-ਅਵਤਾਰ ਸਿੰਘ;
9 ਸਤੰਬਰ 1950 ਨੂੰ ਇਨਕਲਾਬੀ ਕਵੀ ਪਾਸ਼ ਦਾ ਜਨਮ ਤਲਵੰਡੀ ਸਲੇਮ, ਕਪੂਰਥਲਾ ਵਿਖੇ ਹੋਇਆ। ਉਸ ਦੇ ਪਿਤਾ ਸੋਹਣ ਸਿੰਘ ਫੌਜ ਵਿੱਚ ਨੌਕਰੀ ਕਰਦੇ ਸਨ, ਨੂੰ ਖੁਦ ਕਵਿਤਾ ਲਿਖਣ ਦਾ ਸ਼ੌਕ ਸੀ। ਇਸ ਲਈ ਕਿਹਾ ਜਾ ਸਕਦਾ ਹੈ ਕਿ ਕਵਿਤਾ ਲਿਖਣ ਦਾ ਸ਼ੌਕ ਉਸ ਨੂੰ ਵਿਰਸੇ ਵਿੱਚ ਮਿਲਿਆ।
ਪਾਸ਼ ਕਮਿਊਨਿਸਟ ਪਾਰਟੀ ਦੇ ਆਗੂ ਚੈਨ ਸਿੰਘ ਚੈਨ ਦੇ ਪ੍ਰਭਾਵ ਅਧੀਨ 1967 ਵਿੱਚ ਸਰਵ ਭਾਰਤ ਨੌਜਵਾਨ ਸਭਾ ਦਾ ਮੈਬਰ ਬਣਿਆ। 1967 ਵਿੱਚ ਜਦੋਂ ਨਕਸਲਬਾੜੀ ਲਹਿਰ ਸ਼ੁਰੂ ਹੋਈ ਤਾਂ ਪਾਸ਼ ਦਾ ਝੁਕਾਅ ਇਸ ਲਹਿਰ ਵੱਲ ਹੋ ਗਿਆ। ਜਿਸ ਤਹਿਤ ਉਹ ਨਾਗਾਰੈਡੀ ਗਰੁੱਪ ਵਿੱਚ ਸ਼ਾਮਿਲ ਹੋ ਗਿਆ। ਕਿਹਾ ਜਾਦਾ ਹੈ ਕਿ 1967 ਵਿੱਚ ਉਹ ਜੇਲ੍ਹ ਗਿਆ ਜਿਥੇ ਉਸ ਦੀ ਕਵਿਤਾ ਨੂੰ ਇੱਕ ਨਵਾ ਜੋਸ਼ ਮਿਲਿਆ। ਇਸ ਵਿਹਲੇ ਸਮੇ ਵਿੱਚ ਉਹ ਕਵਿਤਾ ਲਿਖ ਕੇ ਬਾਹਰ ਭੇਜਦਾ ਰਿਹਾ ਜੋ ਕਿ “ਆਰੰਭ”ਅਤੇ “ਦਸਤਾਵੇਜ” ਵਿੱਚ ਛਪਦੀ ਰਹੀ।
1972 ਵਿੱਚ ਪਾਸ਼ “ਸਿਆੜ” ਨਾਮ ਅਧੀਨ ਪਰਚਾ ਕੱਢਿਆ। 1973 ਵਿੱਚ ਪੰਜਾਬੀ ਸਾਹਿਤ ਤੇ ਸੱਭਿਆਚਾਰ ਮੰਚ ਦੀ ਸਥਾਪਨਾ ਕੀਤੀ। ਸ਼ੁਰੂ ਤੋ ਹੀ ਪਾਸ਼ ਨੂੰ ਡਾਇਰੀ ਲਿਖਣ ਦਾ ਸ਼ੌਕ ਜਿਸ ਵਿੱਚ ਉਸ ਦੀ ਆਪਣੀ ਨਿੱਜੀ ਜਿੰਦਗੀ ਦੀਆ ਘਟਨਾਵਾਂ ਤੋਂ ਇਲਾਵਾ ਰਾਜਨੀਤਿਕ, ਸਮਾਜਿਕ ਤੇ ਆਰਥਿਕ ਹਾਲਤ ਬਾਰੇ ਵੀ ਪਤਾ ਚਲਦਾ ਹੈ। ਉਸਨੂੰ ਇਕ ਕਵੀ ਦੇ ਤੌਰ ‘ਤੇ ਸਾਰੇ ਜਾਣਦੇ ਤੇ ਹਨ। ਉਸਦੀ ਕਵਿਤਾ ਨੇ ਪੰਜਾਬੀ ਕਾਵਿ ਨੂੰ ਇਕ ਨਵਾਂ ਮੁਹਾਂਦਰਾ ਦਿਤਾ, ਜਿਸ ਦੀਆਂ ਖੂਬੀਆਂ ਬਾਰੇ ਸੈਂਕੜੇ ਲੇਖ ਲਿਖੇ ਗਏ ਤੇ ਹੋਰ ਲਿਖੇ ਜਾ ਸਕਦੇ ਹਨ। ਉਸਨੇ ‘ਲੋਹ ਕਥਾ’ ‘ਉਡਦੇ ਬਾਜ਼ਾਂ ਮਗਰ’ ‘ਸਾਡੇ ਸਮਿਆਂ ਵਿੱਚ’ ਤੇ ‘ਖਿਲਰੇ ਵਰਕੇ’ ਕਾਵਿ ਸੰਗ੍ਰਿਹ ਦਿੱਤੇ।
ਅਵਤਾਰ ਪਾਸ਼ ਨੇ ਕਵਿਤਾ ਰਚਣ ਦੇ ਨਾਲ ਨਾਲ ਗਿਆਨ ਵਿਗਿਆਨ ਦੇ ਵੱਖ ਵੱਖ ਖੇਤਰਾਂ ਦਾ ਵੀ ਅਧਿਐਨ ਕੀਤਾ। ਉਸਨੇ ਆਪਣੇ ਦੋਸਤਾਂ ਨਾਲ ਰਲ ਕੇ ਹਰਦਿਆਲ ਸਟੱਡੀ ਸੈਂਟਰ ਬਣਾਇਆ, ਅਧਿਐਨ ਕਰਨ ਲਈ ਕਿਤਾਬਾਂ ਇਕੱਠੀਆਂ ਕੀਤੀਆਂ ਅਤੇ ਕਈ ਵਿਸ਼ਿਆਂ ਤੇ ਵਿਚਾਰ ਗੋਸ਼ਟੀਆਂ ਰਚਾਈਆਂ। ਉਸ ਵੱਲੋਂ ਲਿਖੇ ਲੇਖਾਂ ਵਿੱਚ ਸਾਹਿਤ, ਸੱਭਿਆਚਾਰ,
ਵਿਗਿਆਨ ਅਤੇ ਸਮਕਾਲੀ/ਰਾਜਨੀਤਿਕ ਸਥਿਤੀ ਦੇ ਅਨੇਕਾਂ ਵਿਸ਼ਿਆਂ ਬਾਰੇ ਬਹੁਮਲੇ ਵਿਚਾਰ ਪੇਸ਼ ਕੀਤੇ। ਇਨ੍ਹਾਂ ਲੇਖਾਂ ਦੀ ਸਮਝ ਤੇ ਜਾਣਕਾਰੀ ਨੂੰ ਇਲਾਕੇ ‘ਚ ਸਾਈਕਲੋਸਟਾਈਲ ਕਰਕੇ 1980 ਤੋਂ 85 ਤੱਕ ਕਢੇ ਜਾਂਦੇ ਪਰਚੇ ‘ਹਾਕ’ ‘ਸਿਆੜ’ ਤੇ ‘ਰੋਹਲੇਬਾਣ’ ਰਾਂਹੀ ਵੰਡਿਆ।
23-3-1988 ਨੂੰ ਸ਼ਹਾਦਤ ਤੋਂ ਬਾਅਦ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਉਸਦੇ ਲੇਖਾਂ ਦੀ ਪੁਸਤਕ ‘ਤੁਹਾਡੀ ਰਾਸ਼ੀ ਕੀ ਕਹਿੰਦੀ ਹੈ’ ਉਸ ਦੇ ਪਿਤਾ ਸ੍ਰ: ਸੋਹਣ ਸਿੰਘ ਵਲੋਂ ਉਸ ਦੀਆਂ ਲਿਖਤਾਂ ‘ਤਲਵੰਡੀ ਸਲੇਮ ਨੂੰ ਜਾਂਦੀ ਸੜਕ ਤੇ’ ਸ਼ਮਸ਼ੇਰ ਸੰਧੂ ਵਲੋਂ ‘ਇਕ ਪਾਸ਼ ਇਹ ਵੀ’ ਛਪਵਾਈਆਂ ਗਈਆਂ। ਪਾਸ਼ ਨੇ ਬ੍ਰਹਿਮੰਡ ਬਾਰੇ ਦੋ ਸੁਆਲ ਉਠਾਏ, ਪਹਿਲਾ ਬ੍ਰਹਿਮੰਡ ਦਾ ਅਕਾਰ ਤੇ ਸਰੂਪ ਕੀ ਹੈ ? ਦੂਜਾ ਬ੍ਰਹਿਮੰਡ ਦੀ ਉਤਪਤੀ ਕਿਵੇਂ ਹੋਈ ? ਜੋ ਹੇਠਾਂ ਦਿਤੇ ਗਏ ਹਨ। ‘ਤੁਹਾਡੀ ਰਾਸ਼ੀ ਕੀ ਕਹਿੰਦੀ ਹੈ’ ਵਿਚ ਭਾਰਤੀ ਜੋਤਿਸ਼ ਪ੍ਰਣਾਲੀ ਤੇ ਰਾਸ਼ੀਆਂ ਕੀ ਹਨ ਆਦਿ ਨੁਕਤਿਆਂ ਬਾਰੇ ਦੱਸਿਆ ਹੈ।ਦਸਵੀਂ ਪਾਸ ਗਿਆਨੀ ਪੇਂਡੂ ਮੁੰਡੇ ਨੇ ਜੀਵ ਵਿਕਾਸ ਤੇ ਵਿਗਿਆਨ ਦੀ ਥਿਉਰੀ ਨੂੰ ਵੀ ਵਿਸਥਾਰ ਨਾਲ ਪੇਸ਼ ਕੀਤਾ। ਪਾਸ਼ ਨੇ ਲਿਖਿਆ ਹੈ।
ਲੋਕ ਧਰਮ ਨੂੰ ਇਸ ਲਈ ਮੰਨਦੇ ਹਨ ਕਿ ਉਨਾਂ ਦਾ ਟੱਬਰ ਰਾਜ਼ੀ ਬਾਜ਼ੀ ਰਹੇ ਅਤੇ ਆਰਥਿਕ ਹਾਲਤ ਚੰਗੀ ਹੋ ਜਾਵੇ ਇਸ ਲਈ ਨਹੀਂ ਕਿ ਉਹਨਾਂ ਅੰਦਰ ਬ੍ਰਹਿਮੰਡ ਸ਼ਿਰਸਟੀ ਅਤੇ ਜਿੰਦਗੀ ਦੇ ਮੂਲ ਅਧਾਰਾਂ ਅਤੇ ਕਾਰਨ ਨੂੰ ਜਾਨਣ ਦੀ ਕੋਈ ਦਾਰਸ਼ਨਿਕ ਜਗਿਆਸਾ ਹੈ। ਲੋਕਾਂ ਦੇ ਮਨਾਂ ਵਿੱਚ ਗੁਰੂ ਪੀਰ ਅਤੇ ਰੱਬ ਦਾ ਸੰਕਲਪ ਅਸਲ ਵਿੱਚ ਕਿਸੇ ਯੋਗ ਡਾਕਟਰ, ਬੈਂਕ ਜਾਂ ਥਾਣੇ ਵਰਗਾ ਹੀ ਹੈ ਤੇ ਉਸ ਤੋਂ ਉਸੇ ਤਰਾਂ ਦੀਆਂ ਲੋੜਾਂ ਪੂਰੀਆਂ ਕਰਾਉਣਾ ਲੋਚਦੇ ਹਨ।
ਉਸਦੀ ਲਿਖਤ ‘ਅੰਧਵਿਸ਼ਵਾਸਾਂ ਤੇ ਅਸੀਂ ਲੋਕ’ ਤਰਕਸ਼ੀਲ ਸੁਸਾਇਟੀ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਲਿਖੀ ਹੈ। ‘ਤੁਹਾਡੀ ਰਾਸ਼ੀ ਕੀ ਕਹਿੰਦੀ ਹੈ’ ਲੇਖ ਵਿੱਚ ਰਾਸ਼ੀ ਤੋਂ ਵਿਅਕਤੀ ਦੇ ਭੂਤ, ਭਵਿੱਖ ਬਾਰੇ ਦਸਣ ਦੇ ਢਕੌਜ ਦਾ ਵਿਰੋਧ ਕੀਤਾ ਗਿਆ ਹੈ। ‘ਫਿਰਕਾਪ੍ਰਸਤੀ ਦੀਆਂ ਜੜਾਂ’ ਲੇਖ ਵਿੱਚ ਫਿਰਕਾਪ੍ਰਸਤੀ ਦੇ ਵੱਖ ਵੱਖ ਪੱਖਾਂ ਆਰਥਿਕ, ਸਮਾਜਿਕ ਤੇ ਮਨੋਵਿਗਿਆਨਿਕ ਕਾਰਨਾਂ ਦਾ ਵਿਸ਼ਲੇਸਣ ਕੀਤਾ ਗਿਆ ਹੈ।
