ਚੰਡੀਗੜ੍ਹ ਕਿਵੇਂ ਵੱਸਿਆ ? (ਭਾਗ-16) ਪਿੰਡ ਸ਼ਾਹਪੁਰ, (ਹੁਣ ਸੈਕਟਰ 38, ਚੰਡੀਗੜ੍ਹ)

TeamGlobalPunjab
8 Min Read

-ਅਵਤਾਰ ਸਿੰਘ

ਦੇਸ਼ ਦੀ ਵੰਡ ਹੋਣ ਤੋਂ ਬਾਅਦ ਪੰਜਾਬ ਦੋ ਹਿੱਸਿਆ ਵਿੱਚ ਵੰਡਿਆ ਗਿਆ। ਹਿੰਦੋਸਤਾਨ ਵਾਲੇ ਹਿੱਸੇ ਆਏ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਚੰਡੀਗੜ੍ਹ ਵਸਾਉਣਾ ਪਿਆ, ਜਿਸ ਨੂੰ ਸਿਟੀ ਬਿਊਟੀਫੁੱਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਸ਼ਹਿਰ ਦੀ ਨੀਂਹ 2 ਅਪ੍ਰੈਲ 1952 ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਰੱਖੀ ਗਈ। ਲੀ-ਕਾਰਬੂਜ਼ੀਅਰ ਵੱਲੋਂ ਤਿਆਰ ਕੀਤੇ ਪਲਾਨ ਮੁਤਾਬਿਕ ਤਕਰੀਬਨ 50 ਪਿੰਡਾਂ ਉੱਤੇ ਚੰਡੀਗੜ੍ਹ ਵਸਾਉਣ ਦੀ ਲੀਕ ਖਿੱਚੀ ਗਈ, ਜਿਹਨਾਂ ਵਿੱਚ 28 ਪਿੰਡਾਂ ਦਾ ਬਿਲਕੁਲ ਨਾਮੋ ਨਿਸ਼ਾਨ ਖਤਮ ਹੋ ਚੁੱਕਾ ਹੈ ਅਤੇ 22 ਪਿੰਡ ਇਸ ਸਮੇਂ ਵੀ ਚੰਡੀਗੜ੍ਹ ਵਿੱਚ ਮੌਜੂਦ ਹਨ। ਉੱਜੜ ਚੁੱਕੇ ਇਹਨਾਂ ਪਿੰਡਾਂ ਦੀ ਲੜੀ ਦੇ ਸੋਲਵੇਂ ਭਾਗ ਵਿੱਚ ਅੱਜ ਚੰਡੀਗੜ ਦੇ ਸੈਕਟਰ 38 ਹੇਠ ਆ ਚੁੱਕੇ ਪਿੰਡ ਸ਼ਾਹਪੁਰ ਦੀ ਗੱਲ ਕਰਾਂਗੇ। ਇਸ ਲੜੀ ਤਹਿਤ ਸੈਕਟਰ ਵਾਈਜ ਚੰਡੀਗੜ੍ਹ ਦੇ ਵੱਖ ਵੱਖ ਸੈਕਟਰਾਂ ਬਾਰੇ ਸ੍. ਮਲਕੀਤ ਸਿੰਘ ਔਜਲਾ ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਐਤਵਾਰ ਨੂੰ ਪਾਠਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ‌। ਅੱਜ ਪੜੋ ਕਿਵੇਂ ਸ਼ਾਹਪੁਰ ਨੂੰ ਉਜਾੜ ਕੇ ਸੈਕਟਰ 38 ਬਣਾਇਆ ਗਿਆ।

