ਖਨੌਰੀ ਕਿਸਾਨੀ ਏਕੇ ਦਾ ਸੁਨੇਹਾ

Global Team
3 Min Read

ਜਗਤਾਰ ਸਿੰਘ ਸਿੱਧੂ

ਦਿੱਲੀ ਬਾਰਡਰ ਤੋਂ ਪਰਤ ਕੇ ਅੰਦੋਲਨਕਾਰੀ ਕਿਸਾਨ ਆਗੂਆਂ ਦੀ ਖਨੌਰੀ ਮੋਰਚੇ ਉੱਪਰ ਪਹਿਲੀ ਮੁਲਾਕਾਤ ਭਾਵੁਕ ਅਤੇ ਏਕੇ ਦਾ ਸੁਨੇਹਾ ਵਾਲੀ ਹੋ ਨਿੱਬੜੀ। ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਪੁਰਾਣੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਖਨੌਰੀ ਬਾਰਡਰ ਦੀ ਇਸ ਮੁਲਾਕਾਤ ਨੂੰ ਦੇਸ਼ ਦੇ ਲੱਖਾਂ ਕਿਸਾਨ ਬੜੀ ਨੀਝ ਨਾਲ ਵੇਖ ਰਹੇ ਸਨ। ਕਿਸਾਨੀ ਮੰਗਾਂ ਦੀ ਸਹਿਮਤੀ ਤੋਂ ਬਾਅਦ ਕਿਸਾਨ ਆਗੂਆਂ ਨੇ ਸਾਂਝੇ ਸੰਘਰਸ਼ ਵੱਲ ਪੁੱਟਿਆ ਇਹ ਵੱਡਾ ਕਦਮ ਸੀ ਜਿਸ ਦੀ ਲੰਮੇ ਸਮੇਂ ਤੋਂ ਉਡੀਕ ਸੀ । ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਡਾ ਦਰਸ਼ਨ ਪਾਲ ਅਤੇ ਰਾਮਿੰਦਰ ਸਿੰਘ ਪਟਿਆਲਾ ਸਮੇਤ ਅਤੇ ਹੋਰਨਾਂ ਵਲੋਂ ਹੱਥਾਂ ਵਿੱਚ ਹੱਥ ਪਾਕੇ ਖਨੌਰੀ ਬਾਰਡਰ ਉਪਰ ਮਰਨ ਵਰਤ ਤੇ 46 ਦਿਨ ਤੋਂ ਬੈਠੇ ਬਜ਼ੁਰਗ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਮੁਲਾਕਾਤ ਲਈ ਇੱਕੋ ਲਾਈਨ ਵਿੱਚ ਕੀਤਾ ਮਾਰਚ ਕਿਸਾਨ ਅੰਦੋਲਨ ਦੀ ਚੜਦੀ ਕਲਾ ਦਾ ਪ੍ਰਤੀਕ ਹੋ ਨਿਬੜਿਆ । ਖਨੌਰੀ ਮੋਰਚੇ ਦੇ ਆਗੂਆਂ ਨੇ ਆਏ ਕਿਸਾਨ ਆਗੂਆਂ ਦਾ ਨਿੱਘਾ ਸੁਆਗਤ ਕੀਤਾ ।

