ਕਈਂ ਹਿੰਦੀ ਫ਼ਿਲਮਾਂ ‘ਚ ਦਿੱਤਾ ਸ਼ਾਨਦਾਰ ਸੰਗੀਤ
ਮੁੰਬਈ/ਨਾਗਪੁਰ : ਬਾਲੀਵੁੱਡ ਤੋਂ ਇੱਕ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ।ਸਲਮਾਨ ਖਾਨ ਦੀ ਪਹਿਲੀ ਫ਼ਿਲਮ ‘ਮੈਂਨੇ ਪਿਆਰ ਕਿਯਾ’ ਦਾ ਸੰਗੀਤ ਦੇਣ ਵਾਲੇ ਉੱਘੇ ਸੰਗੀਤ ਨਿਰਦੇਸ਼ਕ ਰਾਮ ਲਕਸ਼ਮਣ ਹੁਣ ਸਾਡੇ ਵਿਚਕਾਰ ਨਹੀਂ ਰਹੇ। ਸ਼ਨੀਵਾਰ ਸਵੇਰੇ (22 ਮਈ) ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਹ 78 ਸਾਲਾਂ ਦੇ ਸਨ।
ਰਾਮਲਕਸ਼ਮਨ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ, ਉਹਨਾਂ ਨਾਗਪੁਰ ਵਿਖੇ ਆਪਣੇ ਘਰ ‘ਚ ਆਖਰੀ ਸਾਹ ਲਏ। ਰਾਮ ਲਕਸ਼ਮਣ ਨੇ ਕਈਂ ਹਿੰਦੀ ਫਿਲਮਾਂ ਵਿੱਚ ਸੰਗੀਤ ਦਿੱਤਾ । ਹਿੰਦੀ ਤੋਂ ਇਲਾਵਾ ਮਰਾਠੀ ਅਤੇ ਭੋਜਪੁਰੀ ਫਿਲਮਾਂ ‘ਚ ਵੀ ਉਨ੍ਹਾਂ ਹਿੱਟ ਸੰਗੀਤ ਦਿੱਤਾ।
ਰਾਮ ਲਕਸ਼ਮਣ ਦਾ ਅਸਲ ਨਾਮ ਵਿਜੇ ਪਾਟਿਲ ਸੀ। ਰਾਮਲਕਸ਼ਮਣ ਦੇ ਪੁੱਤਰ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਦਿਲ ਦੇ ਦੌਰੇ ਕਾਰਨ ਹੋਈ ਹੈ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਕੋਵਿਡ-19 ਟੀਕੇ ਦੀ ਦੂਜੀ ਖੁਰਾਕ ਲਈ, ਜਿਸ ਤੋਂ ਬਾਅਦ ਉਹ ਬਹੁਤ ਕਮਜ਼ੋਰ ਅਤੇ ਥੱਕਿਆ ਹੋਇਆ ਮਹਿਸੂਸ ਕਰ ਰਹੇ ਸਨ।
ਸਲਮਾਨ ਖਾਨ ਦੀਆਂ ਫਿਲਮਾਂ ਲਈ ਸੰਗੀਤਕਾਰ ਰਾਮ ਲਕਸ਼ਮਣ ਕਾਫ਼ੀ ਲੱਕੀ ਰਹੇ।
‘ਮੈਂਨੇ ਪਿਆਰ ਕਿਯਾ’ ਫ਼ਿਲਮ ਬਣਾਉਣ ਵਾਲੇ ‘ਰਾਜ ਸ੍ਰੀ ਪ੍ਰੋਡਕਸ਼ਨ’ ਦੀਆਂ ਕਈ ਫ਼ਿਲਮਾਂ ਨੂੰ ਰਾਮ ਲਕਸ਼ਮਣ ਨੇ ਹੀ ਸੰਗੀਤਬੱਧ ਕੀਤਾ ਅਤੇ ਉਨ੍ਹਾਂ ਦਾ ਸੰਗੀਤ ਖ਼ਾਸਾ ਮਕਬੂਲਿਆ ਗਿਆ। ਇਨ੍ਹਾਂ ਵਿੱਚ ‘ਹਮ ਆਪਕੇ ਹੈ ਕੌਣ’ ਅਤੇ ‘ਹਮ ਸਾਥ-ਸਾਥ ਹੈ’ ਸ਼ਾਮਲ ਹਨ। ਇਨ੍ਹਾਂ ਫ਼ਿਲਮਾਂ ਵਿੱਚ ਸਲਮਾਨ ਖਾਨ ਮੁੱਖ ਭੂਮਿਕਾ ਵਿੱਚ ਸਨ ।
