ਨਿਊਜ਼ ਡੈਸਕ: ਇਨਸਾਨਾਂ ਵੱਲੋਂ ਖੁਦਕੁਸ਼ੀ ਕਰਨਾ ਤਾਂ ਆਮ ਗੱਲ ਹੋ ਗਈ ਹੈ ਪਰ ਹੁਣ ਰੋਬੋਟ ਵੀ ਖੁਦਕੁਸ਼ੀਆਂ ਕਰਨ ਲੱਗ ਪਏ ਹਨ। ਇਹ ਦੁਨੀਆ ਦਾ ਪਹਿਲਾ ਮਾਮਲਾ ਹੈ ਜਦੋਂ ਕਿਸੇ ਰੋਬੋਟ ਨੇ ਕੰਮ ਦੇ ਦਬਾਅ ਕਾਰਨ ਖੁਦਕੁਸ਼ੀ ਕੀਤੀ ਹੈ। ਜਦੋਂ ਇਨਸਾਨ ਪਰੇਸ਼ਾਨ ਹੁੰਦੇ ਹਨ, ਤਾਂ ਉਹ ਸਲਾਹ ਲੈਂਦੇ ਹਨ ਜਾਂ ਕਿਸੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹਨ, ਪਰ ਰੋਬੋਟਾਂ ਲਈ ਇਹ ਰਾਹ ਬੰਦ ਹੋ ਜਾਂਦੇ ਹਨ।
ਇਹ ਮਾਮਲਾ ਦੱਖਣੀ ਕੋਰੀਆ ਦਾ ਹੈ ਜਿੱਥੇ ਇੱਕ ਰੋਬੋਟ ਨੇ ਜ਼ਿਆਦਾ ਕੰਮ ਕਰਨ ਕਾਰਨ ਖੁਦਕੁਸ਼ੀ ਕਰ ਲਈ ਹੈ। ਇਸ ਸਰਕਾਰੀ ਰੋਬੋਟ ਮੁਲਾਜ਼ਮ ਨੇ ਅਚਾਨਕ ਆਪਣੇ ਦਫ਼ਤਰ ਦੀਆਂ ਪੌੜੀਆਂ ਤੋਂ ਹੇਠਾਂ ਛਾਲ ਮਾਰ ਦਿੱਤੀ ਤੇ ਉਸ ਦੇ ਟੁਕੜੇ ਟੁਕੜੇ ਹੋ ਗਏ। ਨਗਰ ਕੌਂਸਲ ਦਾ ਕਹਿਣਾ ਹੇ ਕਿ ਉਹਨਾਂ ਦਾ ਇਹ ਮਿਹਨਤੀ ਕਰਮਚਾਰੀ ਹਰ ਰੋਜ਼ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਕੰਮ ਕਰਦਾ ਸੀ।
ਇਕ ਰਿਪੋਰਟ ਦੇ ਅਨੁਸਾਰ, ਰਹੱਸਮਈ ਹਾਲਾਤ ਵਿੱਚ, ਗੁਮੀ ਸਿਟੀ ਕੌਂਸਲ ਦੇ ਇੱਕ ਸਰਕਾਰੀ ਕਰਮਚਾਰੀ ਰੋਬੋਟ ਦੇ ਹਿੱਸੇ ਪੌੜੀਆਂ ਦੇ ਹੇਠਾਂ ਖਿੱਲਰੇ ਹੋਏ ਪਾਏ ਗਏ। ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੌਂਸਲ ਦਾ ਕਹਿਣਾ ਹੈ ਕਿ ਹੇਠਾਂ ਡਿੱਗਣ ਤੋਂ ਬਾਅਦ ਰੋਬੋਟ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਭਾਰੀ ਨੁਕਸਾਨ ਹੋਇਆ। ਰੋਬੋਟ ਇਮਾਰਤ ਦੀ ਦੂਜੀ ਅਤੇ ਪਹਿਲੀ ਮੰਜ਼ਿਲ ਦੀਆਂ ਪੌੜੀਆਂ ਦੇ ਵਿਚਕਾਰ ਮਿਲਿਆ ਸੀ।
ਚਸ਼ਮਦੀਦਾਂ ਦਾ ਕਹਿਣਾ ਹੈ ਕਿ ਆਤਮਹੱਤਿਆ ਕਰਨ ਤੋਂ ਪਹਿਲਾਂ ਰੋਬੋਟ ਇਕ ਥਾਂ ‘ਤੇ ਘੁੰਮਦਾ ਰਿਹਾ। ਜਾਂਚ ਏਜੰਸੀ ਰੋਬੋਟ ਦੇ ਉੱਪਰੋਂ ਡਿੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਇਸ ‘ਰੋਬੋਟਿਕ ਅਸਿਸਟੈਂਟ’ ਨੂੰ ਬਣਾਉਣ ਵਾਲੀ ਕੈਲੀਫੋਰਨੀਆ ਸਟਾਰਟਅੱਪ ‘ਬੀਅਰ ਰੋਬੋਟਿਕਸ’ ਵੀ ਇਸ ਦੇ ਟੁਕੜਿਆਂ ਦੀ ਜਾਂਚ ਕਰ ਰਹੀ ਹੈ। ਗੁਮੀ ਸਿਟੀ ਕੌਂਸਲ ਦੇ ਅਧਿਕਾਰੀਆਂ ਮੁਤਾਬਕ ਰੋਬੋਟ ਨੇ ਬਹੁਤ ਲਗਨ ਨਾਲ ਕੰਮ ਕੀਤਾ। ਉਸ ਦੇ ਰੋਜ਼ਾਨਾ ਕੰਮਾਂ ਵਿੱਚ ਰੁਟੀਨ ਦਸਤਾਵੇਜ਼ਾਂ ਨੂੰ ਪਹੁੰਚਾਉਣਾ, ਸ਼ਹਿਰ ਦਾ ਪ੍ਰਚਾਰ ਕਰਨਾ, ਸਥਾਨਕ ਨਿਵਾਸੀਆਂ ਨੂੰ ਜਾਣਕਾਰੀ ਦੇਣਾ ਆਦਿ ਸ਼ਾਮਲ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।