ਬ੍ਰਹਿਮੰਡ ਦੀ ਉਤਪਤੀ, ਅਕਾਰ ਤੇ ਸਰੂਪ ਬਾਰੇ ਲੇਖ ਵਿਚ ਦੋ ਸੁਆਲ-1ਸਾਡਾ ਸੂਰਜ,ਸਾਡੀ ਅਕਾਸ਼ ਗੰਗਾ ਦੇ 1,50,000 ਮਿਲੀਅਨ ਸੂਰਜਾਂ ਵਿੱਚੋਂ ਇਕ ਹੈ। ਸਾਡੇ ਤੋਂ 500 ਮਿਲੀਅਨ ਚਾਨਣ ਵਰੇ ਵਿਆਸ ਦੇ ਘੇਰੇ ਵਿੱਚ ਕੋਈ ਸੌ ਮਿਲੀਅਨ ਪ੍ਰਕਾਸ਼ ਗੰਗਾਵਾਂ ਲੱਭੀਆਂ ਹਨ, ਇਸ ਘੇਰੇ ਤੋਂ ਅਗੇ ਹੋਰ ਵੀ ਅਸੰਖ ਅਕਾਸ਼ ਗੰਗਾਵਾਂ ਹਨ।ਇਹ ਸਭ ਕੁੱਤਖਾਨਾ ਕਿਥੋਂ ਤੱਕ ਹੈ? ਬ੍ਰਹਿਮੰਡ ਵਿੱਚ ਖਿਲਰਿਆ ਫਿਰਦਾ ਇਹ ਜੰਗ ਪੁਲੰਗਾ ਕਿਵੇਂ ਬਣਿਆ?ਜੇ ਕਿਸੇ ਨੇ ਬਣਾਇਆ ਹੈ ਤਾਂ ਉਹ ਭਾਈ ਸਾਹਿਬ ਕਿਥੇ ਹੈ ?ਇਹ ਬਣਨ ਬਨਾਉਣ ਦਾ ਕੀ ਚੱਕਰ ਹੈ ? ਉਸ ਦੀਆਂ ਪ੍ਰਸਿੱਧ ਰਚਨਾਵਾਂ ਵਿੱਚ ਸਭ ਤੋਂ ਖਤਰਨਾਕ ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਰੱਬ ਤੋਂ ਬਿਨਾਂ ਜਿੰਨੇ ਜੋਗਾ ਹਾਂ ਜੋ ਵੀ ਹਾਂ ਅਤੇ ਯੁੱਧ ਤੇ ਸ਼ਾਂਤੀ ਹਨ।
ਮੇਰੇ ਤੋਂ ਆਸ ਨ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ
ਤਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ
ਜਿਨ੍ਹਾਂ ਦੇ ਹੜ੍ਹ ‘ਚ ਰੁੜ੍ਹ ਜਾਂਦੀ ਹੈ
ਸਾਡੇ ਬੱਚਿਆਂ ਦੀ ਤੋਤਲੀ ਕਵਿਤਾ