ਇਸ ਤੋਂ ਇਲਾਵਾ ਸਲਮਾਨ ਖਾਨ ਦੀ ਫ਼ਿਲਮ ‘ਪੱਥਰ ਕੇ ਫੂਲ’ ਲਈ ਵੀ ਉਨ੍ਹਾਂ ਸੰਗੀਤ ਦਿੱਤਾ। 90 ਦੇ ਦੌਰ ਵਿੱਚ ਹਿੰਦੀ ਫ਼ਿਲਮਾਂ ਵਿੱਚ ‘ਮੈਲੋਡੀ’ ਦਾ ਦੌਰ ਵਾਪਿਸ ਲਿਆਉਣ ਵਾਲੇ ਸੰਗੀਤਕਾਰਾਂ ਵਿੱਚੋਂ ਰਾਮ ਲਕਸ਼ਮਣ ਵੀ ਇੱਕ ਸਨ। ਉਨ੍ਹਾਂ ਵਲੋਂ ਸੰਗੀਤਬੱਧ ਕੀਤੀਆਂ ਹੋਰ ਪ੍ਰਸਿੱਧ ਫਿਲਮਾਂ ‘ਚ ਸ਼ਾਮਲ ਹਨ : 100 ਡੇਜ਼, ਆਈ ਲਵ ਯੂ, ਦਿਲ ਕੀ ਬਾਜ਼ੀ, ਪਿਆਰ ਕਾ ਤਰਾਨਾ, ਪ੍ਰੇਮ ਸ਼ਕਤੀ, ਦੁਲਹਨ ਬਣੂੰ ਮੈਂ ਤੇਰੀ, ਨਿਰਭਯ, ਸਾਤਵਾਂ ਆਸਮਾਨ।
‘ਸਵਰ ਕੋਕੀਲਾ ਲਤਾ ਮੰਗੇਸ਼ਕਰ’ ਨੇ ਵੀ ਰਾਮਲਕਸ਼ਮਣ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ।
Mujhe abhi pata chala ki bahut guni aur lokpriya sangeetkar Ram Laxman ji (Vijay Patil) ji ka swargwas hua. Ye sunke mujhe bahut dukh hua. Wo bahut acche insaan the.Maine unke kai gaane gaaye jo bahut lokpriya hue. Main unko vinamra shraddhanjali arpan karti hun. pic.twitter.com/CAqcVTZ8jT
— Lata Mangeshkar (@mangeshkarlata) May 22, 2021
ਉਨ੍ਹਾਂ ਟਵੀਟ ਕਰਕੇ ਲਿਖਿਆ- ‘ਮੈਨੂੰ ਹੁਣੇ ਹੀ ਪਤਾ ਚੱਲਿਆ ਹੈ ਕਿ ਬਹੁਤ ਹੀ ਜਾਣਕਾਰ ਅਤੇ ਪ੍ਰਸਿੱਧ ਸੰਗੀਤਕਾਰ ਰਾਮਲਕਸ਼ਮਣ ਜੀ (ਵਿਜੇ ਪਾਟਿਲ) ਦਾ ਦਿਹਾਂਤ ਹੋ ਗਿਆ ਹੈ। ਇਹ ਸੁਣਕੇ ਮੈਨੂੰ ਬਹੁਤ ਦੁੱਖ ਹੋਇਆ। ਉਹ ਇੱਕ ਬਹੁਤ ਚੰਗੇ ਵਿਅਕਤੀ ਸਨ। ਮੈਂ ਉਨ੍ਹਾਂ ਲਈ ਬਹੁਤ ਸਾਰੇ ਗਾਣੇ ਗਾਏ ਜੋ ਬਹੁਤ ਮਸ਼ਹੂਰ ਹੋਏ । ਮੈਂ ਉਨ੍ਹਾਂ ਨੂੰ ਨਿਮਾਣੀ ਸ਼ਰਧਾਂਜਲੀ ਭੇਟ ਕਰਦੀ ਹਾਂ।’