Shahpur @ Sector 38 Chandigarh

ਪਿੰਡ ਸ਼ਾਹਪੁਰ ਦੇ ਉਜਾੜੇ ਦੀ ਦਾਸਤਾਨ: ਚੰਡੀਗੜ੍ਹ ਬਣਾਉਣ ਲਈ ਉਜਾੜੇ ਗਏ ਪੰਜਾਬ ਦੇ ਪੁਆਧ ਇਲਾਕੇ ਦੇ ਪਿੰਡਾਂ ਵਿੱਚ ਇੱਕ ਪਿੰਡ ਸ਼ਾਹਪੁਰ ਵੀ ਸੀ ਜਿਸ ਨੂੰ ਸ਼ਾਹਪੁਰ ਚੋਲੀਆਂ ਵੀ ਕਿਹਾ ਜਾਂਦਾ ਸੀ। ਇਹ ਪਿੰਡ ਚੰਡੀਗੜ੍ਹ ਲਈ ਉਜੜਨ ਵਾਲੇ ਪਿੰਡਾਂ ਦੀ ਲੜੀ ਵਿੱਚ ਸਭ ਤੋਂ ਬਾਅਦ ਵਿੱਚ ਉਠਾਇਆ ਗਿਆ ਸੀ। ਇਸ ਤੋਂ ਬਾਅਦ ਪਿੰਡਾਂ ਦੇ ਲੋਕਾਂ ਦੇ ਦਬਾਅ ਕਾਰਨ ਦਿੱਲੀ ਤੋਂ ਲਾਲ ਡੋਰੇ ਦੇ ਅੰਦਰ ਵਾਲੇ ਮਕਾਨ ਨਾ ਢਾਹੁਣ ਦਾ ਫੈਸਲਾ ਆ ਗਿਆ ਸੀ, ਜਿਸ ਕਰਕੇ ਚੰਡੀਗੜ੍ਹ ਅੰਦਰ 22 ਪਿੰਡ ਬਚੇ ਹੋਏ ਹਨ। ਇਹਨਾਂ ਵਿੱਚ ਬੜੈਲ, ਬਟਰੇਲਾ ਬਡਹੇਡੀ, ਕਜਹੇੜੀ, ਅਟਾਵਾ ਅਤੇ ਪਲਸੌਰਾ ਬਿਲਕੁਲ ਚੰਡੀਗੜ੍ਹ ਦੇ ਵਿਚਕਾਰ ਸੈਕਟਰਾਂ ਵਿੱਚ ਮੌਜੂਦ ਹਨ। ਇਹਨਾਂ ਪਿੰਡਾਂ ਨੂੰ ਬਚਾਉਣ ਵਿੱਚ ਉਸ ਸਮੇਂ ਸ੍ਰੀ ਰਾਮ ਨਿਵਾਸ ਬਿਰਧਾ, ਰਾਜ ਮੰਤਰੀ ਗ੍ਰਹਿ, ਸ੍ਰੀ ਜਗਨ ਨਾਥ ਕੌਸ਼ਲ ਐਮ.ਪੀ. ਅਤੇ ਸ੍ਰੀ ਅਮਰ ਨਾਥ ਵਿੱਦਿਆ ਅਲੰਕਾਰ ਐਮ.ਪੀ. ਨੇ ਪਿੰਡਾਂ ਵਾਲਿਆਂ ਦਾ ਬਹੁਤ ਸਾਥ ਦਿੱਤਾ। 1962 ਵਿੱਚ ਇਸ ਪਿੰਡ ਨੂੰ ਕਸੌਲੀ ਇੰਸਟੀਚਿਊਟ ਬਣਾਉਣ ਲਈ ਉਜਾੜਨ ਦੀ ਗੱਲ ਤੁਰੀ ਤਾਂ ਪੰਜਾਬ ਦਾ ਵਜੀਰ ਨਿਰੰਜਣ ਸਿੰਘ ਤਾਲਿਬ ਆਪ ਜੀਪ ਚਲਾ ਕੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੂੰ ਇਸ ਪਿੰਡ ਵਿੱਚ ਲੈ ਕੇ ਆਇਆ ਅਤੇ ਕੈਰੋਂ ਸਾਹਿਬ ਨੇ ਭਰੋਸਾ ਦਿੱਤਾ ਕਿ ਜਿੰਨਾ ਚਿਰ ਮੈਂ ਹਾਂ ਇਸ ਪਿੰਡ ਨੂੰ ਨਹੀਂ ਉਠਾਇਆ ਜਾਵੇਗਾ। ਪਰ ਕੈਰੋਂ ਸਾਹਿਬ ਦੀ ਮੌਤ ਤੋਂ ਬਾਅਦ 1973 ਵਿੱਚ ਇਸ ਪਿੰਡ ਨੂੰ ਉਜਾੜ ਕੇ ਸੈਕਟਰ 38 ਬਣਾ ਦਿੱਤਾ ਗਿਆ। ਪਿੰਡ ਵਾਸੀਆਂ ਦਾ ਤਰਕ ਹੈ ਕਿ ਜੇਕਰ ਸ੍ਰ. ਪ੍ਰਤਾਪ ਸਿੰਘ ਕੈਰੋਂ ਦਾ ਕਤਲ ਨਾ ਹੁੰਦਾ ਤਾਂ ਨਾ ਉਹਨਾਂ ਦੇ ਪਿੰਡ ਨੇ ਉਜੜਨਾ ਸੀ ਅਤੇ ਨਾ ਹੀ ਉਹਨਾਂ 1966 ਵਿੱਚ ਪੰਜਾਬ ਦੀ ਵੰਡ ਹੋਣ ਦੇਣੀ ਸੀ।

