ਖੰਨਾ ‘ਚ ਹੁੱਲੜਬਾਜ਼ਾ ਨੇ 2 ਘਰਾਂ ਦੇ ਬੁਝਾਏ ਚਿਰਾਗ, ਇੱਕ ਲੜ ਰਿਹਾ ਜ਼ਿੰਦਗੀ-ਮੌਤ ਦੀ ਲੜਾਈ

Prabhjot Kaur
3 Min Read

ਲੁਧਿਆਣਾ: ਖੰਨਾ ‘ਚ ਦੇਰ ਰਾਤ ਓਵਰਸਪੀਡ ਕਾਰ ਨੇ ਦੋ ਘਰਾਂ ਦੇ ਚਿਰਾਗ ਬੁਝਾ ਦਿੱਤੇ, ਜਦਕਿ ਤੀਸਰਾ ਨੌਜਵਾਨ ਮੌਤ ਨਾਲ ਲੜ ਰਿਹਾ ਹੈ। ਇਹ ਹਾਦਸਾ ਸਮਰਾਲਾ ਰੋਡ ਵਿਖੇ ਉਸ ਵੇਲੇ ਵਾਪਰਿਆ, ਜਦੋਂ ਨੌਜਵਾਨ ਸੜਕ ਦੇ ਕੋਲ ਲੱਗੇ ਸੀਮੇਂਟ ਦੇ ਬੈਂਚ ‘ਤੇ ਬੈਠੇ ਸੀ। ਕਾਰ ਸਵਾਰ ਮੁੰਡਿਆਂ ਨੇ ਨਸ਼ਾ ਕੀਤਾ ਹੋਇਆ ਸੀ ਜਿਸ ਕਾਰਨ ਕਾਰ ‘ਤੇ ਕੰਟਰੋਲ ਨਹੀਂ ਰਿਹਾ ਤੇ ਉਹ ਬੇਕਾਬੂ ਹੋ ਕੇ ਰੁੱਖ ਨੂੰ ਤੋੜਦੀ ਹੋਈ ਨੌਜਵਾਨਾਂ ਦੇ ਉੱਪਰ ਜਾ ਚੜ੍ਹ ਗਈ। ਇਸ ਮਾਮਲੇ ‘ਚ ਪੁਲਸ ਦੀ ਕਾਰਵਾਈ ਤੋਂ ਨਿਰਾਸ਼ ਲੋਕਾਂ ਨੇ ਦੋਸ਼ੀਆਂ ਦਾ ਸਾਥ ਦੇਣ ਦਾ ਦੋਸ਼ ਲਗਾਇਆ ਜਾ ਰਿਹਾ ਹੈ।

ਮੌਕੇ ‘ਤੇ ਮੌਜੂਦ ਚਸ਼ਮਦੀਦ ਪਰਮਜੀਤ ਸਿੰਘ ਨੇ ਦੱਸਿਆ ਕਿ ਇਹ ਤਿੰਨੇ ਨੌਜਵਾਨ ਬੈਂਚ ‘ਤੇ ਬੈਠੇ ਸੀ ਤਾਂ ਤੇਜ ਰਫ਼ਤਾਰ ਨਾਲ ਕਾਰ ਆਈ। ਕਾਰ ਡਰਾਈਵਰ ਨੇ ਕੋਈ ਬ੍ਰੇਕ ਨਹੀਂ ਲਗਾਈ। ਕਾਰ ਦਰੱਖਤ ਨੂੰ ਤੋੜਦੀ ਹੋਈ ਆਟਾ ਚੱਕੀ ਦੇ ਪਏ ਇੱਕ ਭਾਰੀ ਪੱਥਰ ‘ਚ ਵੱਜੀ ਅਤੇ ਫਿਰ ਨੌਜਵਾਨਾਂ ਉੱਪਰ ਚੜ੍ਹ ਗਈ। ਪੱਥਰ ਇੱਕ ਨੌਜਵਾਨ ਦੇ ਉੱਪਰ ਜਾ ਕੇ ਡਿੱਗਿਆ, ਜਿਸ ਨਾਲ ਉਸ ਦੀ ਮੌਕੇ ਤੇ ਮੌਤ ਹੋ ਗਈ ਤੇ ਦੋ ਨੌਜਵਾਨਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ, ਜਿਨ੍ਹਾਂ ‘ਚੋਂ ਇੱਕ ਦੀ ਰਸਤੇ ‘ਚ ਹੀ ਮੌਤ ਹੋ ਗਈ। ਤੀਜਾ ਨੌਜਵਾਨ ਵੈਂਟਿਲੇਟਰ ‘ਤੇ ਹੈ, ਜੋ ਆਪਣੇ ਸਾਹਾਂ ਲਈ ਲੜ ਰਿਹੈ ਹੈ।

