ਅਵਤਾਰ ਸਿੰਘ
ਸ਼ਹੀਦ ਸੁਖਦੇਵ ਦਾ ਜਨਮ ਲੁਧਿਆਣੇ ਦੇ ਨੌਘਰੇ ਮੁੱਹਲੇ ਵਿੱਚ ਲਾਲਾ ਰਾਮ ਲਾਲ ਦੇ ਘਰ ਮਾਤਾ ਰਲੀ ਦੀ ਕੁਖੋਂ 15 ਮਈ 1907 ਨੂੰ ਹੋਇਆ। 1910 ਵਿੱਚ ਪਿਤਾ ਜੀ ਦਾ ਦੇਹਾਂਤ ਹੋ ਗਿਆ। ਸੁਖਦੇਵ ਸਨਾਤਮ ਧਰਮ ਸਕੂਲ ਦੇ ਵਿਦਿਆਰਥੀ ਸਨ।
ਸਰਕਾਰੀ ਤੇ ਧਾਰਮਿਕ ਸਕੂਲਾਂ ਵਿਚ ਭੇਦ ਭਾਵ ਦੀ ਨੀਤੀ ਤੋਂ ਬੜੇ ਹੈਰਾਨ ਸਨ, ਉਹ ਇਸ ਨੂੰ ਖਤਮ ਕਰਨ ਦੇ ਚਾਹਵਾਨ ਸਨ। ਸ਼ਹੀਦ ਸੁਖਦੇਵ ਪਹਿਲਾਂ ਨੌਜਵਾਨ ਭਾਰਤ ਸਭਾ ਤੇ ਹਿੰਦੋਸਤਾਨੀ ਸਮਾਜਵਾਦੀ ਰੀਪਬਲਿਕਨ ਦੇ ਆਹੁਦੇਦਾਰ ਬਣੇ। ਉਹ ਸ਼ਹੀਦ ਭਗਤ ਸਿੰਘ ਨਾਲ ਰਲ ਕੇ ਧਾਰਮਿਕ, ਅੰਧਵਿਸ਼ਵਾਸੀ, ਸੋਚ ਦੀ ਖੜੋਤ ਅਤੇ ਊਚ ਨੀਚ ਦੇ ਝੰਜਟ ਤੋਂ ਦਿਮਾਗਾਂ ਨੂੰ ਮੁਕਤ ਕਰਕੇ ਸਮਾਜਵਾਦੀ ਸਮਾਜ ਦੀ ਨੀਂਹ ਰੱਖਣਾ ਚਾਹੁੰਦੇ ਸਨ।
1925 ਵਿੱਚ ਕੋਕਰੀ ਕਾਂਡ ਤੋਂ ਬਾਅਦ ਵਡੇ ਪੱਧਰ ‘ਤੇ ਸਾਥੀਆਂ ਦੀ ਗ੍ਰਿਫਤਾਰੀ ਉਪਰੰਤ ਪਾਰਟੀ ਨੂੰ ਨਵਾਂ ਸੰਗਠਿਤ ਰੂਪ ਦੇਣ ਦੀ ਜਿੰਮੇਵਾਰੀ ਆ ਪਈ।1922 ਲਾਲਾ ਲਾਜਪਤ ਰਾਏ ਵਲੋਂ ਨਾਮਿਲਵਰਤਨ ਲਹਿਰ ਸਮੇਂ ਹਿੰਦੂ ਮਹਾਂ ਸਭਾ ਵਿੱਚ ਚੋਣਾਂ ਲੜਨ ਦਾ ਸ਼ਹੀਦ ਭਗਤ ਸਿੰਘ ਨਾਲ ਰਲਕੇ ਸਖਤ ਵਿਰੋਧ ਕੀਤਾ, ਕਿਉਕਿ ਸਾਂਝੇ ਲੀਡਰ ਤੋਂ ਉਹ ਫਿਰਕੂ ਬਣ ਰਹੇ ਸਨ।
ਸਾਂਡਰਸ ਦੇ ਕਤਲ ਸਮੇਂ ਸੁਖਦੇਵ ਨੇ ਜਥੇਬੰਦਕ ਜਿੰਮੇਵਾਰੀ ਨੂੰ ਨਿਭਾਉਂਦੇ ਹੋਏ ਦੁਰਗਾ ਭਾਬੀ ਤੇ ਤਿੰਨ ਸਾਲ ਦੇ ਬੱਚੇ ਨਾਲ ਭਗਤ ਸਿੰਘ ਨੂੰ ਕਲਕੱਤੇ ਭੇਜਣ ਵਿੱਚ ਸਫਲ ਹੋਏ।
ਅਸੈਂਬਲੀ ਕਾਂਡ ਸਮੇ ਉਨ੍ਹਾਂ ਲਿਖਿਆ ਸੀ, “ਮੇਰੀ ਪਿਆਰੀ ਸਭ ਤੋਂ ਚੀਜ਼ ਨੂੰ ਕੁਰਬਾਨ ਕਰਨ ਨਾਲ ਮੇਰੇ ਤੇ ਭਾਰੀ ਨਿਰਾਸ਼ਾ ਛਾਈ ਹੈ। ਮਨ ਉਦਾਸ ਰਹਿੰਦਾ ਹੈ। ਪਰ ਵਕਤ ਪੈਣ ‘ਤੇ ਨਿੱਜੀ ਚੀਜ਼ਾਂ ਦੀ ਕੁਰਬਾਨੀ ਹੀ ਤਾਂ ਅਸਲ ਕੁਰਬਾਨੀ ਹੁੰਦੀ ਹੈ। ਭਗਤ ਸਿੰਘ ਨੇ ਠੀਕ ਕਿਹਾ ਸੀ।”
15-4-1929 ਨੂੰ ਸੁਖਦੇਵ ਨੂੰ ਲਾਹੌਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਭਗਤ ਸਿੰਘ ਤੇ ਸੁਖਦੇਵ ਵਿਚਕਾਰ ਅਥਾਹ ਪਿਆਰ ਸੀ। 23 ਮਾਰਚ 1931 ਨੂੰ ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਨਾਲ ਫਾਂਸੀ ਦਾ ਰੱਸਾ ਚੁੰਮ ਗਏ।