- Advertisement -

 

* ਸ਼ਾਹਪੁਰ ਪਿੰਡ ਦੇ ਕੋਈ 20 ਕੁ ਘਰ ਸਨ ਅਤੇ ਇਸ ਪਿੰਡ ਦੀ ਅਬਾਦੀ ਲਗਭਗ 200 ਸੀ। ਪਿੰਡ ਦਾ ਵਾਹੀਯੋਗ ਰਕਬਾ ਲਗਭਗ 300 ਏਕੜ ਸੀ। ਜਮੀਨ ਉਪਜਾਊ ਸੀ, ਪਾਣੀ ਦਾ ਪੱਤਣ ਲਗਭਗ 30 ਫੁੱਟ ਤੇ ਸੀ। ਸੰਨ 1957-58 ਦੌਰਾਨ ਇਸ ਪਿੰਡ ਵਿੱਚ ਪ੍ਰਾਇਮਰੀ ਸਕੂਲ ਬਣਿਆ ਅਤੇ ਗੁਰਦੁਆਰਾ ਸਾਹਿਬ 1946 ਵਿੱਚ ਉਸਾਰਿਆ ਗਿਆ ਜੋ ਅੱਜ ਸੈਕਟਰ 38-ਬੀ ਵਿੱਚ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰ. ਤਾਰਾ ਸਿੰਘ ਸ਼ਾਹਪੁਰ ਹੁਰਾਂ ਵੱਲੋਂ ਵਿਰਾਸਤ ਦੇ ਰੂਪ ਵਿੱਚ ਸਾਂਭਿਆ ਹੋਇਆ ਹੈ, ਜਿਸ ਦਾ ਰਕਬਾ ਲਗਭਗ ਤਿੰਨ ਏਕੜ ਹੈ। ਜ਼ਿਕਰਯੋਗ ਹੈ ਕਿ ਸੈਕਟਰ 8 ਅਤੇ 15 ਵਿੱਚ ਪੈਂਦੇ ਟਿਵਾਣਿਆਂ ਦੇ ਦੋ ਪਿੰਡ ਕਾਲੀਬੜ ਅਤੇ ਕੈਲੜ ਦੇ ਗੁਰੂਦੁਆਰਾ ਸਾਹਿਬ ਉਪਰੋਂ ਪਿੰਡਾਂ ਦੇ ਨਾਮ ਮਿਟਾ ਦਿੱਤੇ ਗਏ ਹਨ ਜਦੋਂ ਕਿ ਸੈਕਟਰ 20, 34 ਅਤੇ 38 ਦੇ ਗੁਰੂਦੁਆਰਾ ਸਾਹਿਬ ਉਪਰ ਪਿੰਡ ਖੇੜੀ, ਫਤਿਹਗੜ੍ਹ ਮਾਦੜੇ ਅਤੇ ਸ਼ਾਹਪੁਰ ਦੇ ਨਾਮ ਅੱਜ ਵੀ ਉਕਰੇ ਹੋਏ ਹਨ। ਇਸ ਗੁਰਦੁਆਰਾ ਸਾਹਿਬ ਅੰਦਰ ਪਿੰਡ ਦਾ ਨਗਰ ਖੇੜਾ ਵੀ ਸਾਂਭਿਆ ਹੋਇਆ ਹੈ ਅਤੇ ਖੇੜੇ ਦੇ ਨੇੜੇ ਕੋਈ ਤਿੰਨ ਸੌ ਸਾਲ ਪੁਰਾਣਾ ਪਿੱਪਲ ਅਤੇ ਬਰੋਟੇ ਦਾ ਵਿਸ਼ਾਲ ਜੁੜਵਾਂ ਦਰੱਖਤ ਵੀ ਉਸੇ ਤਰਾਂ ਖੜਾ ਹੈ ਜਿਸ ਦੇ ਵਿਚਕਾਰ ਨਿੰਮ ਵੀ ਪੈਦਾ ਹੋ ਗਈ ਹੈ। ਤਿੰਨਾਂ ਦਰੱਖਤਾਂ ਦੀ ਇਹ ਤ੍ਰਿਵੈਣੀ ਦੇਖਣਯੋਗ ਹੈ, ਜਿਸ ਉੱਤੇ ਚੰਡੀਗੜ੍ਹ ਦੇ ਜੰਗਲਾਤ ਵਿਭਾਗ ਨੇ ਇਤਹਾਸ ਲਿਖ ਕੇ ਵਿਰਾਸਤੀ ਬੋਰਡ ਵੀ ਲਗਾ ਦਿੱਤਾ ਹੈ।

