ਜਗਤਾਰ ਸਿੰਘ ਸਿੱਧੂ;
ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ ਕਿਸਾਨ ਅੰਦੋਲਨ ਦੇ ਜਥੇ ਵਲੋਂ ਦਿੱਲੀ ਵਲ ਕੂਚ ਕਰਦਿਆਂ ਨੌਜਵਾਨ ਕਿਸਾਨ ਸ਼ੁਭਕਰਨ ਦੇ ਗੋਲੀ ਲੱਗਣ ਨਾਲ ਮੌਤ ਹੋ ਗਈ ਪਰ ਇਕ ਸਾਲ ਬੀਤ ਜਾਣ ਬਾਅਦ ਵੀ ਇਸ ਕੇਸ ਵਿੱਚ ਕੋਈ ਪ੍ਰਗਤੀ ਨਹੀਂ ਹੋਈ। ਸ਼ੰਭੂ ਅਤੇ ਖਨੌਰੀ ਬਾਰਡਰ ਉਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਅਤੇ ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਸ਼ੁਭਕਰਨ ਦੀ ਪਹਿਲੀ ਬਰਸੀ ਮੌਕੇ ਵੱਡੇ ਇੱਕਠ ਕਰਕੇ ਮੰਗ ਕੀਤੀ ਹੈ ਕਿ ਅੰਦੋਲਨ ਦੇ ਸ਼ਹੀਦ ਸ਼ੁਭਕਰਨ ਦੇ ਮਾਮਲੇ ਵਿਚ ਨਿਆਂ ਦਿੱਤਾ ਜਾਵੇ ।ਉਸ ਦੇ ਕਤਲ ਦੀ ਜਾਂਚ ਵਿੱਚ ਦੇਰੀ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਰੋਸ ਹੈ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਸ਼ੁਭਕਰਨ ਦੇ ਜੱਦੀ ਪਿੰਡ ਬੱਲੋ ਜਿਲਾ ਬਠਿੰਡਾ ਵਿਖੇ ਵੀ ਕਿਸਾਨਾਂ ਵਲੋਂ ਵੱਡਾ ਇੱਕਠ ਕੀਤਾ ਗਿਆ ਹੈ ।ਸ਼ੁਭਕਰਨ 21 ਫਰਵਰੀ 2024 ਨੂੰ ਕਿਸਾਨਾਂ ਦੇ ਰੋਸ ਵਿਖਾਵੇ ਦੌਰਾਨ ਗੋਲੀ ਦਾ ਨਿਸ਼ਾਨਾ ਬਣ ਗਿਆ। ਸ਼ੁਭਕਰਨ ਦੀ ਬਰਸੀ ਤੋਂ ਠੀਕ ਇਕ ਦਿਨ ਬਾਅਦ ਬਾਈ ਫਰਵਰੀ ਨੂੰ ਚੰਡੀਗੜ ਵਿਚ ਕੇਂਦਰ ਦੇ ਮੰਤਰੀਆਂ ਅਤੇ ਕਿਸਾਨ ਆਗੂਆਂ ਵਿਚਕਾਰ ਮੀਟਿੰਗ ਹੋ ਰਹੀ ਹੈ।
ਇਸ ਸਾਰੇ ਕਾਸੇ ਦੇ ਚਲਦਿਆਂ ਸ਼ੁਭਕਰਨ ਦੇ ਮਾਪੇ ਆਪਣੇ ਪੁੱਤ ਦੀ ਗੋਲੀ ਲਗਣ ਨਾਲ ਹੋਈ ਮੌਤ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਦਰ ਦਰ ਭਟਕ ਰਹੇ ਹਨ। ਪਹਿਲਾਂ ਤਾਂ ਇਹ ਤੈਅ ਨਹੀਂ ਹੋ ਰਿਹਾ ਸੀ ਕਿ ਸ਼ੁਭਕਰਨ ਦੀ ਮੌਤ ਹਰਿਆਣਾ ਵਾਲੇ ਪਾਸੇ ਹੋਈ ਹੈ ਤਾਂ ਹਰਿਆਣਾ ਪੁਲਿਸ ਕੇਸ ਦਰਜ ਕਰੇ। ਆਖਿਰ 28 ਫਰਵਰੀ ਨੂੰ ਪਾਤੜਾਂ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ। ਇਸ ਬਾਅਦ ਵੀ ਸ਼ੁਭਕਰਨ ਦੇ ਕੇਸ ਵਿੱਚ ਕੋਈ ਕਾਰਵਾਈ ਨਹੀਂ ਹੋਈ। ਕਿਸਾਨਾਂ ਦਾ ਕਹਿਣਾ ਹੈ ਕਿ ਗੋਲੀ ਹਰਿਆਣਾ ਦੀ ਪੁਲਿਸ ਵਾਲੇ ਪਾਸੇ ਤੋਂ ਆਕੇ ਲੱਗੀ ਹੈ ਪਰ ਹਰਿਆਣਾ ਪੁਲਿਸ ਦੋਸ਼ਾਂ ਨੂੰ ਰੱਦ ਕਰ ਰਹੀ ਹੈ ਅਤੇ ਦੂਜੇ ਪਾਸੇ ਪੰਜਾਬ ਪੁਲਿਸ ਵੱਲੋਂ ਕੇਸ ਦਰਜ ਤੋਂ ਅੱਗੇ ਕੁਝ ਨਹੀਂ ਹੋਇਆ । ਉਸ ਦੇ ਮਾਪਿਆਂ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਨਿਆਂ ਲੈਣ ਲਈ ਖੜਕਾਇਆ ਗਿਆ ।ਪਿਛਲੇ ਸਾਲ ਚਾਰ ਨਵੰਬਰ ਨੂੰ ਸ਼ੁਭਕਰਨ ਦੇ ਮਾਪਿਆਂ ਵਲੋ ਪਟੀਸ਼ਨ ਦਾਇਰ ਕੀਤੀ ਗਈ।ਇਸ 27 ਫਰਵਰੀ ਨੂੰ ਅਦਾਲਤ ਇਸ ਮਾਮਲੇ ਦੀ ਸੁਣਵਾਈ ਕਰੇਗੀ। ਸ਼ੁਭਕਰਨ ਦੇ ਮਾਪਿਆਂ ਦੀ ਮੰਗ ਹੈ ਕਿ ਕੇਂਦਰੀ ਏਜੰਸੀ ਸੀ ਬੀ ਆਈ ਜਾਂਚ ਕਰੇ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸ਼ੁਭਕਰਨ ਦੀ ਪਹਿਲੀ ਬਰਸੀ ਕਿਸਾਨ ਅੰਦੋਲਨ ਦੇ ਸਮੁੱਚੇ ਸ਼ਹੀਦਾਂ ਦੇ ਨਾਂ ਤੇ ਮਨਾਈ ਗਈ ਹੈ। ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਚੇਤੇ ਕਰਨਾ ਆਪਣੀਆਂ ਅਗਲੀਆਂ ਨਸਲਾਂ ਲਈ ਵਿਰਾਸਤ ਸਾਂਭਣ ਦਾ ਸਹੀ ਕਦਮ ਹੈ ਪਰ ਅੰਦੋਲਨ ਦੌਰਾਨ ਸਰਕਾਰੀ ਤੰਤਰ ਦਾ ਸ਼ਿਕਾਰ ਹੋਏ ਕਿਸਾਨਾਂ ਲਈ ਨਿਆਂ ਦੀ ਲੜਾਈ ਲੜਨਾ ਵੀ ਅੰਦੋਲਨ ਦਾ ਵੱਡਾ ਮੁੱਦਾ ਹੈ । ਇਸ ਤੋਂ ਪਹਿਲਾਂ ਲਖੀਮਪੁਰ ਖੀਰੀ ਦੇ ਕਿਸਾਨਾਂ ਲਈ ਨਿਆਂ ਦੀ ਲੜਾਈ ਦਾ ਮਾਮਲਾ ਚੱਲ ਰਿਹਾ ਹੈ!
ਬੇਸ਼ੱਕ ਫਸਲਾਂ ਲਈ ਕੀਮਤ ਦੀ ਕਾਨੂੰਨੀ ਗਾਰੰਟੀ ਅਤੇ ਹੋਰ ਕਿਸਾਨ ਮੁੱਦੇ ਅੰਦੋਲਨ ਦਾ ਮੁੱਖ ਧੁਰਾ ਹਨ ਪਰ ਇਸ ਧੁਰੇ ਨੂੰ ਖੂਨ ਨਾਲ ਸਿੰਜਕੇ ਚਲਦਾ ਰੱਖਣ ਵਾਲਿਆਂ ਦੇ ਨਿਆਂ ਦੀ ਗੱਲ ਵੀ ਗੱਲਬਾਤ ਦੀ ਟੇਬਲ ਤੇ ਕਰਨੀ ਵੀ ਉਤਨੀ ਹੀ ਜ਼ਰੂਰੀ ਹੈ ਕਿਉਂ ਜੋ ਅਸਲ ਲੜਾਈ ਹੀ ਫਸਲਾਂ ਅਤੇ ਨਸਲਾਂ ਨੂੰ ਬਚਾਉਣ ਦੀ ਹੈ ਅਤੇ ਇਸ ਨੂੰ ਅਲੱਗ ਕਰਕੇ ਵੇਖਿਆ ਹੀ ਨਹੀਂ ਜਾ ਸਕਦਾ। ਸ਼ੁਭਕਰਨ ਦੀ ਯਾਦ ਵਿੱਚ ਕੈਂਡਲ ਮਾਰਚ ਦਾ ਸੁਨੇਹਾ ਵੀ ਹਨੇਰਿਆਂ ਨੂੰ ਚੀਰ ਕੇ ਰੌਸ਼ਨੀ ਦੀ ਜਿੱਤ ਦਾ ਪ੍ਰਤੀਕ ਹੈ।
ਸੰਪਰਕ 9814002186