ਰੈਸਟੋਰੈਂਟ ਨੇ ਮਹਿਲਾ ਨੂੰ ਦਿੱਤਾ ਅਜਿਹਾ ਮੈਨਿਊ ਕਾਰਡ ਕਿ ਲੱਗਿਆ 44 ਲੱਖ ਰੁਪਏ ਦਾ ਜ਼ੁਰਮਾਨਾ

TeamGlobalPunjab
2 Min Read

ਆਮਤੌਰ ‘ਤੇ ਜਦੋਂ ਤੁਸੀ ਕਿਸੇ ਵੀ ਰੈਸਟੋਰੈਂਟ ਜਾਂ ਹੋਟਲ ਵਿੱਚ ਖਾਣਾ ਖਾਣ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਮੈਨਿਊ ਕਾਰਡ ਪੇਸ਼ ਕੀਤਾ ਜਾਂਦਾ ਹੈ, ਉਸ ਤੋਂ ਬਾਅਦ ਤੁਸੀ ਉਸ ਵਿੱਚੋਂ ਚੁਣ ਕੇ ਆਪਣੀ ਪਸੰਦ ਦੀ ਕੋਈ ਵੀ ਡਿਸ਼ ਆਰਡਰ ਕਰਦੇ ਹੋ। ਪਰ ਜ਼ਰਾ ਸੋਚੋ ਕਿ ਉਸੇ ਰੈਸਟੋਰੈਂਟ ਵਿੱਚ ਔਰਤਾਂ ਲਈ ਵੱਖਰਾ ਮੈਨਿਊ ਕਾਰਡ ਹੈ ਤੇ ਪੁਰਸ਼ਾਂ ਲਈ ਵੱਖਰਾ ਤਾਂ ਤੁਹਾਨੂੰ ਕਿਵੇਂ ਦਾ ਮਹਿਸੂਸ ਹੋਵੇਗਾ। ਜੀ ਹਾਂ, ਕੁੱਝ ਇਸ ਵਜ੍ਹਾ ਕਾਰਨ ਇੱਕ ਰੈਸਟੋਰੈਂਟ ‘ਤੇ 44 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ।

ਅਸਲ ‘ਚ ਪੇਰੂ ਦੀ ਰਾਜਧਾਨੀ ਲੀਮਾ ‘ਚ ‘ਲਾ ਰੋਜ਼ਾ ਨੌਟਿਕਾ’ ਨਾਮ ਦਾ ਇੱਕ ਰੈਸਟੋਰੈਂਟ ਹੈ। ਰਿਪੋਰਟਾਂ ਮੁਤਾਬਕ, ਰੈਸਟੋਰੈਂਟ ‘ਚ ਆਉਣ ਵਾਲੇ ਪੁਰਸ਼ਾਂ ਨੂੰ ਨੀਲੇ ਰੰਗ ਦਾ ਮੈਨਿਊ ਕਾਰਡ, ਜਦੋਂ ਕਿ ਔਰਤਾਂ ਨੂੰ ਸੁਨਹਿਰੇ ਰੰਗ ਦਾ ਮੈਨਿਊ ਕਾਰਡ ਦਿੱਤਾ ਜਾਂਦਾ ਸੀ।

ਨੀਲੇ ਰੰਗ ਦੇ ਮੈਨਿਊ ਕਾਰਡ ‘ਤੇ ਪਕਵਾਨ ਦੇ ਨਾਲ ਉਸਦੀ ਕੀਮਤ ਵੀ ਲਿਖੀ ਹੁੰਦੀ ਸੀ, ਜਦਕਿ ਸੁਨਹਿਰੇ ਰੰਗ ਕਾਰਡ ‘ਤੇ ਕੀਮਤ ਲਿਖੀ ਨਹੀਂ ਹੁੰਦੀ ਸੀ। ਅਸਲ ‘ਚ ਇਸਦੇ ਪਿੱਛੇ ਰੈਸਟੋਰੈਂਟ ਦਾ ਕਹਿਣਾ ਹੈ ਕਿ ਜੇਕਰ ਮਹਿਲਾ ਕਿਸੇ ਪੁਰਸ਼ ਨਾਲ ਆਉਂਦੀ ਹੈ ਤਾਂ ਉਸ ਦਾ ਬਿਲ ਉਹੀ ਭਰੇਗਾ, ਉਨ੍ਹਾਂ ਨੂੰ ਕੀਮਤ ਦੇਖਣ ਦੀ ਜ਼ਰੂਰਤ ਨਹੀਂ ਹੈ। ਇਸ ਲਈ ਔਰਤਾਂ ਨੂੰ ਬਿਨ੍ਹਾਂ ਕੀਮਤ ਵਾਲਾ ਮੈਨਿਊ ਕਾਰਡ ਦਿੱਤਾ ਜਾਂਦਾ ਸੀ।

- Advertisement -

ਹਾਲਾਂਕਿ ਪੇਰੂ ਪ੍ਰਸ਼ਾਸਨ ਨੇ ਰੈਸਟੋਰੈਂਟ ਦੀ ਦਲੀਲ਼ ਨੂੰ ਬੇਤੁਕਾ ਕਰਾਰ ਦਿੱਤਾ ਹੈ ਤੇ ਇਸਨੂੰ ਮਹਿਲਾਵਾਂ ਨਾਲ ਭੇਦਭਾਵ ਮੰਨਿਆ ਹੈ। ਨੈਸ਼ਨਲ ਇੰਸਟੀਚਿਊਟ ਫਾਰ ਦ ਡਿਫੈਂਸ ਆਫ ਫਰੀ ਕੰਪੀਟਿਸ਼ਨ ਐਂਡ ਪ੍ਰੋਟੈਕਸ਼ਨ ਆਫ ਇੰਟੈਲੇਕਚੁਅਲ ਪ੍ਰਾਪਰਟੀ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਈ , ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਔਰਤਾਂ ਨੂੰ ਪੁਰਸ਼ਾਂ ਦੇ ਬਰਾਬਰ ਹੱਕ ਤੇ ਸਨਮਾਨ ਮਿਲਣਾ ਚਾਹੀਦਾ ਹੈ।

ਰੈਸਟੋਰੈਂਟ ‘ਤੇ ਉਸ ਦੀ ਹਰਕਤ ਕਾਰਨ 62 ਹਜ਼ਾਰ ਡਾਲਰ ਯਾਨੀ ਲਗਭਗ 43.96 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸੁਨਹਿਰੇ ਰੰਗ ਦੇ ਮੈਨਿਊ ਕਾਰਡ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਆਪਣੇ ਰੈਸਟੋਰੈਂਟ ਅੰਦਰ ਇੱਕ ਪੋਸਟਰ ਲਗਾਉਣ ਜਿਸ ‘ਤੇ ਲਿਖਿਆ ਹੋਵੇ ਇੱਥੇ ਭੇਦਭਾਵ ਨੂੰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Share this Article
Leave a comment