* ਕਿਸੇ ਵੇਲੇ ਇਹ ਪਿੰਡ ਅੰਬਾਲਾ ਜਿਲ੍ਹੇ ਦੀ ਖਰੜ ਤਹਿਸੀਲ ਵਿੱਚ ਪੈਂਦਾ ਸੀ ਅਤੇ ਇਸ ਦਾ ਡਾਕਖਾਨਾ ਮੁੱਲਾਂਪੁਰ ਗਰੀਬਦਾਸ ਸੀ, ਜੋ ਇਸ ਲਿਖਤ ਦੇ ਲੇਖਕ ਦੀ ਜਨਮਭੂਮੀ ਹੈ। ਸ੍ਰ. ਤਾਰਾ ਸਿੰਘ ਗਰੇਵਾਲ ਹੁਰਾਂ ਦੇ ਬਜੁਰਗ ਸ੍ਰ. ਦਲੀਪ ਸਿੰਘ ਦਾ ਰੱਥ ਸਾਰੇ ਇਲਾਕੇ ਵਿੱਚ ਦਲੀਪੇ ਦਾ ਰੱਥ ਕਰਕੇ ਮਸ਼ਹੂਰ ਸੀ। ਇਹ ਰੱਥ ਰੋਪੜ ਤੋਂ ਰਾਏਪੁਰ ਰਾਣੀ ਤੱਕ ਵੀ ਬਰਾਤਾਂ ਲੈ ਕੇ ਜਾਂਦਾ ਰਿਹਾ ਹੈ। ਪਿੰਡ ਵਿੱਚ 10 ਗੱਡੇ ਸਨ ਜਿਹਨਾਂ ਉੱਤੇ ਭਾੜਾ ਢੋਇਆ ਜਾਦਾ ਸੀ। ਇਸ ਪਿੰਡ ਵਿੱਚ 10 ਕੁ ਘਰ ਗਰੇਵਾਲ ਅਤੇ ਗਿੱਲ ਗੋਤ ਦੇ ਜਿਮੀਂਦਾਰਾਂ ਦੇ ਸਨ। ਚਾਰ ਪੰਜ ਘਰ ਹਰੀਜਨ ਭਾਈਚਾਰੇ ਦੇ ਸਨ ਅਤੇ ਇੱਕ ਘਰ ਕਹਾਰਾਂ ਦਾ ਸੀ। ਵਿਆਹਾਂ ਕਾਰਜਾਂ ਲਈ ਪੰਡਤ ਕੈਲੜ ਤੋਂ ਅਤੇ ਨਾਈ ਬਜਵਾੜੇ ਤੋਂ ਆਉਂਦਾ ਹੁੰਦਾ ਸੀ। ਪਿੰਡ ਵਿੱਚ 22 ਹਲਟ ਹੱਲਟ ਚੱਲਦੇ ਹੁੰਦੇ ਸੀ ਜਿਨਾਂ ਵਿੱਚ ਕਰਤਾਰ ਸਿੰਘ, ਗੁਰਦਿੱਤ ਸਿੰਘ, ਰਲਾ ਸਿੰਘ, ਪ੍ਰੀਤਮ ਸਿੰਘ, ਤੇਜਾ ਸਿੰਘ, ਹਜੂਰਾ ਸਿੰਘ, ਜਸਮੇਰ ਸਿੰਘ, ਹਜਾਰਾ ਸਿੰਘ, ਬਸੰਤਾ ਸਿੰਘ, ਬਸਤਾ ਸਿੰਘ, ਸਦਾ ਰਾਮ, ਸਵਰਨ ਸਿੰਘ, ਰਚਨ ਸਿੰਘ ਭੀਖਾ, ਸਾਧੂ ਸਿੰਘ, ਬਦਨ ਸਿੰਘ, ਝਾੜੂ ਸਿੰਘ, ਸੌਣ ਸਿੰਘ, ਸੰਤ ਸਿੰਘ, ਕੇਹਰ ਸਿੰਘ ਅਤੇ ਫਤਿਹ ਸਿੰਘ ਦੇ ਸਨ। ਇੱਕ ਦੋਬਿੱਡਾ ਖੂਹ ਪਿੰਡ ਦਾ ਸਾਂਝਾ ਸੀ ਅਤੇ ਇੱਕ ਹਰੀਜਨ ਪੱਤੀ ਵਿੱਚ ਸੀ।

