ਨਵੀਂ ਦਿੱਲੀ: ਅਮਰੀਕਾ ਵੱਲੋਂ ਭਾਰਤ ‘ਤੇ ਲਗਾਏ ਗਏ ਟੈਰਿਫ ਦੇ ਵਿਚਾਲੇ ਰੂਸ ਨੇ ਆਪਣੀ ਦੋਸਤੀ ਨਿਭਾਉਂਦਿਆਂ ਭਾਰਤ ਨੂੰ ਲੰਬੇ ਸਮੇਂ ਦੀ ਊਰਜਾ ਰਣਨੀਤੀ ਵਿੱਚ ਇੱਕ ਵੱਡਾ ਸਾਥੀ ਕਰਾਰ ਦਿੱਤਾ ਹੈ। ਰੂਸ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਲਗਾਏ ਗਏ ਟੈਰਿਫ ਨੂੰ ਅਨੁਚਿਤ ਅਤੇ ਗੈਰ-ਕਾਨੂੰਨੀ ਦੱਸਿਆ। ਰੂਸ ਨੇ ਇਹ ਵੀ ਕਿਹਾ ਕਿ ਜੇਕਰ ਅਮਰੀਕਾ ਭਾਰਤ ਲਈ ਵਪਾਰ ਦੇ ਦਰਵਾਜ਼ੇ ਬੰਦ ਕਰਦਾ ਹੈ, ਤਾਂ ਰੂਸ ਹਮੇਸ਼ਾ ਭਾਰਤੀ ਉਤਪਾਦਾਂ ਨੂੰ ਅਪਣਾਉਣ ਲਈ ਤਿਆਰ ਰਹੇਗਾ। ਇਸ ਦੇ ਨਾਲ ਹੀ, ਰੂਸ ਨੇ ਭਾਰਤ ਨੂੰ ਲਿਕੁਇਫਾਈਡ ਨੈਚੁਰਲ ਗੈਸ (LNG) ਨਿਰਯਾਤ ਕਰਨ ਦੀ ਪੇਸ਼ਕਸ਼ ਕੀਤੀ ਅਤੇ ਕਿਹਾ ਕਿ ਉਹ ਭਾਰਤ ਨੂੰ 5% ਡਿਸਕਾਉਂਟ ‘ਤੇ ਤੇਲ ਦੇ ਰਿਹਾ ਹੈ।
ਰੂਸ ਦੀਆਂ ਪੇਸ਼ਕਸ਼ਾਂ
ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਰੂਸ ਦੇ ਪਹਿਲੇ ਡਿਪਟੀ ਪ੍ਰਧਾਨ ਮੰਤਰੀ ਡੇਨਿਸ ਮੰਟੁਰੋਵ ਦੀ ਮੁਲਾਕਾਤ ਦੌਰਾਨ ਇਹ ਪੇਸ਼ਕਸ਼ਾਂ ਕੀਤੀਆਂ ਗਈਆਂ। ਰੂਸ ਨੇ ਕਿਹਾ ਕਿ ਦੋਵੇਂ ਦੇਸ਼ਾਂ ਨੂੰ ਨਿਊਕਲੀਅਰ ਊਰਜਾ ਸਹਿਯੋਗ ਨੂੰ ਹੋਰ ਵਧਾਉਣਾ ਚਾਹੀਦਾ। ਰੂਸ ਪਹਿਲਾਂ ਹੀ ਭਾਰਤ ਨੂੰ ਤੇਲ, ਕੋਲਾ, ਅਤੇ ਪੈਟਰੋਲੀਅਮ ਉਤਪਾਦ ਸਪਲਾਈ ਕਰਦਾ ਹੈ, ਅਤੇ ਹੁਣ ਇਹ ਸਾਂਝੇਦਾਰੀ ਨੂੰ ਅਗਲੇ ਪੱਧਰ ‘ਤੇ ਲੈ ਜਾਣਾ ਚਾਹੁੰਦਾ ਹੈ। ਇਸ ਲਈ ਰੂਸ ਨਿਊਕਲੀਅਰ ਸੈਕਟਰ ਅਤੇ LNG ਨਿਰਯਾਤ ਵਿੱਚ ਨਿਵੇਸ਼ ‘ਤੇ ਜ਼ੋਰ ਦੇ ਰਿਹਾ ਹੈ।
ਰੂਸ ਦਾ ਭਾਰਤ ਲਈ ਸਮਰਥਨ
ਰੂਸ ਨੇ ਕਿਹਾ ਕਿ ਭਾਰਤ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਹੈ, ਅਤੇ ਰੂਸ ਹਮੇਸ਼ਾ ਭਾਰਤ ਦਾ ਸਹਿਯੋਗ ਕਰੇਗਾ। ਉਹਨਾਂ ਨੇ ਅਮਰੀਕੀ ਟੈਰਿਫ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਅਤੇ ਕਿਹਾ ਕਿ ਇਹਨਾਂ ਟੈਰਿਫ ਕਾਰਨ ਵਿਸ਼ਵ ਬਾਜ਼ਾਰ ਵਿੱਚ ਅਸਥਿਰਤਾ ਵਧ ਸਕਦੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਇੱਕ ਵੱਡਾ ਖਪਤਕਾਰ ਦੇਸ਼ ਹੈ, ਇਸ ਲਈ ਅਜਿਹੀ ਸਥਿਤੀ ਵਿੱਚ ਭਾਰਤ ਨਾਲ ਸਹਿਯੋਗ ਵਧਾਉਣਾ ਰੂਸ ਲਈ ਵੀ ਜ਼ਰੂਰੀ ਹੈ।
ਅਮਰੀਕੀ ਪਾਬੰਦੀਆਂ ਅਤੇ ਟੈਰਿਫ
ਰੂਸ ਜਿੱਥੇ ਭਾਰਤ ਨੂੰ ਨਵੀਆਂ ਪੇਸ਼ਕਸ਼ਾਂ ਦੇ ਰਿਹਾ ਹੈ, ਉੱਥੇ ਅਮਰੀਕਾ ਨੇ ਰੂਸ ਤੋਂ ਤੇਲ ਖਰੀਦਣ ਦੇ ਮੁੱਦੇ ‘ਤੇ ਭਾਰਤ ‘ਤੇ 25% ਵਾਧੂ ਟੈਰਿਫ ਲਗਾਇਆ ਹੈ। ਟਰੰਪ ਨੇ ਧਮਕੀ ਦਿੱਤੀ ਹੈ ਕਿ ਇਹ ਟੈਰਿਫ ਹੋਰ ਵੀ ਵਧਾਇਆ ਜਾ ਸਕਦਾ ਹੈ। ਭਾਰਤ ਅਮਰੀਕਾ ਅਤੇ ਰੂਸ ਦੋਵਾਂ ਨਾਲ ਵਪਾਰਕ ਸੰਤੁਲਨ ਬਣਾਈ ਰੱਖਣਾ ਚਾਹੁੰਦਾ ਹੈ, ਪਰ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਰੂਸ ਨਾਲ ਵਪਾਰ ਪੂਰੀ ਤਰ੍ਹਾਂ ਬੰਦ ਕਰ ਦਵੇ। ਦਿਲਚਸਪ ਗੱਲ ਹੈ ਕਿ ਭਾਰਤ ਦਾ ਵਿਰੋਧ ਕਰਨ ਵਾਲੇ ਅਮਰੀਕਾ ਅਤੇ ਯੂਰਪੀਅਨ ਦੇਸ਼ ਖੁਦ ਰੂਸ ਨਾਲ ਵਪਾਰ ਜਾਰੀ ਰੱਖ ਰਹੇ ਹਨ।