ਦੋਹਾਂ ਸੰਯੁਕਤ ਕਿਸਾਨ ਮੋਰਚਿਆਂ ਦੇ ਆਗੂਆਂ ਨੇ ਸੰਖੇਪ ਜਿਹੀ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਵਿੱਖ ਵਿੱਚ ਸਾਂਝੇ ਅੰਦੋਲਨ ਦੀ ਤਿਆਰੀ ਲਈ ਵੱਧੇ ਕਦਮਾਂ ਦੀ ਪਹੁੰਚ ਬਾਰੇ ਜਾਣਕਾਰੀ ਦਿੱਤੀ । ਦੋਹਾਂ ਮੋਰਚਿਆਂ ਦੇ ਆਗੂਆਂ ਨੇ ਕਿਹਾ ਕਿ ਸਾਡੀਆਂ ਮੰਗਾਂ ਸਾਂਝੀਆਂ ਹਨ ਅਤੇ ਸਾਡਾ ਮੰਗਾਂ ਨਾ ਮੰਨਣ ਵਾਲਾ ਦੁਸ਼ਮਣ ਵੀ ਸਾਂਝਾ ਹੈ । ਉਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਆਪਣੇ ਸ਼ਿਕਵੇ ਅਤੇ ਮਤਭੇਦ ਪਾਸੇ ਰਖਦੇ ਹੋਏ ਮੰਗਾਂ ਦੀ ਪੂਰਤੀ ਲਈ ਸਾਂਝਾ ਸੰਘਰਸ਼ ਲੜਿਆ ਜਾਵੇ । ਅਸਲ ਵਿੱਚ ਇਕ ਦਿਨ ਪਹਿਲਾਂ ਮੋਗਾ ਦੀ ਕਿਸਾਨ ਮਹਾਪੰਚਾਇਤ ਦੇ ਵੱਡੇ ਇੱਕਠ ਵਿਚ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਐਲਾਨ ਕੀਤਾ ਸੀ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ ਅੰਦੋਲਨ ਕਰ ਰਹੇ ਮੋਰਚੇ ਨਾਲ ਕਿਸਾਨ ਮੰਗਾਂ ਦੀ ਪੂਰਤੀ ਲਈ ਸਾਂਝਾ ਸੰਘਰਸ਼ ਕੀਤਾ ਜਾਵੇ । ਇਸ ਮੰਤਵ ਲਈ ਪੱਤਰ ਲੈਕੇ ਕਿਸਾਨ ਆਗੂ ਖਨੌਰੀ ਪੁੱਜੇ ਸਨ ਜਿਥੇ ਕਿ ਸਾਰੀਆਂ ਧਿਰਾਂ ਨੇ ਏਕੇ ਦੀ ਹਾਮੀ ਭਰੀ ਅਤੇ ਇਸ ਦਾ ਵਿਸਥਾਰ ਪ੍ਰੋਗਰਾਮ ਤਿਆਰ ਕਰਨ ਲਈ ਪਟਿਆਲਾ ਵਿਖੇ ਪੰਦਰਾਂ ਜਨਵਰੀ ਦੀ ਸਾਂਝੀ ਬੈਠਕ ਰੱਖ ਲਈ ਗਈ ਹੈ । ਦੋਵੇਂ ਮੋਰਚਿਆਂ ਦੇ ਆਗੂਆਂ ਦੀ ਮੀਟਿੰਗ ਵਿੱਚ ਸਹਿਮਤੀ ਬਣ ਗਈ ਹੈ ਕਿ ਤੇਰਾਂ ਜਨਵਰੀ ਨੂੰ ਸੋਧੇ ਹੋਏ ਖੇਤੀ ਮੰਡੀਕਰਨ ਬਿੱਲਾਂ ਨੂੰ ਸਾੜਿਆ ਜਾਵੇਗਾ ਅਤੇ ਵਿਰੋਧ ਦਾ ਪ੍ਰਗਟਾਵਾ ਕੀਤਾ ਜਾਵੇਗਾ । ਇਸੇ ਤਰ੍ਹਾਂ ਸਾਂਝੇ ਤੌਰ ਤੇ ਛੱਬੀ ਜਨਵਰੀ ਨੂੰ ਮੰਗਾਂ ਦੀ ਹਮਾਇਤ ਵਿੱਚ ਟਰੈਕਟਰ ਮਾਰਚ ਕੀਤਾ ਜਾਵੇਗਾ ਅਤੇ ਕੇਂਦਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਜਾਵੇਗਾ।

ਬਾਅਦ ਵਿੱਚ ਸ਼ਾਮੀ ਖਨੌਰੀ ਮੋਰਚੇ ਦੇ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਏ ਆਗੂਆਂ ਨੂੰ ਅਪੀਲ ਕੀਤੀ ਕਿ ਡੱਲੇਵਾਲ ਦੀ ਸਿਹਤ ਦੇ ਮੱਦੇਨਜ਼ਰ ਸਾਂਝੀ ਮੀਟਿੰਗ ਪੰਦਰਾਂ ਜਨਵਰੀ ਤੋਂ ਪਹਿਲਾਂ ਕਰ ਲਈ ਜਾਵੇ ਤਾਂ ਜੋ ਸਾਂਝੇ ਅੰਦੋਲਨ ਦੀ ਕਾਰਵਾਈ ਛੇਤੀ ਸ਼ੁਰੂ ਹੋ ਸਕੇ।

ਸੰਪਰਕ 9814002186

Share This Article
Leave a Comment