ਤੇ ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ
ਮੈਂ ਤਾਂ ਜਦ ਵੀ ਕੀਤੀ-ਖਾਦ ਦੇ ਘਾਟੇ
ਕਿਸੇ ਗਰੀਬੜੀ ਦੀ ਹਿੱਕ ਵਾਂਗੂ ਪਿਚਕ ਗਏ ਗੰਨਿਆਂ ਦੀ ਗੱਲ ਹੀ ਕਰਾਂਗਾ
ਮੈਂ ਦਲਾਨ ਦੇ ਖੂੰਜੇ ‘ਚ ਪਈ ਸੌਣੀ ਦੀ ਫਸਲ
ਤੇ ਦਲਾਨ ਦੇ ਬੂਹੇ ਤੇ ਖੜੇ ਸਿਆਲ ਦੀ ਹੀ ਗੱਲ ਕਰਾਂਗਾ।
ਮੇਰੇ ਤੋਂ ਆਸ ਨ ਕਰਿਓ ਕਿ ਮੈਂ ਸਰਦੀ ਦੀ ਰੁੱਤੇ ਖਿੜਨ ਵਾਲੇ
ਫੁੱਲਾਂ ਦੀਆਂ ਕਿਸਮਾਂ ਦੇ ਨਾਂ ‘ਤੇ
ਪਿੰਡ ਦੀਆਂ ਕੁੜੀਆਂ ਦੇ ਨਾਂ ਕੁਨਾਂ ਧਰਾਂਗਾ
ਮੈਂ ਬੈਂਕ ਦੇ ਸੈਕਟਰੀ ਦੀਆਂ ਖਚਰੀਆਂ ਮੁੱਛਾਂ
ਸਰਪੰਚ ਦੀ ਥਾਣੇ ਤੱਕ ਲੰਮੀ ਪੂਛ ਦੀ
ਤੇ ਉਸ ਪੂਰੇ ਚਿੜੀਆ-ਘਰ ਦੀ
ਜੋ ਮੈਂ ਆਪਣੀ ਹਿੱਕ ਉੱਤੇ ਪਾਲ ਰੱਖਿਆ ਹੈ
ਜਾਂ ਉਸ ਅਜਾਇਬ ਘਰ ਦੀ
ਜੋ ਮੈਂ ਅਪਣੀ ਹਿੱਕ ਅੰਦਰ ਸਾਂਭ ਰੱਖਿਆ ਹੈ
ਜਾਂ ਏਦਾਂ ਦੀ ਹੀ ਕੋਈ ਕਰੜ ਬਰੜੀ ਗੱਲ ਕਰਾਂਗਾ
ਮੇਰੇ ਲਈ ਦਿਲ ਤਾਂ ਬੱਸ ਇਕ ਪਾਨ ਦੇ ਪੱਤੇ ਵਰਗਾ ਲੋਥੜਾ ਹੈ
ਮੇਰੇ ਲਈ ਹੁਸਨ ਕੋਈ ਮੱਕੀ ਦੀ ਲੂਣ ਭੁੱਕੀ ਹੋਈ ਰੋਟੀ ਜਿਹੀ ਲੱਜ਼ਤ ਹੈ
ਮੇਰੇ ਲਈ ਜ਼ਿੰਦਗੀ ਘਰ ਦੀ ਸ਼ਰਾਬ ਵਾਂਗ
ਲੁਕ ਲੁਕ ਪੀਣ ਦੀ ਕੋਈ ਸ਼ੈਅ ਹੈ
ਮੇਰੇ ਤੋਂ ਆਸ ਨ ਕਰਿਓ ਕਿ ਮੈਂ ਖਰਗੋਸ਼ ਵਾਂਗ
ਰੋਹੀਆਂ ਦੀ ਕੂਲੀ ਮਹਿਕ ਨੂੰ ਪੋਲੇ ਜਹੇ ਸੁੰਘਾਂ
ਮੈਂ ਹਰ ਕਾਸੇ ਨੂੰ ਜੋਤਾ ਲੱਗੇ ਹੋਏ ਬਲਦਾਂ ਦੇ ਵਾਂਗ
ਖੁਰਲੀ ਉੱਤੇ ਸਿੱਧਾ ਹੋ ਕੇ ਟੱਕਰਿਆ ਹਾਂ
ਮੈਂ ਜੱਟਾਂ ਦੇ ਸਾਧ ਹੋਣ ਤੋਂ ਉਰ੍ਹਾਂ ਦਾ ਸਫਰ ਹਾਂ
ਮੈਂ ਬੁੱਢੇ ਮੋਚੀ ਦੀ ਗੁੰਮੀ ਹੋਈ ਅੱਖਾਂ ਦੀ ਲੋਅ ਹਾਂ
ਮੈਂ ਟੁੰਡੇ ਹੌਲਦਾਰ ਦੇ ਸੱਜੇ ਹੱਥ ਦੀ ਯਾਦ ਹਾਂ ਕੇਵਲ
ਮੈਂ ਪਿੰਡੇ ਵਕਤ ਦੇ, ਚੱਪਾ ਸਦੀ ਦਾ ਦਾਗ ਹਾਂ ਕੇਵਲ
ਤੇ ਮੇਰੀ ਕਲਪਣਾ, ਉਸ ਲੁਹਾਰ ਦੇ ਥਾਂ ਥਾਂ ਤੋਂ ਲੂਸੇ ਮਾਸ ਵਰਗੀ ਹੈ
ਜੋ ਬੇਰਹਿਮ ਅਸਮਾਨ ਤੇ ਖਿਝਿਆ ਰਹੇ, ਇਕ ਹਵਾ ਦੇ ਬੁੱਲੇ ਲਈ
ਜੀਹਦੇ ਹੱਥ ਵਿਚਲਾ ਚਊ ਦਾ ਫਾਲਾ
ਕਦੀ ਤਲਵਾਰ ਬਣ ਜਾਵੇ, ਕਦੀ ਬੱਸ ਪੱਠਿਆਂ ਦੀ ਪੰਡ ਰਹਿ ਜਾਵੇ
ਮੈਂ ਹੁਣ ਤੁਹਾਡੇ ਲਈ ਹਾਰਮੋਨੀਅਮ ਦਾ ਪੱਖਾ ਨਹੀਂ ਹੋ ਸਕਦਾ
ਮੈਂ ਭਾਂਡੇ ਮਾਂਜਦੀ ਝੀਰੀ ਦੀਆਂ ਉਂਗਲਾਂ ‘ਚੋਂ ਸਿੰਮਦਾ ਰਾਗ ਹਾਂ ਕੇਵਲ
ਮੇਰੇ ਕੋਲ ਸੁਹਜ ਦੀ ਉਸ ਸੁਪਨ ਸੀਮਾ ਤੋਂ ਉਰ੍ਹੇ
ਹਾਲਾਂ ਕਰਨ ਨੂੰ ਬਹੁਤ ਗੱਲਾਂ ਹਨ
ਅਜੇ ਮੈਂ ਧਰਤ ਤੇ ਚਾਈ
ਕਿਸੇ ਸੀਰੀ ਦੇ ਕਾਲੇ-ਸ਼ਾਹ ਬੁੱਲ੍ਹਾਂ ਜਹੀ ਰਾਤ ਦੀ ਹੀ ਗੱਲ ਕਰਾਂਗਾ
ਉਸ ਇਤਿਹਾਸ ਦੀ
ਜੋ ਮੇਰੇ ਬਾਪ ਦੇ ਧੁੱਪ ਨਾਲ ਲੂਸੇ ਮੌਰਾਂ ਉੱਤੇ ਉੱਕਰਿਆ ਹੈ
ਜਾਂ ਅਪਣੀ ਮਾਂ ਦੇ ਪੈਰੀਂ ਪਾਟੀਆਂ ਬਿਆਈਆਂ ਦੇ ਭੂਗੋਲ ਦੀ ਹੀ ਗੱਲ ਕਰਾਂਗਾ
ਮੇਰੇ ਤੋਂ ਆਸ ਨ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ
ਤੁਹਾਡੇ ਚਗਲੇ ਹੋਏ ਸਵਾਦਾਂ ਦੀ ਕੋਈ ਗੱਲ ਕਰਾਂਗਾ
ਜਿਨ੍ਹਾਂ ਦੇ ਹੜ੍ਹ ‘ਚ ਰੁੜ੍ਹ ਜਾਂਦੀ ਹੈ ਸਾਡੇ ਬੱਚਿਆਂ ਦੀ ਤੋਤਲੀ ਕਵਿਤਾ
ਤੇ ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