ਨਿਊਜ਼ ਡੈਸਕ: ਰੂਸ ਦੇ ਕਾਮਚਟਕਾ ਵਿੱਚ ਬੁੱਧਵਾਰ ਸਵੇਰੇ 4:54 ਵਜੇ (ਭਾਰਤੀ ਸਮੇਂ ਅਨੁਸਾਰ) 8.8 ਤੀਬਰਤਾ ਦਾ ਭੂਚਾਲ ਆਇਆ, ਜੋ ਦੁਨੀਆ ਦਾ ਛੇਵਾਂ ਸਭ ਤੋਂ ਵੱਡਾ ਭੂਚਾਲ ਸੀ। ਇਸ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਪ੍ਰਸ਼ਾਂਤ ਮਹਾਸਾਗਰ ਦੇ ਨੇੜਲੇ ਦੇਸ਼ਾਂ ਵਿੱਚ ਸੁਨਾਮੀ ਦਾ ਖਤਰਾ ਪੈਦਾ ਹੋ ਗਿਆ। ਇਸ ਨੇ 2011 ਵਿੱਚ ਜਾਪਾਨ ਦੀ ਤਬਾਹੀ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ। ਕਈ ਦੇਸ਼ਾਂ ਵਿੱਚ ਸੁਨਾਮੀ ਚਿ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਆਓ ਜਾਣਦੇ ਹਾਂ ਉਹਨਾਂ ਦੇਸ਼ਾਂ ਬਾਰੇ ਜਿੱਥੇ ਸੁਨਾਮੀ ਦਾ ਖਤਰਾ ਮੰਡਰਾ ਰਿਹਾ ਹੈ।
ਸੁਨਾਮੀ ਦੀਆਂ ਲਹਿਰਾਂ ਸ਼ੁਰੂ
ਭੂਚਾਲ ਤੋਂ ਬਾਅਦ ਸੁਨਾਮੀ ਦੀਆਂ ਲਹਿਰਾਂ ਨੇ ਜਾਪਾਨ, ਅਮਰੀਕਾ ਅਤੇ ਰੂਸ ਦੇ ਤਟਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਦੇ ਤਟੀ ਸੂਬਿਆਂ ਵਿੱਚ ਸੁਨਾਮੀ ਦਾ ਖਤਰਾ ਵਧਦਾ ਜਾ ਰਿਹਾ ਹੈ। ਹਵਾਈ ਦੇ ਤਟ ਨਾਲ ਸੁਨਾਮੀ ਦੀਆਂ ਲਹਿਰਾਂ ਟਕਰਾਉਣ ਲੱਗੀਆਂ ਹਨ। ਹਾਲਾਂਕਿ ਲਹਿਰਾਂ ਦੀ ਉਚਾਈ ਅਜੇ ਘੱਟ ਹੈ, ਪਰ ਇਹ ਆਉਣ ਵਾਲੇ ਵੱਡੇ ਖਤਰੇ ਦਾ ਸੰਕੇਤ ਦੇ ਰਹੀਆਂ ਹਨ। ਹਵਾਈ ਦੇ ਤਟੀ ਖੇਤਰਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ।
ਕਿੱਥੇ-ਕਿੱਥੇ ਸੁਨਾਮੀ ਦਾ ਖਤਰਾ?
ਰੂਸ, ਜਾਪਾਨ, ਅਮਰੀਕਾ, ਕੈਨੇਡਾ, ਇਕਵਾਡੋਰ, ਪੇਰੂ, ਮੈਕਸੀਕੋ, ਨਿਊਜ਼ੀਲੈਂਡ, ਚੀਨ, ਫਿਲੀਪੀਨਜ਼, ਤਾਈਵਾਨ ਅਤੇ ਇੰਡੋਨੇਸ਼ੀਆ ਵਿੱਚ ਸੁਨਾਮੀ ਦਾ ਖਤਰਾ ਮੰਡਰਾ ਰਿਹਾ ਹੈ। ਤਟੀ ਖੇਤਰਾਂ ਤੋਂ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਤਬਦੀਲ ਕੀਤਾ ਜਾ ਰਿਹਾ ਹੈ। ਤਾਈਵਾਨ ਅਤੇ ਇੰਡੋਨੇਸ਼ੀਆ ਵਿੱਚ ਸੁਨਾਮੀ ਦੀ ਚਿਤਾਵਨੀ ਨੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ।
ਅਮਰੀਕਾ ‘ਤੇ ਕੀ ਹੋ ਸਕਦਾ ਹੈ ਅਸਰ?
ਅਮਰੀਕਾ ਵਿੱਚ ਸੁਨਾਮੀ ਦਾ ਅਸਰ ਲਗਭਗ 10 ਕਰੋੜ ਲੋਕਾਂ ‘ਤੇ ਪੈ ਸਕਦਾ ਹੈ। 9 ਸੂਬਿਆਂ ਵਿੱਚ ਸੁਨਾਮੀ ਦੀ ਦਹਿਸ਼ਤ ਹੈ। ਹਵਾਈ ਦੀ 15 ਲੱਖ ਅਤੇ ਅਲਾਸਕਾ ਦੀ ਸਾਢੇ ਸੱਤ ਲੱਖ ਦੀ ਅਬਾਦੀ ਪ੍ਰਭਾਵਿਤ ਹੋ ਸਕਦੀ ਹੈ। ਅਮਰੀਕਾ ਦੇ ਸਭ ਤੋਂ ਵੱਡੇ ਸੂਬੇ ਕੈਲੀਫੋਰਨੀਆ, ਜਿੱਥੇ 3.90 ਕਰੋੜ ਲੋਕ ਰਹਿੰਦੇ ਹਨ, ‘ਤੇ ਵੀ ਸੁਨਾਮੀ ਦਾ ਅਸਰ ਪੈ ਸਕਦਾ ਹੈ। ਵਾਸ਼ਿੰਗਟਨ, ਓਰੇਗਾਨ, ਟੈਕਸਸ, ਨਿਊ ਮੈਕਸੀਕੋ, ਐਰੀਜ਼ੋਨਾ ਅਤੇ ਲੂਸੀਆਨਾ ਵਿੱਚ ਵੀ ਸੁਨਾਮੀ ਦੀਆਂ ਲਹਿਰਾਂ ਦਾ ਖੌਫ ਹੈ।
ਜਾਪਾਨ ਦਾ ਕੀ ਹਾਲ ਹੈ?
ਜਾਪਾਨ ਦੇ ਤਟੀ ਖੇਤਰਾਂ ਨਾਲ ਸੁਨਾਮੀ ਦੀਆਂ ਲਹਿਰਾਂ ਟਕਰਾ ਰਹੀਆਂ ਹਨ। ਪ੍ਰਸ਼ਾਂਤ ਮਹਾਸਾਗਰ ਵਿੱਚ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ, ਜਿਸ ਕਾਰਨ ਤਟੀ ਖੇਤਰਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। 20 ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਤਬਦੀਲ ਕਰ ਦਿੱਤਾ ਗਿਆ ਹੈ। ਜਾਪਾਨ ਦੇ ਮੌਸਮ ਵਿਭਾਗ ਨੇ ਪੂਰਬੀ ਤਟ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ। ਹੋਕਾਇਡੋ ਤੋਂ ਕਿਓਸ਼ੂ ਤੱਕ ਅਲਰਟ ਜਾਰੀ ਹੈ, ਅਤੇ ਲੋਕਾਂ ਨੂੰ ਤਟੀ ਖੇਤਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ।