ਯੂਪੀ ਤੋਂ ਬਾਅਦ ਮੱਧ ਪ੍ਰਦੇਸ਼ ਵਿੱਚ ਭਿਆਨਕ ਸੜਕ ਹਾਦਸਾ, ਪਰਵਾਸੀ ਮਜ਼ਦੂਰਾਂ ਨੂੰ ਲਿਜਾ ਰਿਹਾ ਟਰੱਕ ਪਲਟਿਆ, 5 ਦੀ ਮੌਤ 15 ਜ਼ਖਮੀ

TeamGlobalPunjab
2 Min Read

ਸਾਗਰ : ਉੱਤਰ ਪ੍ਰਦੇਸ਼ ਦੇ ਔਰੇਆ ਜ਼ਿਲੇ ਵਿਚ ਅੱਜ ਸਵੇਰੇ ਵਾਪਰੇ ਭਿਆਨਕ ਸੜਕ ਹਾਦਸੇ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਿਚ ਇਕ ਹੋਰ ਭਿਆਨਕ ਸੜਕ ਹਾਦਸੇ ਦੀ ਖਬਰ ਮਿਲੀ ਹੈ। ਇਸ ਸੜਕ ਹਾਦਸੇ ਵਿੱਚ ਪੰਜ ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਅਤੇ 15 ਦੇ ਕਰੀਬ ਲੋਕ ਜ਼ਖਮੀ ਹੋਏ ਹਨ।  ਮਰਨ ਵਾਲਿਆਂ ਵਿੱਚ ਤਿੰਨ ਔਰਤਾਂ ਅਤੇ ਦੋ ਆਦਮੀ ਸ਼ਾਮਲ ਸਨ। ਮਿਲੀ ਜਾਣਕਾਰੀ ਅਨੁਸਾਰ, ਲੌਕਡਾਊਨ ਦੌਰਾਨ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਜਾ ਰਿਹਾ ਟਰੱਕ ਅਚਾਨਕ ਪਲਟ ਗਿਆ। ਜਿਸ ਕਾਰਨ ਪੰਜ ਪਰਵਾਸੀ ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ 15 ਦੇ ਕਰੀਬ ਜ਼ਖਮੀ ਹੋ ਗਏ ਹਨ।

ਸੜਕ ਹਾਦਸੇ ਦੀ ਖ਼ਬਰ ਮਿਲਦਿਆਂ ਹੀ ਸਥਾਨਕ ਲੋਕ ਮੌਕੇ ‘ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਏਐਸਪੀ ਪ੍ਰਵੀਨ ਭੂਰੀਆ ਨੇ ਇਹ ਦੱਸਿਆ ਕਿ ਉਕਤ ਮਜ਼ਦੂਰ ਮਹਾਰਾਸ਼ਟਰ ਤੋਂ ਉੱਤਰ ਪ੍ਰਦੇਸ਼ ਜਾ ਰਹੇ ਸਨ ਜੋ ਕਿ ਉੱਤਰ ਪ੍ਰਦੇਸ਼ ਦੇ ਸਿਧਾਰਥਨਗਰ ਦੇ ਰਹਿਣ ਵਾਲੇ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਐਂਬੂਲੈਂਸ ਮੌਕੇ ‘ਤੇ ਪਹੁੰਚੀ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ ਅਤੇ ਪੁਲੀਸ ਅਤੇ ਸਥਾਨਕ ਲੋਕਾਂ ਵੱਲੋਂ ਰਾਹਤ ਅਤੇ ਬਚਾਅ ਕਾਰਜ ਅਜੇ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਟਰੱਕ ਵਿਚ ਵੱਡੀ ਗਿਣਤੀ ਵਿਚ ਛੋਟੇ ਬੱਚੇ ਵੀ ਸਨ।

ਦੱਸ ਦਈਏ ਕਿ ਅੱਜ ਸਵੇਰੇ ਉੱਤਰ ਪ੍ਰਦੇਸ਼ ਦੇ ਔਰੇਆ ਜ਼ਿਲ੍ਹੇ ਵਿੱਚ ਪਰਵਾਸੀ ਮਜਦੂਰਾਂ ਨਾਲ ਭਰੇ ਇੱਕ ਟਰੱਕ ਦੀ ਦੂਜੇ ਟਰੱਕ ਨਾਲ ਟੱਕਰ ਹੋਣ ਨਾਲ 24 ਮਜਦੂਰਾਂ ਦੀ ਮੌਤ ਹੋ ਗਈ ਤੇ 30 ਤੋਂ ਜ਼ਿਆਦਾ ਲੋਕ ਜਖ਼ਮੀ ਹੋ ਗਏ ਸਨ। ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਇਸ ਹਾਦਸੇ ‘ਤੇ ਡੂੰਘਾ ਸੋਗ ਪ੍ਰਗਟ ਕੀਤਾ ਹੈ। ਯੂਪੀ ਸਰਕਾਰ ਨੇ ਦਰਦਨਾਕ ਸੜਕ ਹਾਦਸੇ ਤੋਂ ਬਾਅਦ ਲਾਪ੍ਰਵਾਹੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਸਖਤ ਰੁਖ ਅਪਣਾਇਆ ਹੈ। ਜਿਸ ਦੇ ਚੱਲਦਿਆਂ ਫਤਿਹਪੁਰ ਸੀਕਰੀ (ਆਗਰਾ) ਅਤੇ ਕੋਸੀ ਕਲਾਂ (ਮਥੁਰਾ) ਦੇ ਐਸਐਚਓ ਨੂੰ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਦੇ ਆਦੇਸ਼ਾਂ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਮੁੱਖ ਮੰਤਰੀ ਨੇ ਮਥੁਰਾ ਅਤੇ ਆਗਰਾ ਦੇ ਐਸਐਸਪੀ, ਏਡੀਜੀ ਆਗਰਾ ਜ਼ੋਨ ਅਤੇ ਆਈਜੀ ਆਗਰਾ ਜ਼ੋਨ ਤੋਂ ਵੀ ਸਪੱਸ਼ਟੀਕਰਨ ਮੰਗਿਆ ਹੈ।

Share this Article
Leave a comment