ਹਰਿਦੁਆਰ: ਹਰਿਦੁਆਰ ਦੇ ਮਨਸਾ ਦੇਵੀ ਮੰਦਿਰ ਵਿੱਚ ਭਗਦੜ ਵਿੱਚ ਹੁਣ ਤੱਕ 6 ਲੋਕਾਂ ਦੀ ਮੌਤ ਅਤੇ 25 ਤੋਂ 30 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਸ ਭਗਦੜ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੋਕ ਇੱਕ ਜਗ੍ਹਾ ‘ਤੇ ਫਸੇ ਹੋਏ ਹਨ ਅਤੇ ਚੀਕ-ਚਿਹਾੜਾ ਪੈ ਰਿਹਾ ਹੈ। ਵੱਡੀ ਭੀੜ ਕਾਰਨ ਬਹੁਤ ਸਾਰੇ ਲੋਕਾਂ ਦੇ ਸਾਹ ਘੁੱਟੇ ਹੋਏ ਦਿਖਾਈ ਦਿੱਤੇ। ਇਸ ਭੀੜ ਵਿੱਚ ਕਈ ਮਾਸੂਮ ਬੱਚੇ ਵੀ ਫਸੇ ਹੋਏ ਦਿਖਾਈ ਦਿੱਤੇ। ਚਾਰੇ ਪਾਸੇ ਲੋਕਾਂ ਦਾ ਸ਼ੋਰ ਸੁਣਾਈ ਦੇ ਰਿਹਾ ਹੈ। ਅਤੇ ਬਾਹਰ ਨਿਕਲਣ ਲਈ ਕੋਈ ਜਗ੍ਹਾ ਨਹੀਂ ਹੈ।
ਹਰਿਦੁਆਰ ਦੇ ਜ਼ਿਲ੍ਹਾ ਮੈਜਿਸਟਰੇਟ ਮਯੂਰ ਦੀਕਸ਼ਿਤ ਨੇ ਕਿਹਾ, ਪਹਿਲੀ ਨਜ਼ਰੇ ਅਜਿਹਾ ਲੱਗਦਾ ਹੈ ਕਿ ਕਿਸੇ ਨੇ ਇਹ ਅਫਵਾਹ ਫੈਲਾਈ ਹੈ ਕਿ ਤਾਰਾਂ ਵਿੱਚ ਕਰੰਟ ਹੈ। ਅਸੀਂ ਕੁਝ ਤਸਵੀਰਾਂ ਵੇਖੀਆਂ ਹਨ ਜਿਨ੍ਹਾਂ ਵਿੱਚ ਤਾਰਾਂ ਟੁੱਟੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਅਜਿਹਾ ਲੱਗਦਾ ਹੈ ਕਿ ਲੋਕਾਂ ਨੇ ਤਾਰ ਖਿੱਚ ਕੇ ਕੰਧ ‘ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਅਤੇ ਇਸੇ ਕਾਰਨ ਭਗਦੜ ਮਚੀ। ਡਾਕਟਰਾਂ ਨੇ ਦੱਸਿਆ ਕਿ ਮੌਤਾਂ ਭਗਦੜ ਕਾਰਨ ਹੋਈਆਂ ਹਨ, ਬਿਜਲੀ ਦੇ ਝਟਕੇ ਕਾਰਨ ਨਹੀਂ। ਇਸ ਬਾਰੇ ਹੋਰ ਜਾਂਚ ਵੀ ਕੀਤੀ ਜਾਵੇਗੀ।
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਇਸ ਮਾਮਲੇ ਵਿੱਚ ਇੱਕ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ, ਅੱਜ ਸਵੇਰੇ 9 ਵਜੇ ਦੇ ਕਰੀਬ ਇੱਕ ਬਹੁਤ ਹੀ ਮੰਦਭਾਗੀ ਘਟਨਾ ਹਰਿਦੁਆਰ ਦੇ ਮਨਸਾ ਦੇਵੀ ਮੰਦਿਰ ਦੀਆਂ ਪੌੜੀਆਂ ਨੇੜੇ ਅਫਵਾਹਾਂ ਕਾਰਨ ਭਗਦੜ ਮਚ ਗਈ। 6 ਲੋਕਾਂ ਦੀ ਜਾਨ ਚਲੀ ਗਈ। ਸਾਰੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਅਫਵਾਹ ਕਿਉਂ ਅਤੇ ਕਿਵੇਂ ਫੈਲੀ। ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਜ਼ਖਮੀਆਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ।