ਵੈਟੀਕਨ ਸਿਟੀ: ਵੈਟੀਕਨ ਸਿਟੀ ਵਿਖੇ ਵਾਤਾਵਰਣ ਨਾਲ ਸਬੰਧਤ ਇਕੱਤਰਤਾ ‘ਚ ਦੁਨੀਆਂ ਦੇ ਹਰ ਧਰਮ ਨਾਲ ਸਬੰਧਤ ਨੁਮਾਇੰਦੇ ਸ਼ਾਮਲ ਹੋਏ ਅਤੇ ਸਿੱਖ ਭਾਈਚਾਰੇ ਵਲੋਂ ਵੀ ਨੁਮਾਇੰਦਗੀ ਕੀਤੀ ਗਈ। ਇਕੱਤਰਤਾ ‘ਚ 40 ਤੋਂ ਵੱਧ ਧਾਰਮਿਕ ਸ਼ਖਸੀਅਤਾਂ ਨੇ ਸ਼ਮੂਲੀਅਤ ਕਰਦਿਆਂ ਸੰਯੁਕਤ ਰਾਸ਼ਟਰ ਦੀ ਕਲਾਈਮੇਟ ਕਾਨਫ਼ਰੰਸ ਦੌਰਾਨ ਧਰਤੀ ਨੂੰ ਬਚਾਉਣ ਦਾ ਉਪਰਾਲਾ ਕਰਨ ਵਾਲੇ ਫ਼ੈਸਲੇ ਲੈਣ ਦੀ ਵਕਾਲਤ ਕੀਤੀ।
ਪੌਪ ਫਰਾਂਸਿਸ ਵਲੋਂ ਧਰਮ ਅਤੇ ਵਿਗਿਆਨ ਕਲਾਈਮੇਟ ਕਾਨਫਰੰਸ ਲਈ ਇਕੱਤਰਤਾ ਸੱਦੀ ਗਈ ਸੀ ਜਿਸ ਵਿੱਚ ਇਸਲਾਮ ਯਹੂਦੀ, ਹਿੰਦੂ, ਬੁੱਧ, ਜੈਨ ਅਤੇ ਸਿੱਖ ਧਰਮ ਦੇ ਆਗੂ ਸ਼ਾਮਲ ਹੋਏ ਅਤੇ ਗਲਾਸਗੋਅ ਵਿਖੇ 31 ਅਕਤੂਬਰ ਤੋਂ 12 ਨਵੰਬਰ ਤੱਕ ਹੋ ਰਹੀ ਕਲਾਈਮੇਟ ਕਾਨਫਰੰਸ ਤੋਂ ਪਹਿਲਾਂ ਆਪਣੀ ਆਵਾਜ਼ ਬੁਲੰਦ ਕਰਦਿਆਂ ਸਾਰੇ ਸਿਆਸੀ ਲੀਡਰਾਂ ਨੂੰ ਸਹੀ ਫ਼ੈਸਲੇ ਲੈਣ ਦਾ ਸੱਦਾ ਦਿਤਾ।
ਮਾਹਰਾਂ ਮੁਤਾਬਕ ਯੂਨਾਈਟਿਡ ਨੇਸ਼ਨਜ਼ ਦੀ ਕਲਾਈਮੇਟ ਕਾਨਫਰੰਸ ਧਰਤੀ ਦੇ ਵਿਗੜਦੇ ਵਾਤਾਵਰਨ ਦੇ ਚਲਦਿਆਂ ਉਮੀਦ ਦੀ ਆਖਰੀ ਕਿਰਨ ਹੈ। ਸੰਸਾਰ ਦੇ ਵੱਖ-ਵੱਖ ਹਿੱਸਿਆਂ ਚੋਂ ਆਏ ਧਾਰਮਿਕ ਆਗੂਆਂ ਨੇ ਅਪੀਲ ਕੀਤੀ ਕਿ ਇਸ ਮੌਕੇ ਵਾਤਾਵਰਨ ਸੁਧਾਰ ਲਈ ਫੈਸਲਾਕੁੰਨ ਕਦਮ ਤੁਰੰਤ ਚੁੱਕੇ ਜਾਣ।
ਇਸ ਮੌਕੇ ਅਮਰੀਕਾ ਤੋਂ ਈਕੋਸਿੱਖ ਦੇ ਚੇਅਰਮੈਨ ਡਾ: ਰਾਜਵੰਤ ਸਿੰਘ ਨੇ ਸਿੱਖਾਂ ਦੀ ਨੁਮਇੰਦਗੀ ਕਰਦਿਆਂ ਦੱਸਿਆ ਕਿ ਵਾਤਾਵਰਣ ‘ਚ ਵਿਗਾੜ ਮਨੁੱਖਤਾ ਦੀ ਸਾਂਝੀ ਚਿੰਤਾ ਹੈ, ਇਸਦੇ ਦੇ ਪ੍ਰਭਾਵ ਸਭ ਲਈ ਇੱਕੋ ਜਿਹੇ ਹੋਣਗੇ, ਇਹ ਸਾਰਿਆਂ ਹੀ ਮੁਲਕਾਂ ਲਈ ਵੀ ਬਰਾਬਰ ਦੀ ਚੁਣੌਤੀ ਹੈ।
ਈਕੋਸਿੱਖ ਦੇ ਚੇਅਰਮੈਨ ਡਾ. ਰਾਜਵੰਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ ਦੀ ਸੰਸਥਾ ਹੁਣ ਤੱਕ ਕੁੱਲ 365 ਗੁਰੂ ਨਾਨਕ ਪਵਿੱਤਰ ਜੰਗਲ ਲਗਾ ਜਾ ਚੁੱਕੀ ਹੈ । ਉਹਨਾਂ ਦੱਸਿਆ ਇਸ ਮੌਕੇ ਪੋਪ ਫਰਾਂਸਿਸ ਨੇ ਕਿਹਾ ਕਿ ਧਰਤੀ ਤੇ ਵਾਤਾਵਰਣ ‘ਚ ਦਿਨੋਂ-ਦਿਨ ਆ ਰਹੇ ਵੱਡੇ ਬਦਲਾਵਾਂ ਦੇ ਚਲਦਿਆਂ ਗਲਾਸਗੋਅ ਦੀ ਕਾਨਫਰੰਸ ਬਹੁਤ ਮਹੱਤਵਪੂਰਨ ਹੈ, ਸਾਨੂੰ ਇਸ ਮੌਕੇ ਅਗਲੀ ਪੀੜ੍ਹੀਆਂ ਲਈ ਵੱਡੇ ਕਦਮ ਚੁੱਕਣੇ ਪੈਣਗੇ।
EcoSikh represented Sikhs in a gathering of 40 world religious leaders in the Vatican on the global climate crisis.
Follow the story on our website: https://t.co/6ID9RDCXXx#EcoSikh #Vatican #COP26 #Unitednations #Pop pic.twitter.com/xaNt3XQIoS
— EcoSikh (@ecosikh) October 7, 2021
ਈਕਸਿੱਖ ਨਾਂ ਦੀ ਸੰਸਥਾ ਪਿਛਲੇ ਇੱਕ ਦਹਾਕੇ ਤੋਂ ਵੱਧ ਦੇ ਸਮੇਂ ਤੋਂ ਪੰਜਾਬ, ਭਾਰਤ ਅਤੇ ਉੱਤਰੀ ਅਮਰੀਕਾ ਵਿੱਚ ਵਾਤਾਵਰਨ ਸੰਭਾਲ ਲਈ ਕਾਰਜ ਕਰ ਰਹੀ ਹੈ।