ਉਤਰਾਖੰਡ ਦੇ ਗੁਰੂਘਰ ਤੋਂ ਨਿਹੰਗ ਸਿੰਘਾਂ ਨੇ ਛੱਡਿਆ ਮੋਰਚਾ, 4 ਦਿਨਾਂ ਬਾਅਦ ਪਰਤੇ ਪੰਜਾਬ

Global Team
2 Min Read

ਰੁਦ੍ਰਪ੍ਰਯਾਗ: ਉੱਤਰਾਖੰਡ ਦੇ ਰੁਦ੍ਰਪ੍ਰਯਾਗ ਜ਼ਿਲ੍ਹੇ ਦੇ ਨਗਰਾਸੂ ਸਥਿਤ ਗੁਰਦੁਆਰਾ ਸਾਹਿਬ ਨਾਲ ਜੁੜੇ ਵਿਵਾਦ ਵਿੱਚ ਸ਼ਾਂਤੀਪੂਰਨ ਹੱਲ ਨਿੱਕਲ ਗਿਆ ਰਿਹਾ ਹੈ। ਪੰਜਾਬ ਤੋਂ ਆਏ ਜਥੇ ਨਾਲ ਗੱਲਬਾਤ ਕਰਨ ਤੋਂ ਬਾਅਦ ਚਾਰ ਨਿਹੰਗ ਸਿੰਘ ਮੰਗਲਵਾਰ ਨੂੰ ਵਾਪਸ ਮੁੜਨ ਲਈ ਮੰਨ ਗਏ ਅਤੇ ਗੁਰਦੁਆਰੇ ਦੀ ਵਿਵਸਥਾ ਮੁੜ ਸੰਚਾਲਕ ਬਾਬਾ ਬੇਅੰਤ ਸਿੰਘ ਨੂੰ ਸੌਂਪ ਦਿੱਤੀ ਗਈ ਹੈ।

ਨਿਹੰਗ ਸਿੰਘਾਂ ਨੇ ਕਿਹਾ ਕਿ ਇਹ ਮਾਮਲਾ ਆਪਸੀ ਸਹਿਮਤੀ, ਪ੍ਰਸ਼ਾਸਨ ਦੇ ਸਹਿਯੋਗ ਅਤੇ ਗੱਲਬਾਤ ਰਾਹੀਂ ਸੁਲਝਾ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰਾਖੰਡ ਸਰਕਾਰ, ਪ੍ਰਸ਼ਾਸਨ, ਪੁਲੀਸ ਅਤੇ ਧਾਰਮਿਕ ਆਗੂਆਂ ਦੀ ਭੂਮਿਕਾ ਨਾਲ ਹਾਲਾਤ ਕਾਬੂ ਵਿੱਚ ਆਏ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਹੇਮਕੁੰਟ ਸਾਹਿਬ ਯਾਤਰਾ ਪਹਿਲਾਂ ਵਾਂਗ ਜਾਰੀ ਰਹੇਗੀ ਅਤੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

ਨਿਹੰਗ ਸਿੰਘਾਂ ਦੇ ਮੁਤਾਬਕ, ਸਰਕਾਰ ਅੱਗੇ ਉਨ੍ਹਾਂ ਦੀ ਇਹ ਸ਼ਰਤ ਸੀ ਕਿ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਜਾਵੇ, ਜਿਸ ਨੂੰ ਸਵੀਕਾਰ ਕਰ ਲਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਦੇ ਸਾਥੀ ਹੇਠਾਂ ਉਤਰ ਆਏ।

ਮਾਮਲੇ ਦੌਰਾਨ ਹਾਲਾਤ ਸੰਭਾਲਣ ਲਈ ਪੁਲੀਸ, ITBP ਅਤੇ PAC ਦੇ ਜਵਾਨ ਤਾਇਨਾਤ ਕੀਤੇ ਗਏ ਸਨ। ਪ੍ਰਸ਼ਾਸਨ ਵੱਲੋਂ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਸੀ। ਹੁਣ ਹਾਲਾਤ ਵਿੱਚ ਸੁਧਾਰ ਤੋਂ ਬਾਅਦ ਸੁਰੱਖਿਆ ਬਲਾਂ ਦੀ ਗਿਣਤੀ ਵੀ ਘਟਾ ਦਿੱਤੀ ਗਈ ਹੈ।

ਇਸੇ ਦੌਰਾਨ ਪੁਲੀਸ ਮੁੱਖ ਦਫ਼ਤਰ ਨੇ ਦੋਵੇਂ ਪੱਖਾਂ ਨਾਲ ਜੁੜੀਆਂ FIR ਦੀ ਜਾਂਚ ਹਰਿਦੁਆਰ ਟਰਾਂਸਫਰ ਕਰ ਦਿੱਤੀ ਹੈ, ਜਦਕਿ ਸਿੱਖ ਸ਼ਰਧਾਲੂਆਂ ਨਾਲ ਕਥਿਤ ਦੁਰਵਿਵਹਾਰ ਦੇ ਦੋਸ਼ਾਂ ਦੀ ਜਾਂਚ DIG ਪੱਧਰ ਦੇ ਅਧਿਕਾਰੀ ਨੂੰ ਸੌਂਪੀ ਗਈ ਹੈ।

ਇਨ੍ਹਾਂ ਮਾਮਲਿਆਂ ਦੀ ਨਿਗਰਾਨੀ ਐਸਐਸਪੀ ਹਰਿਦੁਆਰ ਨਵਨੀਤ ਸਿੰਘ ਭੁੱਲਰ ਕਰਨਗੇ ਤਾਂ ਜੋ ਨਿਰਪੱਖ ਅਤੇ ਸੁਤੰਤਰ ਜਾਂਚ ਨੂੰ ਯਕੀਨੀ ਬਣਾਇਆ ਜਾ ਸਕੇ। ਸਿੱਖ ਸੰਗਠਨਾਂ ਨੇ ਦੋਸ਼ ਲਗਾਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਸ਼ਰਧਾਲੂਆਂ ਨੂੰ ਬਿਨਾਂ ਦਸਤਾਰਾਂ ਦੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਗਿਆ। ਇਨ੍ਹਾਂ ਦੋਸ਼ਾਂ ਦੀ ਜਾਂਚ ਡੀਆਈਜੀ ਯਸ਼ਵੰਤ ਸਿੰਘ ਚੌਹਾਨ ਨੂੰ ਸੌਂਪੀ ਗਈ ਹੈ। ਉਨ੍ਹਾਂ ਨੂੰ ਦੋ ਹਫ਼ਤਿਆਂ ਦੇ ਅੰਦਰ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਦੂਜੇ ਪਾਸੇ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਤੀਨਿਧ ਮੰਡਲ ਨੇ ਦੇਹਰਾਦੂਨ ਵਿੱਚ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਮੁਲਾਕਾਤ ਕਰਕੇ ਸਰਕਾਰ ਦੇ ਫੈਸਲਿਆਂ ਦਾ ਸਵਾਗਤ ਕੀਤਾ।

Share This Article
Leave a Comment