*1973 ਵਿੱਚ ਜਦੋਂ ਇਸ ਪਿੰਡ ਨੂੰ ਉਠਾਇਆ ਗਿਆ ਤਾਂ ਉਸ ਸਮੇਂ ਪਿੰਡ ਦਾ ਸਰਪੰਚ ਪ੍ਰੀਤਮ ਸਿੰਘ, ਨੰਬਰਦਾਰ ਮਹਿਮਾ ਸਿੰਘ ਸੀ ਅਤੇ ਚੌਂਕੀਦਾਰ ਕਰਤਾਰ ਸਿੰਘ ਅਤੇ ਨਸੀਬ ਸਿੰਘ ਸਨ। ਇਸ ਪਿੰਡ ਦੇ ਆਲੇ ਦੁਆਲੇ ਕੈਲੜ, ਸੈਣੀਮਾਜਰਾ, ਡੱਡੂਮਾਜਰਾ, ਸਲਾਹਪੁਰ, ਬਜਵਾੜਾ, ਬਜਵਾੜੀ ਬਖਤਾ (ਝੂੰਗੀਆਂ) ਪਿੰਡਾਂ ਦੇ ਬੰਨੇ ਲੱਗਦੇ ਸਨ। ਸ੍ਰੀ ਸ਼ੁਸ਼ੀਲ ਕੁਮਾਰ ਤਹਿਸੀਲਦਾਰ ਦੇ ਪਰਿਵਾਰ ਨੂੰ ਪਹਿਲਾਂ ਕੈਲੜ ਵਿੱਚੋਂ ਉਜੜ ਕੇ ਸ਼ਾਹਪੁਰ ਵੱਸਣਾ ਪਿਆ ਅਤੇ ਮਗਰੋਂ ਇਹ ਪਿੰਡ ਵੀ ਛੱਡਣਾ ਪਿਆ। ਇਸ ਪਿੰਡ ਦੇ ਸ੍ਰ. ਬਹਾਲ ਸਿੰਘ ਅਤੇ ਸ੍ ਗੁਲਜ਼ਾਰ ਸਿੰਘ ਟਰਾਂਸਪੋਰਟ ਦਾ ਕਾਰੋਬਾਰ ਕਰ ਰਹੇ ਹਨ। ਇਸ ਪਿੰਡ ਦੇ ਸ੍ਰ. ਲੱਖਾ ਸਿੰਘ ਦੂਜੀ ਵਰਲਡ ਵਾਰ ਦੌਰਾਨ 7 ਸਾਲ ਜਰਮਨ ਅੰਦਰ ਘੇਰੇ ਵਿੱਚ ਰਹਿ ਕੇ ਸਵਿਟਜ਼ਰਲੈਂਡ ਰਾਹੀਂ ਵਾਪਿਸ ਆਏ। ਸੂਬੇਦਾਰ ਹਜਾਰਾ ਸਿੰਘ, ਸਰਦਾਰਾ ਸਿੰਘ, ਬਚਨ ਸਿੰਘ ਲੰਬੜਦਾਰ, ਬਖਤਾਵਰ ਸਿੰਘ, ਲਛਮਣ ਸਿੰਘ, ਧਰਮ ਸਿੰਘ, ਸਰੂਪ ਸਿੰਘ, ਗੁਰਨਾਮ ਸਿੰਘ, ਮੁਖਤਿਆਰ ਸਿੰਘ, ਗੁਰਦਿਆਲ ਸਿੰਘ, ਸੰਤ ਸਿੰਘ, ਭਾਈ ਭੂਰੀਆ, ਸੋਹਣ ਸਿੋੰਘ, ਹੌਲਦਾਰ ਸ਼ਮਸ਼ੇਰ ਸਿੰਘ ਅਤੇ ਜੈਮਲ ਸਿਘ ਇਸ ਪਿੰਡ ਦੇ ਮੋਹਤਬਰ ਸਨ। ਪਿੰਡ ਵਾਸੀਆਂ ਨੇ ਬੜਾ ਜੋਰ ਲਾਇਆ ਕਿ ਪਿੰਡ ਨਾ ਉਜੜੇ ਪਰ ਸਮੇਂ ਦੇ ਹਾਕਮਾਂ ਨੇ ਉਹਨਾਂ ਦੀ ਨਾ ਸੁਣੀ। ਪਿੰਡ ਵਾਸੀਆਂ ਨੂੰ 3104 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇ ਕੇ ਉਜਾੜ ਦਿੱਤਾ ਗਿਆ। ਇਸ ਪਿੰਡ ਦੇ ਲੋਕ ਖੇੜਾ ਮਾਣਕਪੁਰ, ਚਡਿਆਲਾ ਸੂਦਾਂ, ਅਲੀਪੁਰ (ਹਰਿਆਣਾ), ਫਤਿਹਪੁਰ ਡੇਰਾਬਸੀ, ਰਾਏਵਾਲੀ (ਹਰਿਆਣਾ), ਤਿਊੜ, ਤੋਗਾਂ, ਧਨੌੜਾਂ ਅਤੇ ਦੈੜੀ ਆਦਿ ਪਿੰਡਾਂ ਵਿੱਚ ਰਹਿੰਦੇ ਹਨ।