- Advertisement -

ਪਰਮਜੀਤ ਨੇ ਦੱਸਿਆ ਕਿ ਪੁਲਿਸ ਜਾਂਚ ਲਈ ਆਈ ਸੀ ਤਾਂ ਕਾਰ ਵਾਲਿਆਂ ਦਾ ਹੀ ਸਾਥ ਦੇ ਰਹੀ ਸੀ। ਨੌਜਵਾਨਾਂ ਨੇ ਨਸ਼ਾ ਕੀਤਾ ਹੋਇਆ ਸੀ ‘ਤੇ ਪਿੱਛੋਂ ਵੀ ਹੁੱਲੜਬਾਜ਼ੀ ਕਰਦੇ ਹੀ ਆ ਰਹੇ ਸੀ, ਜਿਸ ਦੀ ਵੀਡੀਓਜ਼ ਉਹਨਾਂ ਵਲੋਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹੋਈਆਂ ਸਨ। ਕਾਰ ‘ਚ ਮੌਜੂਦ ਇੱਕ ਢਾਬਾ ਮਾਲਕ ਨੇ ਵੀ ਸਰਕਾਰੀ ਹਸਪਤਾਲ ਅੰਦਰ ਗਾਲ੍ਹਾਂ ਕੱਢੀਆਂ ਅਤੇ ਕਿਹਾ ਕਿ ਇਹੋ ਜਿਹੀ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਜੋ ਕਰਨਾ ਕਰ ਲਓ। ਇੱਕ ਹੋਰ ਚਸ਼ਮਦੀਦ ਅਮਰਦੀਪ ਸਿੰਘ ਅਨੁਸਾਰ ਓਹ ਆਪਣੀ ਪਤਨੀ ਨਾਲ ਸੈਰ ਕਰ ਰਿਹਾ ਸੀ ਤਾਂ ਉਸਦੀਆਂ ਅੱਖਾਂ ਸਾਮਣੇ ਇਹ ਦਰਦਨਾਕ ਹਾਦਸਾ ਵਾਪਰਿਆ।

ਪੁਲਿਸ ਕਾਰਵਾਈ ‘ਤੇ ਸਵਾਲ ਚੁੱਕਦੇ ਹੋਏ ਅਮਰਦੀਪ ਨੇ ਕਿਹਾ ਕਿ ਪੁਲਿਸ ਸਬੂਤ ਮਿਟਾਉਣ ਦੇ ਮਕਸਦ ਨਾਲ ਹਾਦਸੇ ਤੋਂ ਤੁਰੰਤ ਬਾਅਦ ਗੱਡੀ ਲੈਣ ਆ ਗਈ ਸੀ ਕਿਉਂਕਿ ਕਾਰ ‘ਚ ਸ਼ਰਾਬ ਦੀਆਂ ਬੋਤਲਾਂ ਅਤੇ ਹੋਰ ਸਾਮਾਨ ਸੀ। ਇੱਕ ਮ੍ਰਿਤਕ ਨੌਜਵਾਨ ਦੇ ਪਿਤਾ ਮਨਜੀਤ ਸਿੰਘ ਨੇ ਵੀ ਪੁਲਿਸ ਕਾਰਵਾਈ ‘ਤੇ ਸਵਾਲ ਚੁੱਕੇ ਅਤੇ ਇਨਸਾਫ ਦੀ ਮੰਗ ਕੀਤੀ।

ਦੂਜੇ ਪਾਸੇ ਪੁਲਿਸ ਨੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਮੌਕੇ ਤੇ ਮੌਜੂਦ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਰ ਦੀ ਸਪੀਡ ਬਹੁਤ ਤੇਜ ਸੀ। ਕਾਰ ਸਵਾਰਾਂ ਨੇ ਨਸ਼ਾ ਵੀ ਕੀਤਾ ਹੋਇਆ ਸੀ। ਜਿਸ ਕਰਕੇ ਇਸ ਹਾਦਸੇ ‘ਚ ਦੋ ਮੌਤਾਂ ਹੋਈਆਂ। ਤੀਜਾ ਨੌਜਵਾਨ ਚੰਡੀਗੜ੍ਹ ਦਾਖ਼ਲ ਕਰਾਇਆ ਗਿਆ। ਕਾਰ ਡਰਾਈਵਰ ਦੇ ਵੀ ਸੱਟਾਂ ਲੱਗੀਆਂ ਹਨ। ਉਸਦਾ ਇਲਾਜ ਚੱਲ ਰਿਹਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment