-ਅਵਤਾਰ ਸਿੰਘ
ਸੰਸਾਰ ਦੀ ਪਹਿਲੀ ਜੰਗ 28/7/1914 ਨੂੰ ਸ਼ੁਰੂ ਹੋਈ, ਇੱਕ ਪਾਸੇ ਫਰਾਂਸ, ਰੂਸ ਤੇ ਯੂਕੇ ਅਤੇ ਦੂਜੇ ਪਾਸੇ ਜਰਮਨੀ, ਆਸਟਰੀਆ ਤੇ ਹੰਗਰੀ ਸਨ। ਅੰਗਰੇਜ਼ਾਂ ਨੂੰ ਖਤਰਾ ਸੀ ਕਿ ਜੰਗ ਕਾਰਨ ਭਾਰਤੀ ਲੋਕ ਬਗਾਵਤ ਨਾ ਕਰ ਦੇਣ, ਇਸ ਲਈ ਜੰਗ ਦੌਰਾਨ ਬਗਾਵਤ ਨੂੰ ਕੁਚਲਣ ਲਈ ਡੀਫੈਂਸ ਆਫ ਇੰਡੀਆ ਕਾਨੂੰਨ ਬਣਾਇਆਗਿਆ ਸੀ।
ਸਾਡੇ ਦੇਸ਼ ਦੇ ਲੀਡਰਾਂ ਲੋਕ ਮਾਨਯਾ ਤਿਲਕ ਤੇ ਏਨੀ ਬੇਸੈਂਟ ਜਿਨ੍ਹਾਂ ਕਾਂਗਰਸ ਵਿੱਚ ਹੀ ”ਹੋਮ ਲੀਗ” ਬਣਾਈ ਹੋਈ ਸੀ, ਨੂੰ ਝਾਕ ਸੀ ਕਿ ਜੰਗ ਮਗਰੋਂ ਅੰਗਰੇਜ਼ ਸਾਨੂੰ ਹੋਮ ਰੂਲ (ਕੇਂਦਰ ‘ਚ ਅੰਗਰੇਜ਼ਾਂ ਦਾ ਰਾਜ ਹੁੰਦੇ ਹੋਏ ਸੂਬਿਆਂ ‘ਚ ਰਾਜ ਦਾ ਅਧਿਕਾਰ) ਦੇਣਗੇ।
ਇਸ ਲਈ ਜੰਗ ਵਿੱਚ ਉਨ੍ਹਾਂ ਅੰਗਰੇਜ਼ਾਂ ਦੀ ਮਦਦ ਕੀਤੀ ਜਿਸ ਵਿਚ 47,746 ਦੇ ਕਰੀਬ ਭਾਰਤੀ ਫੌਜੀ ਸ਼ਹੀਦ ਤੇ 65,126 ਜ਼ਖ਼ਮੀ ਹੋਏ। ਅੰਗਰੇਜ਼ ਫੌਜੀਆਂ ਤੋਂ ਵੀ ਵਧ ਗਿਣਤੀ ਸੀ।
1917 ਵਿੱਚ ਰੂਸੀ ਇਨਕਲਾਬ ਆਉਣ ‘ਤੇ ਗਦਰ ਲਹਿਰ ਦੇ ਉਭਾਰ ਕਾਰਨ ਬਗਾਵਤ ਨੂੰ ਦਬਾਉਣ ਲਈ ਉਪਰੋਕਤ ਐਕਟ ਬਣਾਇਆ ਗਿਆ। ਫਿਰ ਪਹਿਲੇ ਐਕਟ ਦੀ ਮਿਆਦ ਮੁਕਣ ‘ਤੇ ਅੰਗਰੇਜ਼ ਜੱਜ ਸਿਡਨੀ ਰੋਲਟ ਨੇ ਨਵੇ ਕਾਨੂੰਨ ਦਾ ਖਰੜਾ ਪੇਸ਼ ਕੀਤਾ, ਜਿਸ ਵਿੱਚ ਅੰਗਰੇਜ਼ ਰਾਜ ਅਧੀਨ ਰਹਿਣ ਵਾਲੇ ਕਿਸੇ ਵਿਅਕਤੀ ਨੂੰ ਦਹਿਸ਼ਤਪਸੰਦ ਹੋਣ ਦੇ ਸ਼ੱਕ ਵਿੱਚ ਦੋ ਸਾਲ ਬਿਨਾ ਮੁਕੱਦਮੇ ਚਲਾਏ ਜੇਲ੍ਹ ਵਿੱਚ ਰੱਖ ਸਕਦੀ ਹੈ।
ਪ੍ਰੈਸ ‘ਤੇ ਪਾਬੰਦੀ, ਬਿਨਾਂ ਵਾਰੰਟ ਦੇ ਗਿਰਫਤਾਰ ਕਰ ਸਕਦੀ ਹੈ। ਦੋਸ਼ੀਆਂ ਨੂੰ ਕਿਸੇ ਕਿਸਮ ਦੀ ਕੋਈ ਜਾਣਕਾਰੀ ਨਹੀਂ ਦੇਵੇਗੀ। ਜ਼ਮਾਨਤ ‘ਤੇ ਰਿਹਾਅ ਹੋਣ ਵਾਲੇ ਵਿਅਕਤੀ ਸਿਆਸੀ, ਵਿਦਿਅਕ, ਧਾਰਮਿਕ ਸਰਗਰਮੀ ਵਿੱਚ ਭਾਗ ਨਹੀ ਲੈਣ।
ਜੱਜ ਸਿਡਨੀ ਰੋਲਟ ਦੇ ਨਾਂ ‘ਤੇ ਹੀ ਇਸ ਐਕਟ ਦਾ ਨਾਂ ਰਖਿਆ ਜੋ 18, ਮਾਰਚ,1919 ਨੂੰ ਲਾਗੂ ਹੋਇਆ। ਇਸ ਐਕਟ ਦੇ ਵਿਰੋਧ ਵਿੱਚ ਪਹਿਲਾਂ 10-4-1919 ਨੂੰ ਪ੍ਰਦਸ਼ਨ ਤੇ ਗੋਲੀ ਚੱਲੀ, ਸਰਕਾਰੀ ਅੰਕੜਿਆਂ ਮੁਤਾਬਿਕ 5 ਅੰਗਰੇਜ਼ ਤੇ 12 ਸ਼ਹਿਰੀ ਮਾਰੇ ਗਏ ਸਨ, ਜਦਕਿ ਇਹ ਗਿਣਤੀ 20-30 ਵਿਚਕਾਰ ਸੀ। ਇਸ ਘਟਨਾ ਕਰਕੇ ਹੀ ਜਲਿਆਂਵਾਲਾ ਬਾਗ ਦਾ ਸਾਕਾ ਵਾਪਰਿਆ।