*ਚੰਡੀਗੜ੍ਹ ਲਈ ਕੁਰਬਾਨ ਹੋ ਚੁੱਕੇ ਪਿੰਡ ਸ਼ਾਹਪੁਰ ਦੀ ਯਾਦ ਵਿੱਚ ਚੰਡੀਗੜ ਪ੍ਰਸ਼ਾਸ਼ਨ ਨੂੰ ਸੈਕਟਰ 24-25-37-38 ਵਾਲੇ ਗੋਲ ਚੌਂਕ ਨਾਮ ਸ਼ਾਹਪੁਰ ਚੌਂਕ ਅਤੇ ਸੈਕਟਰ 37-38 ਨੂੰ ਵੰਡਦੀ ਸੜਕ ਦਾ ਨਾਮ ਸ਼ਾਹਪੁਰ ਰੋਡ ਰੱਖਣ ਬਾਰੇ ਫੈਸਲਾ ਲੋਕ ਹਿੱਤ ਵਿੱਚ ਲੈਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਪਿੰਡ ਬਾਰੇ ਜਾਣਕਾਰੀ ਮਿਲਦੀ ਰਹੇ।

- Advertisement -

ਲੇਖਕ: ਮਲਕੀਤ ਸਿੰਘ ਔਜਲਾ, ਪਿੰਡ ਮੁੱਲਾਂਪੁਰ ਗਰੀਬਦਾਸ, ਨੇੜੇ ਚੰਡੀਗੜ੍ਹ, ਸੰਪਰਕ: 9914992424

Share this Article
Leave a comment