਨੂੰ ਕੁਝ ਗਤੀ ਦਿੱਤੀ, ਪਰ ਦੋਵਾਂ ਧਿਰਾਂ ਵਿਚਕਾਰ ਮਤਭੇਦ ਅਜੇ ਵੀ ਹਨ। ਮੋਰਚਿਆਂ ‘ਤੇ ਲੜਾਈ ਜਾਰੀ ਹੈ ਅਤੇ ਯੂਕਰੇਨ ਹਾਲ ਹੀ ਵਿੱਚ ਹੋਏ ਮਿਜ਼ਾਈਲ ਹਮਲਿਆਂ ਕਾਰਨ ਬਿਜਲੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
ਇੱਕ ਅਮਰੀਕੀ ਅਧਿਕਾਰੀ ਦੇ ਅਨੁਸਾਰ ਜ਼ੇਲੇਂਸਕੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਕਾਰ ਮੁਲਾਕਾਤ ਦੀ ਸੰਭਾਵਨਾ ਵੱਧ ਗਈ ਹੈ। ਦੋਵਾਂ ਦੇਸ਼ਾਂ ਦੇ ਵਾਰਤਾਕਾਰਾਂ ਵਿਚਕਾਰ ਅਗਲੀ ਮੁਲਾਕਾਤ ਐਤਵਾਰ ਨੂੰ ਹੋਣੀ ਹੈ। ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕਰੇਨ ਵਿੱਚ ਭਾਰੀ ਠੰਢ ਕਾਰਨ ਕੀਵ ‘ਤੇ ਹਮਲਾ ਕਰਨ ਤੋਂ ਇੱਕ ਹਫ਼ਤੇ ਲਈ ਰੋਕਣ ਲਈ ਕਿਹਾ ਹੈ, ਇਸ ਲਈ ਅਸਥਾਈ ਜੰਗਬੰਦੀ ਦੀਆਂ ਉਮੀਦਾਂ ਵਧ ਗਈਆਂ ਹਨ।
ਰੂਸੀ ਹਮਲੇ ਨੇ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ, ਜਿਸ ਕਾਰਨ ਦੇਸ਼ ਭਰ ਦੇ ਲੋਕ ਬਿਜਲੀ ਅਤੇ ਗਰਮੀ ਤੋਂ ਬਿਨਾਂ ਰਹਿ ਗਏ ਹਨ। ਨਾਲ ਹੀ ਟਰੰਪ ਨੇ ਦਾਅਵਾ ਕੀਤਾ ਕਿ ਪੁਤਿਨ ਇਸ ਲਈ ਸਹਿਮਤ ਹੋ ਗਏ ਹਨ, ਹਾਲਾਂਕਿ ਰੂਸ ਵੱਲੋਂ ਅਜੇ ਤੱਕ ਇਸਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ ਹੈ।

